ਮੰਡੀ ਘੁਬਾਇਆ (ਕੁਲਵੰਤ) - ਭਾਰਤ ਦੇ ਰੇਲਵੇ ਮੰਤਰੀ ਅਤੇ ਰੇਲਵੇ ਵਿਭਾਗ ਦੇਸ਼ ਵਿਚ ਬੁਲੇਟ ਟਰੇਨ ਚਲਾਉਣ ਦੇ ਬਹੁਤ ਵੱਡੇ-ਵੱਡੇ ਦਾਅਵੇ ਕਰ ਰਹੇ ਹਨ ਪਰ ਦੇਸ਼ ਦੀ ਆਜ਼ਾਦੀ ਤੋਂ ਬਾਅਦ ਭਾਰਤ ਦੇ ਬਹੁਤੇ ਰੇਲਵੇ ਸਟੇਸ਼ਨਾਂ ਦੀ ਹਾਲਤ ਅੱਜ ਵੀ ਮਾੜੀ ਹੈ। ਅਜਿਹਾ ਹੀ ਰੇਲਵੇ ਸਟੇਸ਼ਨ ਜ਼ਿਲਾ ਫਾਜ਼ਿਲਕਾ ਦਾ ਬਾਹਮਣੀਵਾਲਾ ਹੈ, ਜੋ ਕਿ ਦੇਸ਼ ਦੀ ਆਜ਼ਾਦੀ ਤੋਂ ਬਾਅਦ ਹੁਣ ਤੱਕ ਆਪਣੀ ਖਸਤਾ ਹਾਲਤ 'ਤੇ ਹੰਝੂ ਵਹਾ ਰਿਹਾ ਹੈ।
ਕਿਹੋ ਜਿਹੀ ਹਾਲਤ ਇਸ ਸਟੇਸ਼ਨ ਦੀ
ਜਾਣਕਾਰੀ ਅਨੁਸਾਰ ਵੱਖ-ਵੱਖ ਪਿੰਡਾਂ ਦੇ ਯਾਤਰੀਆਂ ਨੇ ਦੱਸਿਆ ਕਿ ਇਸ ਸਟੇਸ਼ਨ ਨੂੰ ਜਾਣ ਲਈ ਦੋ ਸੜਕਾਂ ਲੱਗਦੀਆਂ ਹਨ ਪਰ ਦੋਵੇਂ ਸੜਕਾਂ ਕੱਚੀਆਂ ਹਨ। ਬਾਰਿਸ਼ ਹੋਣ 'ਤੇ ਇਨ੍ਹਾਂ ਸੜਕਾਂ ਤੋਂ ਲੰਘਣਾ ਬਹੁਤ ਔਖਾ ਹੁੰਦਾ ਹੈ, ਸਟੇਸ਼ਨ ਦੀ ਬਿਲਡਿੰਗ ਦੀ ਹਾਲਤ ਬਹੁਤ ਖਸਤਾ ਹੈ, ਛੱਤ 'ਤੇ ਟੋਏ ਪਏ ਹੋਏ ਹਨ, ਸਟੇਸ਼ਨ 'ਤੇ ਪਖਾਨੇ ਦਾ ਕੋਈ ਪ੍ਰਬੰਧ ਨਾ ਹੋਣ ਕਰਕੇ ਖਾਸ ਕਰਕੇ ਲੇਡੀ ਯਾਤਰੀਆਂ ਨੂੰ ਬਹੁਤ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ, ਯਾਤਰੀਆਂ ਦੇ ਬੈਠਣ ਲਈ ਰੇਲਵੇ ਵਿਭਾਗ ਵੱਲੋਂ ਇਕ ਸ਼ੈੱਡ ਬਣਵਾਇਆ ਗਿਆ ਹੈ, ਜੋ ਕਿ ਬਹੁਤ ਛੋਟਾ ਹੈ, ਯਾਤਰੀਆਂ ਦੇ ਬੈਠਣ ਲਈ ਬੈਂਚ ਵੀ ਘੱਟ ਹੋਣ ਕਰਕੇ ਕਈ ਯਾਤਰੀਆਂ ਨੂੰ ਜ਼ਮੀਨ 'ਤੇ ਹੀ ਬੈਠਣਾ ਪੈਂਦਾ ਹੈ, ਟਿਕਟ ਕਾਊਂਟਰ ਨੂੰ ਕਈ ਮਹੀਨਿਆਂ ਤੋਂ ਤਾਲਾ ਲੱਗਿਆ ਹੋਇਆ ਹੈ।
ਸਹੂਲਤਾਂ ਦੀ ਘਾਟ ਕਾਰਨ ਲੋਕਾਂ ਨੂੰ ਕਰਨਾ ਪੈ ਰਿਹਾ ਮੁਸ਼ਕਲਾਂ ਦਾ ਸਾਹਮਣਾ
ਰੇਲਗੱਡੀ ਦਾ ਸਫਰ ਬਹੁਤ ਆਰਾਮਦਾਇਕ ਅਤੇ ਸਭ ਤੋਂ ਸਸਤਾ ਪੈਂਦਾ ਹੈ। ਇਸ ਲਈ ਜ਼ਿਆਦਾਤਰ ਲੋਕ ਰੇਲਗੱਡੀ ਰਾਹੀਂ ਹੀ ਸਫਰ ਕਰਨਾ ਪਸੰਦ ਕਰਦੇ ਹਨ। ਇਸ ਸਟੇਸ਼ਨ 'ਤੇ ਸਹੂਲਤਾਂ ਦੀ ਘਾਟ ਕਾਰਨ ਲੋਕਾਂ ਨੂੰ ਕਾਫੀ ਮੁਸ਼ਕਲਾਂ 'ਚੋਂ ਲੰਘਣਾ ਪੈ ਰਿਹਾ ਹੈ। ਰੇਲਵੇ ਵਿਭਾਗ ਦੀ ਅਣਗਹੇਲੀ ਕਾਰਨ ਬੀਤੇ ਕਰੀਬ 6 ਮਹੀਨਿਆਂ ਤੋਂ ਇਸ ਸਟੇਸ਼ਨ ਦਾ ਠੇਕਾ ਕਿਸੇ ਨੂੰ ਨਹੀਂ ਦਿੱਤਾ ਗਿਆ। ਜਿਸ ਕਾਰਨ ਇੱਥੇ ਕੋਈ ਵੀ ਵਿਅਕਤੀ ਰੇਲਵੇ ਦੀਆਂ ਟਿਕਟਾਂ ਨਹੀਂ ਕੱਟਦਾ, ਜਿਸ ਕਾਰਨ ਕਈ ਯਾਤਰੀ ਪੰਜ, ਛੇ ਮਹੀਨਿਆਂ ਤੋਂ ਰੇਲਵੇ ਵਿਚ ਮੁਫਤ ਸਫਰ ਕਰ ਰਹੇ ਹਨ। ਚੈਕਿੰਗ ਹੋਣ ਤੋਂ ਡਰਨ ਵਾਲੇ ਕੁੱਝ ਯਾਤਰੀ ਫਿਰੋਜ਼ਪੁਰ ਜਾਣ ਵਾਲਿਆਂ ਨੂੰ ਜਲਾਲਾਬਾਦ ਤੋਂ ਅਤੇ ਫਾਜ਼ਿਲਕਾ ਜਾਣ ਵਾਲਿਆਂ ਨੂੰ ਮੰਡੀ ਲਾਧੂਕਾ ਤੋਂ ਟਿਕਟ ਲੈਣੀ ਪੈਂਦੀ ਹੈ। ਬਾਕੀ ਰੇਲਵੇ ਵਿਭਾਗ ਵੱਲੋਂ ਮੁਫਤ ਦਿੱਤੀ ਜਾ ਰਹੀ ਸਹੂਲਤ ਦਾ ਫਾਇਦਾ ਲੈ ਰਹੇ ਹਨ।
ਅਕਾਲੀ-ਭਾਜਪਾ ਗਠਜੋੜ 'ਚ ਟਿਕਟਾਂ ਤੋਂ ਕਾਟੋ-ਕਲੇਸ਼
NEXT STORY