ਨਵੀਂ ਦਿੱਲੀ- ਦਿੱਲੀ ਦੀ ਇਕ ਅਦਾਲਤ ਨੇ ਮੰਗਲਵਾਰ ਨੂੰ ਨੈਸ਼ਨਲ ਹੇਰਾਲਡ ਮਨੀ ਲਾਂਡਰਿੰਗ ਮਾਮਲੇ 'ਚ ਕਾਂਗਰਸ ਸੰਸਦ ਮੈਂਬਰ ਰਾਹੁਲ ਗਾਂਧੀ, ਸੋਨੀਆ ਗਾਂਧੀ ਅਤੇ ਹੋਰ ਪੰਜ ਲੋਕਾਂ ਖ਼ਿਲਾਫ਼ ਨੋਟਿਸ ਲੈਣ ਤੋਂ ਇਨਕਾਰ ਕਰ ਦਿੱਤਾ। ਇਸ ਦੇ ਨਾਲ ਹੀ ਅਦਾਲਤ ਨੇ ਇਨਫੋਰਸਮੈਂਟ ਡਾਇਰੈਕਟੋਰੇਟ (ED) ਵੱਲੋਂ ਦਰਜ ਕੀਤੀ ਗਈ ਸ਼ਿਕਾਇਤ ਨੂੰ ਵੀ ਖ਼ਾਰਜ ਕਰ ਦਿੱਤਾ। ਰਾਊਜ਼ ਐਵੇਨਿਊ ਕੋਰਟ ਦੇ ਸਪੈਸ਼ਲ ਜੱਜ (ਪੀਸੀ ਐਕਟ) ਵਿਸ਼ਾਲ ਗੋਗਨੇ ਨੇ ਆਪਣੇ ਹੁਕਮ 'ਚ ਕਿਹਾ ਕਿ ਇਹ ਮਾਮਲਾ ਕਿਸੇ FIR ‘ਤੇ ਆਧਾਰਿਤ ਨਹੀਂ ਹੈ, ਸਗੋਂ ਇਕ ਨਿੱਜੀ ਸ਼ਿਕਾਇਤ ਤੋਂ ਜੁੜਿਆ ਹੋਇਆ ਹੈ। ਇਸ ਲਈ ED ਵੱਲੋਂ ਪ੍ਰਿਵੇਂਸ਼ਨ ਆਫ ਮਨੀ ਲਾਂਡਰਿੰਗ ਐਕਟ (PMLA) ਤਹਿਤ ਦਾਇਰ ਕੀਤੀ ਗਈ ਸ਼ਿਕਾਇਤ ਕਾਨੂੰਨੀ ਤੌਰ ‘ਤੇ ਵਿਚਾਰਯੋਗ ਨਹੀਂ ਹੈ।
ਅਦਾਲਤ ਨੇ ਕਿਹਾ ਕਿ ਮਨੀ ਲਾਂਡਰਿੰਗ ਦਾ ਅਪਰਾਧ PMLA ਦੀ ਧਾਰਾ 3 ਅਧੀਨ ਪਰਿਭਾਸ਼ਿਤ ਅਤੇ ਧਾਰਾ 4 ਅਧੀਨ ਸਜ਼ਾਯੋਗ ਹੈ। ਪਰ ਜਦੋਂ ਤੱਕ ਇਹ ਮਾਮਲਾ ਐਕਟ 'ਚ ਦਰਜ ਕਿਸੇ ਮੁੱਢਲੇ ਅਪਰਾਧ (Scheduled Offence) ਨਾਲ ਨਹੀਂ ਜੁੜਦਾ ਜਾਂ ਉਸ ਸਬੰਧੀ FIR ਦਰਜ ਨਹੀਂ ਹੁੰਦੀ, ਉਦੋਂ ਤੱਕ ਇਸ ‘ਤੇ ਵਿਚਾਰ ਨਹੀਂ ਕੀਤਾ ਜਾ ਸਕਦਾ।
ED ਦੇ ਦੋਸ਼ ਕੀ ਹਨ
ED ਦਾ ਦੋਸ਼ ਹੈ ਕਿ ਨੈਸ਼ਨਲ ਹੇਰਾਲਡ ਅਖ਼ਬਾਰ ਦੀ ਪ੍ਰਕਾਸ਼ਕ ਕੰਪਨੀ ਐਸੋਸੀਏਟਿਡ ਜਰਨਲਜ਼ ਲਿਮਿਟਡ (AJL) ਦੀਆਂ 2,000 ਕਰੋੜ ਰੁਪਏ ਤੋਂ ਵੱਧ ਦੀਆਂ ਸੰਪਤੀਆਂ ‘ਤੇ ਧੋਖਾਧੜੀ ਦੇ ਜ਼ਰੀਏ ਕਬਜ਼ਾ ਕੀਤਾ ਗਿਆ। ED ਮੁਤਾਬਕ, ਇਹ ਸੰਪਤੀਆਂ ‘ਯੰਗ ਇੰਡਿਅਨ’ ਨਾਮਕ ਕੰਪਨੀ ਦੇ ਰਾਹੀਂ ਹਾਸਲ ਕੀਤੀਆਂ ਗਈਆਂ, ਜਿਸ 'ਚ ਗਾਂਧੀ ਪਰਿਵਾਰ ਦੀ ਬਹੁਮਤ ਹਿੱਸੇਦਾਰੀ ਦੱਸੀ ਜਾਂਦੀ ਹੈ।
ਨੈਸ਼ਨਲ ਹੇਰਾਲਡ ਕੇਸ ਕੀ ਹੈ
ਭਾਜਪਾ ਨੇਤਾ ਸੁਬਰਮਣੀਅਮ ਸਵਾਮੀ ਨੇ ਸਾਲ 2012 'ਚ ਦਿੱਲੀ ਦੀ ਪਟਿਆਲਾ ਹਾਊਸ ਕੋਰਟ 'ਚ ਇਕ ਅਰਜ਼ੀ ਦਾਇਰ ਕੀਤੀ ਸੀ। ਇਸ 'ਚ ਉਨ੍ਹਾਂ ਨੇ ਸੋਨੀਆ ਗਾਂਧੀ, ਰਾਹੁਲ ਗਾਂਧੀ ਸਮੇਤ ਕਾਂਗਰਸ ਦੇ ਨੇਤਾਵਾਂ ਮੋਤੀਲਾਲ ਵੋਰਾ, ਆਸਕਰ ਫਰਨਾਂਡਿਜ਼, ਸੈਮ ਪਿਤਰੋਦਾ ਅਤੇ ਸੁਮਨ ਦੁਬੇ ‘ਤੇ ਦੋਸ਼ ਲਗਾਏ ਸਨ ਕਿ ਘਾਟੇ ‘ਚ ਚੱਲ ਰਹੇ ਨੈਸ਼ਨਲ ਹੇਰਾਲਡ ਅਖ਼ਬਾਰ ਨੂੰ ਧੋਖਾਧੜੀ ਅਤੇ ਪੈਸਿਆਂ ਦੀ ਹੇਰਾਫੇਰੀ ਰਾਹੀਂ ਹੜਪ ਲਿਆ ਗਿਆ।
ਦੋਸ਼ਾਂ ਅਨੁਸਾਰ, ਨੈਸ਼ਨਲ ਹੇਰਾਲਡ ਦੀ ਸੰਪਤੀ ‘ਤੇ ਕਬਜ਼ਾ ਕਰਨ ਲਈ ‘ਯੰਗ ਇੰਡਿਅਨ ਲਿਮਿਟਡ’ ਨਾਮ ਦੀ ਸੰਸਥਾ ਬਣਾਈ ਗਈ ਅਤੇ ਉਸ ਦੇ ਜ਼ਰੀਏ ਨੈਸ਼ਨਲ ਹੇਰਾਲਡ ਦੀ ਪ੍ਰਕਾਸ਼ਕ ਕੰਪਨੀ AJL ਦਾ ਗੈਰ ਕਾਨੂੰਨੀ ਐਕਵਾਇਰ ਕੀਤਾ ਗਿਆ। ਸੁਬਰਮਣੀਅਮ ਸਵਾਮੀ ਦਾ ਕਹਿਣਾ ਸੀ ਕਿ ਇਹ ਸਾਰੀ ਪ੍ਰਕਿਰਿਆ ਦਿੱਲੀ ਦੇ ਬਹਾਦੁਰ ਸ਼ਾਹ ਜ਼ਫ਼ਰ ਮਾਰਗ ‘ਤੇ ਸਥਿਤ ਹੇਰਾਲਡ ਹਾਊਸ ਦੀ ਲਗਭਗ 2,000 ਕਰੋੜ ਰੁਪਏ ਦੀ ਇਮਾਰਤ ‘ਤੇ ਕਬਜ਼ਾ ਕਰਨ ਲਈ ਕੀਤੀ ਗਈ। ਉਨ੍ਹਾਂ ਨੇ ਦੋਸ਼ ਲਗਾਇਆ ਸੀ ਕਿ 2,000 ਕਰੋੜ ਰੁਪਏ ਦੀ ਕੰਪਨੀ ਸਿਰਫ਼ 50 ਲੱਖ ਰੁਪਏ 'ਚ ਖਰੀਦ ਲਈ ਗਈ ਅਤੇ ਇਸ ਮਾਮਲੇ 'ਚ ਸੋਨੀਆ ਗਾਂਧੀ, ਰਾਹੁਲ ਗਾਂਧੀ ਸਮੇਤ ਹੋਰ ਕਾਂਗਰਸੀ ਨੇਤਾਵਾਂ ਖ਼ਿਲਾਫ਼ ਅਪਰਾਧਕ ਮੁਕੱਦਮਾ ਚਲਾਉਣ ਦੀ ਮੰਗ ਕੀਤੀ ਸੀ। ਜ਼ਿਕਰਯੋਗ ਹੈ ਕਿ ਇਸ ਕੇਸ ਨਾਲ ਜੁੜੇ ਦੋ ਦੋਸ਼ੀ ਮੋਤੀਲਾਲ ਵੋਰਾ ਅਤੇ ਆਸਕਰ ਫਰਨਾਂਡਿਜ਼ ਦਾ ਦਿਹਾਂਤ ਹੋ ਚੁੱਕਾ ਹੈ।
25000 ਰੁਪਏ ਕਮਾਉਣ ਵਾਲੇ ਲੋਕ ਬਣ ਸਕਦੇ ਹਨ ਕਰੋੜਪਤੀ, ਜਾਣ ਲਓ ਇਹ ਖ਼ਾਸ ਤਰੀਕਾ
NEXT STORY