ਜਲੰਧਰ (ਜ. ਬ.)-ਪਟਿਆਲਾ ਦੇ ਗੁਰਦੁਆਰਾ ਦੂਖ ਨਿਵਾਰਨ ਸਾਹਿਬ ’ਚ ਕਥਿਤ ਤੌਰ ’ਤੇ ਸ਼ਰਾਬ ਪੀਣ ਦੇ ਦੋਸ਼ ’ਚ ਔਰਤ ਦਾ ਕਤਲ ਕਰਨ ਵਾਲੇ ਨਿਰਮਲਜੀਤ ਸਿੰਘ ਸੈਣੀ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐੱਸ. ਜੀ. ਪੀ. ਸੀ.) ਵੱਲੋਂ ਕਾਨੂੰਨੀ ਸਹਾਇਤਾ ਮੁਹੱਈਆ ਕਰਵਾਉਣ ਦੇ ਫ਼ੈਸਲੇ ਦਾ ਸੋਸ਼ਲ ਮੀਡੀਆ ’ਤੇ ਵਿਰੋਧ ਹੋਣਾ ਸ਼ੁਰੂ ਹੋ ਗਿਆ ਹੈ। ਇੰਡੀਅਨ ਫਾਰੇਨ ਸਰਵਿਸਿਜ਼ ਦੇ ਸੇਵਾ-ਮੁਕਤ ਅਧਿਕਾਰੀ ਅਮਰਜੀਤ ਸਿੰਘ ਨੇ ਟਵਿੱਟਰ ’ਤੇ ਇਕ ਪੋਸਟ ਪਾ ਕੇ ਇਸ ਫ਼ੈਸਲੇ ’ਤੇ ਸਵਾਲ ਚੁੱਕੇ ਹਨ।
ਇਹ ਖ਼ਬਰ ਵੀ ਪੜ੍ਹੋ : ਸੁਲਤਾਨਪੁਰ ਲੋਧੀ ’ਚ ਵੱਡੀ ਵਾਰਦਾਤ, ਔਰਤ ਨੂੰ ਤੇਜ਼ਧਾਰ ਹਥਿਆਰਾਂ ਨਾਲ ਮੌਤ ਦੇ ਘਾਟ ਉਤਾਰਿਆ
ਉਨ੍ਹਾਂ ਲਿਖਿਆ ਹੈ ਕਿ ਇਹ ਕਤਲ ਇਸ ਤੋਂ ਪਹਿਲਾਂ ਵਾਪਰੀਆਂ ਬੇਅਦਬੀ ਦੀਆਂ ਘਟਨਾਵਾਂ ਨੂੰ ਹਲਕੇ ਵਿਚ ਲੈਣ ਅਤੇ ਬੇਅਦਬੀ ਦੇ ਦੋਸ਼ੀਆਂ ਨੂੰ ਸਮੇਂ ਸਿਰ ਸਜ਼ਾ ਨਾ ਮਿਲਣ ਕਾਰਨ ਤਾਂ ਨਹੀਂ ਕੀਤਾ ਗਿਆ। ਇਕ ਪਾਸੇ ਐੱਸ. ਜੀ. ਪੀ. ਸੀ. ਉਸ ਅੰਮ੍ਰਿਤਪਾਲ ਨੂੰ ਕਾਨੂੰਨੀ ਸਹਾਇਤਾ ਮੁਹੱਈਆ ਕਰਵਾ ਰਹੀ ਹੈ, ਜਿਸ ਨੇ ਅਜਨਾਲਾ ਥਾਣੇ ’ਚ ਹਮਲਾ ਕਰਨ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਦਾ ਸਹਾਰਾ ਲਿਆ ਤੇ ਉਸ ਦੀ ਬੇਅਦਬੀ ਕੀਤੀ ਤੇ ਦੂਜੇ ਪਾਸੇ ਗੁਰਦੁਆਰਾ ਸਾਹਿਬ ’ਚ ਔਰਤ ਦਾ ਕਤਲ ਕਰਨ ਦੇ ਮੁਲਜ਼ਮ ਨੂੰ ਵੀ ਕਾਨੂੰਨੀ ਸਹਾਇਤਾ ਮੁਹੱਈਆ ਕਰਵਾਈ ਜਾ ਰਹੀ ਹੈ। ਐੱਸ. ਜੀ. ਪੀ. ਸੀ. ਇਹ ਤੈਅ ਨਹੀਂ ਕਰ ਸਕੀ ਕਿ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲਿਆਂ ਦੇ ਨਾਲ ਹੈ ਜਾਂ ਬੇਅਦਬੀ ਕਰਨ ਵਾਲਿਆਂ ਨੂੰ ਮਾਰਨ ਵਾਲਿਆਂ ਦੇ ਨਾਲ।
ਉਨ੍ਹਾਂ ਦੇ ਇਸ ਟਵੀਟ ਦੇ ਜਵਾਬ ’ਚ ਅਰਸ਼ਪ੍ਰੀਤ ਸਿੰਘ ਨੇ ਟਵੀਟ ਕਰਦਿਆਂ ਲਿਖਿਆ ਕਿ ਐੱਸ. ਜੀ. ਪੀ. ਸੀ. ਦੇ ਅਧੀਨ ਆਉਣ ਵਾਲੇ ਗੁਰਦੁਆਰਿਆਂ ਵਿਚ ਸੰਗਤਾਂ ਜੋ ਚੜ੍ਹਾਵਾ ਚੜ੍ਹਾਉਂਦੀਆਂ ਹਨ, ਉਸ ਦੀ ਵਰਤੋਂ ਐੱਸ. ਜੀ. ਪੀ. ਸੀ. ਆਪਣੇ ਸਿਆਸੀ ਏਜੰਡੇ ਲਈ ਕਰ ਰਹੀ ਹੈ। ਇਕ ਹੋਰ ਟਵਿੱਟਰ ਯੂਜ਼ਰ ਬਲਬੀਰ ਸਿੰਘ ਨੇ ਇਸ ’ਤੇ ਟਿੱਪਣੀ ਕਰਦਿਆਂ ਲਿਖਿਆ ਕਿ ਕੀ ਐੱਸ. ਜੀ. ਪੀ. ਸੀ. ਦਿਨ-ਦਿਹਾੜੇ ਕੀਤੇ ਗਏ ਕਤਲ ਨੂੰ ਸਹੀ ਠਹਿਰਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਜੇਕਰ ਇਸ ਤਰੀਕੇ ਨਾਲ ਕਤਲ ਦੇ ਮੁਲਜ਼ਮ ਨੂੰ ਸ਼ਹਿ ਦਿੱਤੀ ਜਾਂਦੀ ਹੈ ਤਾਂ ਇਸ ਤਰ੍ਹਾਂ ਦੀਆਂ ਹੋਰ ਵੀ ਵਾਰਦਾਤਾਂ ਦੇਖਣ ਨੂੰ ਮਿਲ ਸਕਦੀਆਂ ਹਨ, ਕੀ ਭਗਵੰਤ ਮਾਨ ਸਰਕਾਰ ਇਸ ਨੂੰ ਮਨਜ਼ੂਰੀ ਦੇ ਰਹੀ ਹੈ।
ਅਮਰਜੀਤ ਸਿੰਘ ਨੇ ਇਕ ਹੋਰ ਟਵੀਟ ਵਿਚ ਲਿਖਿਆ ਕਿ ਇਕ ਪਾਸੇ ਐੱਸ. ਜੀ. ਪੀ. ਸੀ. ਦੀ ਟਾਸਕ ਫੋਰਸ ਸ੍ਰੀ ਅੰਮ੍ਰਿਤਸਰ ’ਚ ਸ੍ਰੀ ਦਰਬਾਰ ਸਾਹਿਬ ਦੇ ਗਲਿਆਰੇ ’ਚ ਕੀਤੇ ਗਏ ਬੰਬ ਧਮਾਕਿਆਂ ਦੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਵਾਉਣ ’ਚ ਮਦਦ ਕਰਦੀ ਹੈ ਅਤੇ ਜਾਂਚ 'ਚ ਇਹ ਗੱਲ ਸਾਹਮਣੇ ਆਉਂਦੀ ਹੈ ਕਿ ਬਲਾਸਟ ਕਰਨ ਵਾਲਿਆਂ ਦਾ ਅੰਮ੍ਰਿਤਪਾਲ ਨਾਲ ਕੁਨੈਕਸ਼ਨ ਹੈ ਪਰ ਉਸੇ ਅੰਮ੍ਰਿਤਪਾਲ ਨੂੰ ਕਾਨੂੰਨੀ ਸਹਾਇਤਾ ਵੀ ਮੁਹੱਈਆ ਕਰਵਾਈ ਜਾਂਦੀ ਹੈ।
ਉਨ੍ਹਾਂ ਨੇ ਲਿਖਿਆ ਕਿ ਉਹ ਉਸ ਧਰਮ ਦਾ ਪੈਰੋਕਾਰ ਹੈ, ਜਿਸ ਦੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਮੱਕਾ ’ਚ ਇਕ ਕਾਜ਼ੀ ਨੂੰ ਕਿਹਾ ਸੀ ਕਿ ਉਹ ਆਪਣੇ ਪੈਰ ਉਸ ਦਿਸ਼ਾ ’ਚ ਕਰਕੇ ਦਿਖਾਏ, ਜਿਸ ਦਿਸ਼ਾ ਵਿਚ ਭਗਵਾਨ ਨਹੀਂ ਹੈ। ਦਰਅਸਲ, ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪੈਰ ਕਾਬੇ ਵੱਲ ਸਨ, ਜਿਸ ’ਤੇ ਕਾਜ਼ੀ ਨੇ ਉਨ੍ਹਾਂ ਨੂੰ ਉਸ ਪਾਸੇ ਪੈਰ ਕਰਨ ਤੋਂ ਮਨ੍ਹਾ ਕੀਤਾ ਸੀ। ਅਮਰਜੀਤ ਸਿੰਘ ਨੇ ਲਿਖਿਆ ਕਿ ਸਿੱਖ ਧਰਮ ਨੇ ਕਿੱਥੋਂ ਸ਼ੁਰੂਆਤ ਕੀਤੀ ਸੀ ਅਤੇ ਅਸੀਂ ਕਿੱਥੇ ਆ ਗਏ ਹਾਂ। ਮੈਂ ਗੁਰਦੁਆਰਾ ਸਾਹਿਬ ਵਿਚ ਬੈਠ ਕੇ ਸ਼ਰਾਬ ਪੀਣ ਵਾਲੀ ਔਰਤ ਦਾ ਕਿਸੇ ਹਾਲ ’ਚ ਸਮਰਥਨ ਨਹੀਂ ਕਰ ਸਕਦਾ ਪਰ ਉਸ ਦੇ ਕਤਲ ਨੂੰ ਵੀ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ।
ਸੁਲਤਾਨਪੁਰ ਲੋਧੀ ’ਚ ਵੱਡੀ ਵਾਰਦਾਤ, ਔਰਤ ਨੂੰ ਤੇਜ਼ਧਾਰ ਹਥਿਆਰਾਂ ਨਾਲ ਮੌਤ ਦੇ ਘਾਟ ਉਤਾਰਿਆ
NEXT STORY