ਚੰਡੀਗੜ੍ਹ (ਰਮਨਜੀਤ) : ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਭਗਵੰਤ ਮਾਨ ਨੇ ਭਾਰਤੀ ਜਨਤਾ ਪਾਰਟੀ ਦੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਨਵੀਂ ਪਾਰਟੀ ‘ਪੰਜਾਬ ਲੋਕ ਕਾਂਗਰਸ ਪਾਰਟੀ’ ਦੇ ਸੰਭਾਵੀ ਗਠਜੋੜ ’ਤੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ। ਸੰਸਦ ਮੈਂਬਰ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਦੇ ਕਿਸਾਨਾਂ ਨੂੰ ਤਬਾਹ ਕਰਨ ਵਾਲੀ ਭਾਜਪਾ ਦੇ ਨਾਲ ਗਠਜੋੜ ਕਰਕੇ ਕੈਪਟਨ ਨੇ ਪੰਜਾਬੀਆਂ ਦੀ ਪਿੱਠ ’ਚ ਛੁਰਾ ਮਾਰਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀ ਪਿੱਠ ’ਚ ਛੁਰਾ ਮਾਰਨ ਵਾਲਿਆਂ ਨੂੰ ਪੰਜਾਬੀ ਕਦੇ ਮੁਆਫ਼ ਨਹੀਂ ਕਰਨਗੇ। ਮਾਨ ਨੇ ਇਕ ਬਿਆਨ ਜਾਰੀ ਕਰਕੇ ਕੈਪਟਨ ਤੇ ਭਾਜਪਾ ਦੇ ਗਠਜੋੜ ’ਤੇ ਨਿਸ਼ਾਨਾ ਵਿੰਨ੍ਹਦਿਆਂ ਕਿਹਾ ਕਿ ਭਾਵੇਂ ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਪਾਰਟੀ ਦਾ ਨਾਂ ਪੰਜਾਬ ਲੋਕ ਕਾਂਗਰਸ ਪਾਰਟੀ ਰੱਖਿਆ ਹੈ ਪਰ ਨਾ ਤਾਂ ਕੈਪਟਨ ਨਾਲ ਪੰਜਾਬ ਹੈ, ਨਾ ਪੰਜਾਬ ਦੀ ਜਨਤਾ ਤੇ ਨਾ ਹੀ ਕਾਂਗਰਸ ਪਾਰਟੀ। ਕੈਪਟਨ ਤੇ ਭਾਜਪਾ ਦਾ ਅਣਐਲਾਨਿਆ ਗਠਜੋੜ ਬਿੱਲੀ ਦੀ ਤਰ੍ਹਾਂ ਥੈਲੋ ਤੋਂ ਬਾਹਰ ਆ ਗਿਆ ਹੈ। ਕੈਪਟਨ ਮੁੱਖ ਮੰਤਰੀ ਹੁੰਦਿਆਂ ਭਾਜਪਾ ਦੀ ‘ਬੀ’ ਟੀਮ ਵਜੋਂ ਕੰਮ ਕਰ ਰਹੇ ਸਨ। ‘ਆਪ’ ਸ਼ੁਰੂ ਤੋਂ ਕਹਿੰਦੀ ਆ ਰਹੀ ਹੈ ਸੀ ਕਿ ਕੈਪਟਨ ਅਤੇ ਭਾਜਪਾ ਆਪਸ ਰਲ਼ੇ ਹੋਏ ਹਨ। ਇਹ ਗਠਜੋੜ ਸਪੱਸ਼ਟ ਸੰਕੇਤ ਹੈ ਕਿ ਹੁਣ ਪੰਜਾਬ ਦੇ ਲੋਕਾਂ ਨੂੰ ਹੋਰ ਵੀ ਚੌਕਸ ਰਹਿਣ ਦੀ ਲੋੜ ਹੈ।
ਇਹ ਵੀ ਪੜ੍ਹੋ : ਹਲਕਾ ਭਦੌੜ ’ਚ ਸੁਖਬੀਰ ਬਾਦਲ ਦੀ ਹੋਈ ਰੈਲੀ ਨੇ ਛੇੜੇ ਨਵੇਂ ਚਰਚੇ
ਮਾਨ ਨੇ ਕਿਹਾ ਕਿ ਕੈਪਟਨ ਨੇ ਸਾਢੇ ਚਾਰ ਸਾਲ ਤੱਖ ਮੁੱਖ ਮੰਤਰੀ ਰਹਿੰਦਿਆਂ ਪੰਜਾਬ ਦੀ ਜਨਤਾ ਲਈ ਕੁੱਝ ਨਹੀਂ ਕੀਤਾ ਅਤੇ ਨਾ ਹੀ ਉਨ੍ਹਾਂ ਆਪਣੇ ਇਕ ਚੋਣਾਵੀ ਵਾਅਦੇ ਨੂੰ ਪੂਰਾ ਕੀਤਾ। ਲੋਕਾਂ ਨੂੰ ਧੋਖਾ ਦੇ ਕੇ ਦਿੰਦਿਆਂ ਕੈਪਟਨ ਨੇ ਸੱਤਾ ’ਚ ਰਹਿੰਦਿਆਂ ਪੰਜਾਬ ਨੂੰ ਲੁੱਟਣ ਤੇ ਕੁੱਟਣ ਵਾਲੇ ਬਾਦਲ ਪਰਿਵਾਰ ਦੀ ਹੀ ਰੱਖਿਆ ਕੀਤੀ। ਪੰਜਾਬ ਦੇ ਲੋਕ ਕੈਪਟਨ ਦੇ ਨਾਲ-ਨਾਲ ਕਾਂਗਰਸ ਪਾਰਟੀ ਤੋਂ ਵੀ ਜਵਾਬ ਮੰਗ ਰਹੇ ਹਨ। ਭਗਵੰਤ ਮਾਨ ਨੇ ਭਾਰਤੀ ਜਨਤਾ ਪਾਰਟੀ ’ਤੇ ਹਮਲਾ ਬੋਲਦਿਆਂ ਕਿਹਾ ਕਿ ਪੰਜਾਬ ’ਚ ਬੀ.ਜੇ.ਪੀ. ਦਾ ਜ਼ੀਰੋ ਗਰਾਊਂਡ ਹੈ। ਭਾਜਪਾ ਖੇਤੀ ਕਾਨੂੰਨਾਂ ਦੇ ਕਾਰਨ ਪੰਜਾਬ ਹੀ ਨਹੀਂ ਬਲਕਿ ਦੇਸ਼ਭਰ ’ਚ ਨਫ਼ਰਤ ਦਾ ਪਾਤਰ ਬਣ ਗਈ ਹੈ। ਮਾਨ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ (ਯੂਨਾਈਟਡ) ਦੇ ਨੇਤਾਵਾਂ ਨੂੰ ਵੀ ਭਾਜਪਾ ਦੇ ਨਾਲ ਗਠਜੋੜ ਸਬੰਧੀ ਆਪਣੀ ਸਥਿਤੀ ਸਪੱਸ਼ਟ ਕਰਨੀ ਚਾਹੀਦੀ ਹੈ ਕਿ ਉਹ ਪੰਜਾਬ ਦੇ ਨਾਲ ਹਨ ਜਾਂ ਭਾਜਪਾ ਨਾਲ।
ਇਹ ਵੀ ਪੜ੍ਹੋ : ਜਿਸ ਮੁੱਖ ਮੰਤਰੀ ’ਤੇ ਰੇਤ, ਬੱਜ਼ਰੀ ਮਾਫ਼ੀਆ ਦੇ ਦੋਸ਼ ਲੱਗਦੇ ਹੋਣ, ਉੱਥੇ ਮਾਫ਼ੀਆ ਕਿਵੇਂ ਰੁਕੇਗਾ? : ਕੇਜਰੀਵਾਲ
ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ
ਪੰਜਾਬ ਦੀ ਪਿੱਠ ’ਚ ਛੁਰਾ ਮਾਰਨ ਵਾਲਿਆਂ ਨੂੰ ਕਦੇ ਮੁਆਫ਼ ਨਹੀਂ ਕਰਨਗੇ ਪੰਜਾਬੀ : ਮਾਨ
NEXT STORY