ਲਾਲੜੂ (ਗੁਰਜੀਤ) : ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਕੌਮੀ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ 'ਚ ਸੂਬੇ ਦੀ ਮੌਜੂਦਾ ਅਫ਼ਸਰਸਾਹੀ ਨੂੰ ਅਗਵਾਈ ਦੇਣ ਦੀ ਯੋਗਤਾ ਨਹੀਂ ਹੈ। ਜਿਸ ਕਾਰਨ ਲਗਾਤਾਰ ਉਨ੍ਹਾਂ ਵੱਲੋਂ ਕਿਸਾਨ ਜੱਥੇਬੰਦੀਆਂ ਨਾਲ ਮੀਟਿੰਗਾਂ 'ਚ ਕੀਤੇ ਵਾਅਦੇ ਹਰ ਵਾਰ ਵਾਅਦਾ ਖ਼ਿਲਾਫ਼ੀ ਸਾਬਤ ਹੋ ਰਹੇ ਹਨ। ਰਾਜਸੀ ਸੂਝ-ਬੂਝ ਤੋਂ ਕੋਰਾ ਹੋਣ ਕਾਰਨ ਪੰਜਾਬ ਵਰਗੀ ਸਟੇਟ ਨੂੰ ਚਲਾਉਣ ਦੀ ਸਮਝ ਨਹੀਂ ਹੈ। ਜਿਸ ਕਾਰਨ ਹਰ ਪਾਸੇ ਅਰਾਜਕਤਾ ਦਾ ਮਾਹੌਲ ਹੈ ਅਤੇ ਵੱਖ-ਵੱਖ ਜੱਥੇਬੰਦੀਆਂ ਵੱਲੋਂ ਸੂਬੇ 'ਚ ਸੰਘਰਸ਼ ਵਿੱਢੇ ਜਾ ਰਹੇ ਹਨ।ਵਿਸ਼ੇਸ਼ ਗੱਲਬਾਤ ਦੌਰਾਨ ਕੀਤਾ।
ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਆਗੂਆਂ ਸਮੇਤ ਮੁੱਖ ਮੰਤਰੀ ਭਗਵੰਤ ਮਾਨ ਨੇ ਜੋ ਚੋਣਾਂ ਵੇਲੇ ਸੂਬੇ ਦੀ ਜਨਤਾ ਨਾਲ ਜੋ ਵਾਅਦੇ ਕੀਤੇ ਸੀ , ਉਹ ਉਨ੍ਹਾਂ ਤੇ ਬਿਲਕੁਲ ਖਰੇ ਨਹੀਂ ਉਤਰ ਰਹੇ, ਕਿਸਾਨ ਅਤੇ ਮਜ਼ਦੂਰ ਜੱਥੇਬੰਦੀਆਂ ਨਾਲ ਹਰ ਵਾਰ ਮੰਗਾਂ ਮੰਨਣ ਦਾ ਵਾਅਦਾ ਕਰਕੇ ਮੁੱਕਰ ਰਹੇ ਹਨ। ਇਸ ਤੋਂ ਇਲਾਵਾ ਸੂਬੇ 'ਚ ਅਮਨ ਅਤੇ ਕਾਨੂੰਨ ਦੀ ਸਥਿਤੀ ਤਰਸਯੋਗ ਬਣੀ ਹੋਈ ਹੈ। ਇਸ ਕਾਰਨ ਪੰਜਾਬ ਦੇ ਲੋਕਾਂ ਦਾ ਖ਼ਾਸ ਕਰਕੇ ਕਿਸਾਨਾਂ ਅਤੇ ਮਜ਼ਦੂਰਾਂ ਦਾ ਮੌਜੂਦਾ ਸਰਕਾਰ ਤੋਂ ਮੋਹ ਭੰਗ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਜਿਨ੍ਹਾਂ ਨੇ ਵੀ. ਆਈ. ਪੀ. ਕਲਚਰ, ਭ੍ਰਿਸਟਾਚਾਰ ਅਤੇ ਪੰਜਾਬ ਨੂੰ ਖੁਸ਼ਹਾਲ ਕਰਨ ਦਾ ਵਾਅਦਾ ਕਰਕੇ ਸਰਕਾਰ ਬਣਾਈ ਸੀ, ਅੱਜ ਉਹ ਹਰ ਫਰੰਟ 'ਤੇ ਫੇਲ੍ਹ ਹੋ ਰਹੇ ਹਨ।
ਉਨ੍ਹਾਂ ਸਰਕਾਰ ਦੀ ਕਰੜੀ ਆਲੋਚਨਾ ਕਰਦੇ ਹੋਏ ਕਿਹਾ ਕਿ ਕਿਸਾਨਾਂ ਅਤੇ ਮਜ਼ਦੂਰਾਂ ਦੇ ਹਿੱਤਾਂ ਦੇ ਵਿਰੁੱਧ ਚੱਲਣ ਵਾਲੀ ਕੋਈ ਵੀ ਸਰਕਾਰ ਲੰਮੇ ਸਮੇਂ ਤੱਕ ਸੱਤਾ ਤੇ ਕਾਬਜ਼ ਨਹੀਂ ਰਹਿ ਸਕਦੀ। ਉਗਰਾਹਾਂ ਨੇ ਅੱਗੇ ਕਿਹਾ ਕਿ ਭਾਜਪਾ ਪੰਜਾਬ ਦੇ ਲੋਕਾਂ ਨੂੰ ਫਿਰਕਿਆਂ ਅਤੇ ਜਾਤਾਂ ਵਿੱਚ ਵੰਡ ਕੇ ਪਾੜਨ ਦਾ ਯਤਨ ਕਰ ਰਹੀ ਹੈ, ਪਰ ਪੰਜਾਬ ਦੇ ਲੋਕ ਆਪਸੀ ਭਾਈਚਾਰਕ ਸਾਂਝ ਵਿੱਚ ਵਿਸ਼ਵਾਸ ਰੱਖਦੇ ਹਨ, ਜਿਸ ਕਾਰਨ ਭਾਜਪਾ ਦੀ ਇਹ ਨੀਤੀ ਪੰਜਾਬ ਵਿੱਚ ਕਾਮਯਾਬ ਨਹੀਂ ਹੋਵੇਗੀ। ਕੇਂਦਰ ਸਰਕਾਰ ਦੀ ਸਖ਼ਤ ਨੁਕਤਾਚੀਨੀ ਕਰਦੇ ਹੋਏ ਉਨ੍ਹਾਂ ਕਿਹਾ ਕਿ ਅਮਰੀਕਾ ਵਰਗੇ ਮੁਲਕ ਨਾਲ ਜ਼ੀਰੋ ਫ਼ੀਸਦੀ ਟੈਰਿਫ ਅਤੇ ਵਪਾਰ ਕਰਨਾ ਦੇਸ਼ ਦੇ ਕਿਸਾਨਾਂ ਅਤੇ ਮਜ਼ਦੂਰਾਂ ਦੇ ਹਿੱਤਾਂ ਵਿੱਚ ਨਹੀਂ ਹੈ, ਜਦ ਕਿ ਅਮਰੀਕਾ ਨੇ ਆਪਣਾ ਟੈਰਿਫ 50 ਫ਼ੀਸਦੀ ਤੋਂ 18 ਫ਼ੀਸਦੀ ਕਰ ਲਿਆ ਹੈ। ਇਸ ਦੇ ਸਬੰਧ ਵਿੱਚ ਕੇਂਦਰ ਸਰਕਾਰ ਨੂੰ ਵੀ ਆਪਣਾ ਪੱਖ ਮਜ਼ਬੂਤੀ ਨਾਲ ਰੱਖ ਕੇ ਯੋਗ ਟੈਰਿਫ ਲਗਾਉਣਾ ਚਾਹੀਦਾ ਹੈ ਤਾਂ ਜੋ ਦੇਸ਼ ਦੇ ਕਿਸਾਨਾਂ ਅਤੇ ਮਜ਼ਦੂਰਾਂ ਦੇ ਹੱਕ ਸੁਰੱਖਿਅਤ ਰੱਖੇ ਜਾ ਸਕਣ। ਇਸ ਮੌਕੇ ਹੋਰ ਅਨੇਕਾਂ ਕਿਸਾਨ ਆਗੂ ਤੇ ਹੋਰ ਪਾਰਟੀਆਂ ਦੇ ਆਗੂ ਵੀ ਮੌਜੂਦ ਸਨ।
ਰਾਜਾ ਵੜਿੰਗ ਨੇ ਪ੍ਰਵਾਸੀ ਮਜ਼ਦੂਰਾਂ ਦੀ ਸੁਰੱਖਿਆ ’ਤੇ ਉਠਾਏ ਸਵਾਲ
NEXT STORY