ਅੰਮ੍ਰਿਤਸਰ (ਇੰਦਰਜੀਤ) - ਪੰਜਾਬ ਪ੍ਰਦੇਸ਼ ਵਪਾਰ ਮੰਡਲ ਦੀ ਕੋਰ ਕਮੇਟੀ ਨੇ ਅੱਜ ਇਕ ਬੈਠਕ ਕਰ ਕੇ ਵਰਤਮਾਨ ਪ੍ਰਧਾਨ ਪਿਆਰੇ ਲਾਲ ਸੇਠ ਨੂੰ ਅਗਲੇ 2 ਸਾਲਾਂ ਲਈ ਪ੍ਰਧਾਨ ਨਿਯੁਕਤ ਕੀਤਾ ਤੇ ਸਾਰੀਆਂ ਜ਼ਿਲਾ ਇਕਾਈਆਂ ਨੂੰ ਵੀ ਬਹੁਤ ਸੋਹਣੇ ਢੰਗ ਨਾਲ ਚਲਾਉਣ ਦਾ ਅਧਿਕਾਰ ਇਕ ਪ੍ਰਸਤਾਵ ਪਾਸ ਕਰ ਕੇ ਉਨ੍ਹਾਂ ਨੂੰ ਦਿੱਤਾ। ਅੰਮ੍ਰਿਤਸਰ 'ਚ ਹੋਈ ਬੈਠਕ 'ਚ ਸੈਕਟਰੀ ਸੁਨੀਲ ਮਹਿਰਾ ਤੇ ਸਮੀਰ ਜੈਨ ਨੇ ਦੱਸਿਆ ਕਿ ਜੀ. ਐੱਸ. ਟੀ. ਦੀਆਂ ਤਰੁੱਟੀਆਂ ਤੇ ਪੰਜਾਬ ਸਰਕਾਰ ਵੱਲੋਂ ਵਪਾਰੀਆਂ ਨਾਲ ਕੀਤੇ ਵਾਅਦਿਆਂ 'ਤੇ ਵੀ ਇਸ ਬੈਠਕ 'ਚ ਚਰਚਾ ਕੀਤੀ ਗਈ। ਜੀ. ਐੱਸ. ਟੀ. 'ਚ ਸਰਕਾਰ ਦਾ ਕਰ ਸੰਗ੍ਰਹਿ ਲਗਾਤਾਰ ਘੱਟ ਹੋ ਰਿਹਾ ਹੈ। ਅਕਤੂਬਰ ਮਹੀਨੇ ਦੀ ਕੁਲੈਕਸ਼ਨ ਘੱਟ ਕੇ 83 ਹਜ਼ਾਰ ਕਰੋੜ 'ਤੇ ਆ ਗਈ ਹੈ ਤੇ ਰਾਜਾਂ ਨੂੰ ਵੀ ਉਨ੍ਹਾਂ ਦੇ ਹਿੱਸੇ ਦੇ ਜੀ. ਐੱਸ. ਟੀ. ਦਾ ਭੁਗਤਾਨ ਕੇਂਦਰ ਸਰਕਾਰ ਵੱਲੋਂ ਨਹੀਂ ਦਿੱਤਾ ਜਾ ਰਿਹਾ, ਜਿਸ ਨਾਲ ਰਾਜਾਂ ਦੇ ਵਿਕਾਸ ਕੰਮ ਰੁਕ ਗਏ ਹਨ।
ਰੇਟਿੰਗ ਏਜੰਸੀ ਸੀ. ਐੱਨ. ਪੀ. ਨੇ ਵੀ ਭਾਰਤ ਦੀ ਰੇਟਿੰਗ ਨੂੰ ਬੀ. ਬੀ. ਬੀ. 'ਤੇ ਰੱਖਿਆ ਹੈ, ਜਿਸ ਨਾਲ ਸਪੱਸ਼ਟ ਹੈ ਕਿ ਜੀ. ਐੱਸ. ਟੀ. ਭਾਰਤ ਦੇ ਉਦਯੋਗਿਕ ਤੇ ਆਰਥਿਕ ਵਿਕਾਸ 'ਚ ਕੋਈ ਮਜ਼ਬੂਤ ਯੋਗਦਾਨ ਨਹੀਂ ਦੇ ਸਕਿਆ। ਲਾਲ ਫੀਤਾਸ਼ਾਹੀ ਦਾ ਕੋਹਰਾਮ ਵਪਾਰ ਤੇ ਉਦਯੋਗ ਨੂੰ ਨਿਗਲ ਰਿਹਾ ਹੈ, ਅਜਿਹੇ 'ਚ ਕੇਂਦਰ ਸਰਕਾਰ ਨੂੰ ਠੋਸ ਕਦਮ ਚੁੱਕਣੇ ਚਾਹੀਦੇ ਹਨ ਤਾਂ ਕਿ ਵਪਾਰੀਆਂ ਨੂੰ ਰਾਹਤ ਦਿੱਤੀ ਜਾ ਸਕੇ। ਇਸ ਤੋਂ ਬਾਅਦ ਮੰਡਲ ਦੇ ਅਧਿਕਾਰੀਆਂ ਨੇ ਪੰਜਾਬ ਤੇ ਕੇਂਦਰ ਸਰਕਾਰ ਨੂੰ ਵਪਾਰ ਨੂੰ ਉਤਸ਼ਾਹਿਤ ਕਰਨ ਦੀ ਅਪੀਲ ਕੀਤੀ ਤੇ ਇਸ ਸਬੰਧੀ ਇਕ ਮੰਗ ਪੱਤਰ ਰਾਜ ਸਭਾ ਮੈਂਬਰ ਸ਼ਵੇਤ ਮਲਿਕ ਤੇ ਵਿਧਾਇਕ ਓ. ਪੀ. ਸੋਨੀ ਨੂੰ ਸੌਂਪਿਆ। ਵਿਧਾਇਕ ਓ. ਪੀ. ਸੋਨੀ ਨੇ ਵਪਾਰੀਆਂ ਦੀਆਂ ਸਮੱਸਿਆਵਾਂ ਨੂੰ ਜਲਦ ਹੀ ਕੈਪਟਨ ਅਮਰਿੰਦਰ ਸਿੰਘ ਤੱਕ ਪਹੁੰਚਾਉਣ ਦਾ ਭਰੋਸਾ ਦਿੱਤਾ।
ਇਸ ਮੌਕੇ ਸਕੱਤਰ ਐੱਲ. ਆਰ. ਸੋਢੀ, ਮਹਿੰਦਰ ਅਗਰਵਾਲ, ਉਪ ਪ੍ਰਧਾਨ ਰੰਜਨ ਅਗਰਵਾਲ, ਓ. ਪੀ. ਗੁਪਤਾ, ਵਰਿੰਦਰ ਰਤਨ, ਪ੍ਰਮੋਦ ਗੁਪਤਾ ਤੇ ਲੀਗਲ ਐਡਵਾਈਜ਼ਰ ਵਿਨਮਰ ਗੁਪਤਾ ਮੌਜੂਦ ਸਨ।
ਕਾਂਗਰਸ ਤੇ ਭਾਜਪਾ ਸਰਕਾਰਾਂ ਨੇ ਸਿੱਖਾਂ 'ਤੇ ਹੋਈਆਂ ਵਧੀਕੀਆਂ ਦਾ ਕੋਈ ਜਵਾਬ ਨਹੀਂ ਦਿੱਤਾ
NEXT STORY