ਕਪੂਰਥਲਾ, (ਜ. ਬ.)- ਸ਼ਿਵ ਸੈਨਾ (ਬਾਲ ਠਾਕਰੇ) ਦੇ ਇਕ ਜਥੇ ਵੱਲੋਂ ਸ਼ਿਵ ਸੈਨਾ ਆਗੂ ਰਜਿੰਦਰ ਵਰਮਾ, ਸੁਨੀਲ ਸਹਿਗਲ, ਧਰਮਿੰਦਰ ਕਾਕਾ, ਇੰਦਰਪਾਲ, ਮਨੂੰ ਪੁਰੀ, ਪਿੰਟਾ ਪਹਿਲਵਾਨ ਤੇ ਸਚਿਨ ਬਹਿਲ ਦੀ ਅਗਵਾਈ ’ਚ ਕਾਂਗਰਸ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਵੱਲੋਂ 1984 ’ਚ ਦਿੱਲੀ ’ਚ ਹੋਏ ਸਿੱਖ ਵਿਰੋਧੀ ਦੰਗਿਆਂ ਦੇ ਮਾਮਲੇ ’ਚ ਕਾਂਗਰਸ ਨੂੰ ਕਲੀਨ ਚਿੱਟ ਦੇਣ ਤੇ ਸ਼੍ਰੋਮਣੀ ਅਕਾਲੀ ਦਲ (ਬ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਇਕ ਪਾਸੇ ਸਿੱਖ ਵਿਰੋਧੀ ਦੰਗਿਆਂ ਦੇ ਦੋਸ਼ੀਆਂ ਨੂੰ ਸਜ਼ਾ ਦੇਣ ਦੀ ਮੰਗ ਕਰਨਾ ਤੇ ਉੱਥੇ ਹੀ ਪੰਜਾਬ ’ਚ ਅੱਤਵਾਦ ਫੈਲਾਉਣ ਤੇ ਹਜ਼ਾਰਾਂ ਨਿਰਦੋਸ਼ ਲੋਕਾਂ ਖਾਸਕਰ ਹਿੰਦੂਆਂ ਨੂੰ ਚੁਣ-ਚੁਣ ਕੇ ਮੌਤ ਦੇ ਘਾਟ ਉਤਾਰਨ ਵਾਲੇ ਅੱਤਵਾਦੀਆਂ ਨੂੰ ਸਜ਼ਾ ਦੇਣ ਦੀ ਮੰਗ ਨਾ ਕਰਨ ਦੇ ਰੋਸ ’ਚ ਸ਼੍ਰੀ ਸੱਤ ਨਾਰਾਇਣ ਮੰਦਿਰ ਚੌਕ ’ਚ ਕਾਂਗਰਸ ਤੇ ਸ਼੍ਰੋਮਣੀ ਅਕਾਲੀ ਦਲ (ਬ) ਦੇ ਵਿਰੁੱਧ ਜ਼ੋਰਦਾਰ ਰੋਸ ਮੁਜ਼ਾਹਰਾ ਕੀਤਾ ਗਿਆ।
ਇਸ ਦੌਰਾਨ ਸ਼ਿਵ ਸੈਨਿਕਾਂ ਵੱਲੋਂ ਰਾਹੁਲ ਗਾਂਧੀ ਤੇ ਸੁਖਬੀਰ ਸਿੰਘ ਬਾਦਲ ਦੀਆਂ ਤਸਵੀਰਾਂ ’ਤੇ ‘ਬਲੈਕ ਕਰਾਸ’ ਲਗਾ ਕੇ ਉਸਨੂੰ ਚੁਰਾਹੇ ’ਚ ਰੱਖ ਕੇ ਪੰਜਾਬ ’ਚ ਹਿੰਦੂਆਂ ਤੇ ਦਿੱਲੀ ’ਚ ਸਿੱਖਾਂ ਦੇ ਕਾਤਲਾਂ ਦੇ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਸ਼ਿਵ ਸੈਨਾ (ਬਾਲ ਠਾਕਰੇ) ਪੰਜਾਬ ਦੇ ਸੀਨੀਅਰ ਆਗੂ ਜਗਦੀਸ਼ ਕਟਾਰੀਆ ਨੇ ਕਿਹਾ ਕਿ ਨਿਰਦੋਸ਼ ਲੋਕਾਂ ਨੂੰ ਮੌਤ ਦੇ ਘਾਟ ਉਤਾਰਨ, ਦੇਸ਼ ਦੀ ਏਕਤਾ, ਅਖੰਡਤਾ, ਅਮਨ-ਸ਼ਾਂਤੀ ਤੇ ਹਿੰਦੂ-ਸਿੱਖਾਂ ਦੇ ਆਪਸੀ ਭਾਈਚਾਰੇ ’ਚ ਜ਼ਹਿਰ ਘੋਲਣ ਦਾ ਘਿਣਾਉਣਾ ਕੰਮ ਖੂਨੀ ਦਰਿੰਦੇ ਤੇ ਦੇਸ਼ ਦੇ ਗੱਦਾਰ ਹੀ ਕਰ ਸਕਦੇ ਹਨ। ਉਨ੍ਹਾਂ ਪੰਜਾਬ ਦੇ ਅੱਤਵਾਦ ਪੀੜਤਾਂ ਤੇ 1984 ਦੇ ਸਿੱਖ ਵਿਰੋਧੀ ਦੰਗਾ ਪੀਡ਼ਤਾਂ ਦੇ ਜ਼ਖ਼ਮਾਂ ’ਤੇ ਦਰਦ ਨੂੰ ਇਕੋ ਜਿਹਾ ਕਰਾਰ ਦਿੰਦੇ ਹੋਏ ਕਿਹਾ ਕਿ ਰਾਹੁਲ ਗਾਂਧੀ ਤੇ ਸੁਖਬੀਰ ਸਿੰਘ ਬਾਦਲ ਨੂੰ ਨਿਜੀ ਸੁਆਰਥਾਂ ਨੂੰ ਤੁਰੰਤ ਤਿਆਗ ਕੇ ਦਿੱਲੀ ਦੇ ਸਿੱਖ ਵਿਰੋਧੀ ਦੰਗਿਆਂ ਤੇ ਪੰਜਾਬ ’ਚ ਅੱਤਵਾਦ ਫੈਲਾਉਣ ਵਾਲਿਅਾਂ ਨੂੰ ਬੇਨਕਾਬ ਕਰ ਕੇ ਉਨ੍ਹਾਂ ਨੂੰ ਸਖਤ ਸਜ਼ਾ ਦਿਵਾਉਣ ਲਈ ਖੁੱਲ੍ਹ ਕੇ ਸਾਹਮਣੇ ਆਉਣਾ ਚਾਹੀਦਾ ਹੈ। ਕਿਸੇ ਨੂੰ ਵੀ ਨਿਰਦੋਸ਼ਾਂ ਦੀਆਂ ਹੱਤਿਆਵਾਂ ’ਤੇ ਸਿਆਸੀ ਖੇਡ ਖੇਡਣ ਤੋਂ ਰੂਹ ਦੀਆਂ ਡੂੰਘਾਈਆਂ ਤੋਂ ਬਚਣਾ ਚਾਹੀਦੈ।
ਉਨ੍ਹਾਂ ਕਿਹਾ ਕਿ ਕੇਂਦਰ ’ਚ ਸੱਤਾ ’ਤੇ ਬੈਠੀ ਤੇ ਪੰਜਾਬ ’ਚ ਸ਼੍ਰੋਮਣੀ ਅਕਾਲੀ ਦਲ (ਬ) ਦੇ ਨਾਲ ਪ੍ਰਮੁੱਖ ਭਾਈਵਾਲ ਭਾਜਪਾ ਨੂੰ ਸਿੱਖ ਵਿਰੋਧੀ ਦੰਗਿਆਂ ਦੇ ਦੋਸ਼ੀਆਂ ਨੂੰ ਸਜ਼ਾ ਦੇਣ ਦੀ ਮੰਗ ਕਰਨ ਦੇ ਨਾਲ ਪੰਜਾਬ ’ਚ ਅੱਤਵਾਦ ਪੀੜਤ ਪਰਿਵਾਰਾਂ ਨੂੰ ਨਿਆਂ ਦੁਆਉਣ ਦੇ ਲਈ ਵੀ ਤੁਰੰਤ ਪਾਰਦਰਸ਼ੀ ਤੇ ਪ੍ਰਭਾਵਸ਼ਾਲੀ ਕਦਮ ਚੁੱਕਣੇ ਚਾਹੀਦੇ ਹਨ। ਉਨ੍ਹਾਂ ਚਿਤਾਵਨੀ ਭਰੇ ਸ਼ਬਦਾਂ ’ਚ ਕਿਹਾ ਕਿ ਨਿਰਦੋਸ਼ਾਂ ਦੀਆਂ ਹੱਤਿਆਵਾਂ ਨੂੰ ‘ਸਿਆਸੀ ਐਨਕ’ ਨਾਲ ਦੇਖਣ ਵਾਲੇ ਬਾਜ਼ ਆਉਣ। ਜਗਦੀਸ਼ ਕਟਾਰੀਆ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਪੰਜਾਬ ਦੇ ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਤੋਂ ਮੰਗ ਕੀਤੀ ਹੈ ਕਿ ਨਿਰਦੋਸ਼ਾਂ ਦੀ ਮੌਤ ਦੇ ਸੌਦਾਗਰਾਂ ਤੇ ਦੇਸ਼ ਦੇ ਦੁਸ਼ਮਣਾਂ ਨੂੰ ਕਿਸੇ ਵੀ ਕੀਮਤ ’ਤੇ ਬਖਸ਼ਿਆ ਨਾ ਜਾਵੇ।
ਇਸ ਮੌਕੇ ਸ਼ਿਵ ਸੈਨਾ ਆਗੂ ਲਵਲੇਸ਼ ਢੀਂਗਰਾ, ਬਲਵੀਰ (ਡੀ. ਸੀ.), ਸੁਰੇਸ਼ ਪਾਲੀ, ਮੁਨੀ ਲਾਲ ਕਨੌਜੀਆ, ਦੀਪਕ ਵਿਗ, ਰਾਜੇਸ਼ ਕਨੌਜੀਆ (ਸ਼ੇਖੂਪੁਰ), ਮੁਕੇਸ਼ ਕਸ਼ਯਪ, ਕਰਨ ਜੰਗੀ, ਦੀਵਾਨ ਚੰਦ ਕਨੌਜੀਆ, ਅਸ਼ੋਕ ਭਗਤ, ਕੌਡੇ ਸ਼ਾਹ, ਰਿੰਕੂ ਭੰਡਾਰੀ, ਲੱਬੀ, ਸੰਜੈ ਵਿਗ, ਮਿੰਟੂ ਗੁਪਤਾ, ਹਰਦੇਵ ਰਾਜਪੂਤ, ਤੋਹਿਤ ਖਾਨ, ਰੋਬਿਨ ਪੰਡਿਤ, ਰਾਜੇਸ਼ ਭਾਰਗਵ, ਬਬਲੂ ਕਨੌਜੀਆ, ਦੀਪਕ ਲੱਕੀ, ਸ਼ੁਭਮ ਸ਼ਰਮਾ, ਅੰਕੁਰ ਜਲੋਟਾ, ਮਿੰਟੂ ਵਰਮਾ, ਸੰਜੈ ਥਾਪਰ, ਪਾਰਸ ਚੋਪਡ਼ਾ, ਸਿਮਰਨ, ਗੋਰਾ, ਬਲਦੇਵ, ਲੱਕੀ ਆਦਿ ਹਾਜ਼ਰ ਸਨ।
ਮਿਲਾਵਟਖੋਰਾਂ ਖਿਲਾਫ ਸਿਹਤ ਮਹਿਕਮੇ ਨੇ ਕੱਸਿਆ ਸ਼ਿਕੰਜਾ
NEXT STORY