ਧਨੌਲਾ, (ਰਵਿੰਦਰ)– ਪੀਣ ਵਾਲੇ ਪਾਣੀ ਦੀ ਸਪਲਾਈ ਪੂਰੀ ਨਾ ਮਿਲਣ ਅਤੇ ਟੂਟੀਆਂ ’ਚ ਆ ਰਹੇ ਗੰਧਲੇ ਪਾਣੀ ਦੀ ਸਮੱਸਿਆ ਤੋਂ ਤੰਗ ਆਏ ਲੋਕਾਂ ਨੇ ਨਗਰ ਕੌਂਸਲ ਦਫ਼ਤਰ ਸਾਹਮਣੇ ਹਾਈਵੇ ਜਾਮ ਕਰ ਕੇ ਨਾਅਰੇਬਾਜ਼ੀ ਕੀਤੀ। ਵਿਕਰਮ ਸਿੰਘ ਬੱਬੀ, ਨੀਸ਼ਾ ਕੁਮਾਰ, ਜੈਮਲ ਸਿੰਘ, ਕੌਰ ਸਿੰਘ ਭਾਜਪਾ ਆਗੂ ਮੰਗਲ ਦੇਵ ਨੇ ਕਿਹਾ ਕਿ ਪਿਛਲੇ 15-20 ਦਿਨਾਂ ਤੋਂ ਝੱਲੀਆਂ ਪੱਤੀ ਅਤੇ ਸੰਘਰ ਪੱਤੀ ਦੀਆਂ ਪਾਣੀ ਦੀਆਂ ਪਾਈਪਾਂ ਵਿਚ ਪੂਰਾ ਪਾਣੀ ਨਾ ਆਉਣ ਅਤੇ ਗੰਧਲਾ ਆਉਣ ਦੇ ਰੋਸ ਵਜੋਂ ਅੱਜ ਉਹ ਹਾਈਵੇ ਜਾਮ ਕਰ ਕੇ ਰੋਸ ਜ਼ਾਹਰ ਕਰਨ ਲਈ ਮਜਬੂਰ ਹੋਏ ਹਨ। ਅੱਧਾ ਘੰਟਾ ਲਾਏ ਜਾਮ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ।
ਨਗਰ ਕੌਂਸਲ ਦੇ ਕਾਰਜਕਾਰੀ ਪ੍ਰਧਾਨ ਰਜਿੰਦਰਪਾਲ ਸਿੰਘ ਰਾਜੀ ਨੇ ਕਿਹਾ ਕਿ ਇਹ ਲੋਕ ਸਿਰਫ ਸਿਆਸੀ ਵਿਰੋਧਤਾ ਕਾਰਨ ਹੀ ਅਜਿਹਾ ਕਰ ਰਹੇ ਹਨ। ਨਗਰ ਕੌਂਸਲ ਦੇ ਕਿਸੇ ਮੁਲਾਜ਼ਮ ਜਾਂ ਮੇਰੇ ਕੋਲ ਕੋਈ ਵੀ ਵਿਅਕਤੀ ਸਮੱਸਿਆ ਲੈ ਕੇ ਨਹੀਂ ਆਇਆ। ਸਿੱਧਾ ਹੀ ਜਾਮ ਲਾ ਦੇਣਾ ਕੋਈ ਸਹੀ ਕਦਮ ਨਹੀਂ ਹੈ। ਇਕ ਮੋਟਰ ਬਾਬਾ ਨੈਚਰਲ ਦਾਸ ਦੀ ਸਮਾਧ ਵਾਲੀ ਜ਼ਰੂਰ ਮੱਚੀ ਹੋਈ ਹੈ, ਜੋ ਕੱਲ ਤੱਕ ਠੀਕ ਹੋ ਕੇ ਪਾਣੀ ਦੀ ਸਪਲਾਈ ਦੇਣ ਯੋਗ ਹੋ ਜਾਵੇਗੀ। ਗੰਧਲਾ ਪਾਣੀ ਆਉਣ ਸਬੰਧੀ ਉਨ੍ਹਾਂ ਕਿਹਾ ਕਿ ਲੋਕਾਂ ਵੱਲੋਂ ਆਪਣੇ ਆਪ ਜੋਡ਼ੇ ਕੁਨੈਕਸ਼ਨ ਅਤੇ ਕਿਸੇ ਥਾਂ ਤੋਂ ਲੀਕੇਜ ਕਰਕੇ ਸਮੱਸਿਆ ਆ ਰਹੀ ਹੈ। ਵਾਰ-ਵਾਰ ਮੋਟਰਾਂ ਮੱਚਣ ਦੀ ਸਮੱਸਿਆ ਨੂੰ ਲੈ ਕੇ ਟਿਊਬਵੈੱਲ ਆਪ੍ਰੇਟਰਾਂ ਦੀ ਮੀਟਿੰਗ ਵੀ ਸੱਦੀ ਗਈ ਕਿਉਂਕਿ ਇਹ ਵੀ ਸ਼ਿਕਾਇਤਾਂ ਆ ਰਹੀਆਂ ਹਨ ਕਿ ਕੁਝ ਆਪ੍ਰੇਟਰ ਅੱਗੇ ਅਣਜਾਣ ਬੰਦੇ ਰੱਖ ਕੇ ਮੋਟਰ ਚਲਵਾਉਂਦੇ ਹਨ।
ਅਣਪਛਾਤੇ ਵਾਹਨ ਨੇ ਲਈ ਮੋਟਰਸਾਈਕਲ ਸਵਾਰ ਦੀ ਜਾਨ
NEXT STORY