ਲੁਧਿਆਣਾ— ਲੁਧਿਆਣਾ ਤੋਂ ਢੰਡਾਰੀ ਸਟੈਸ਼ਨ ਦਰਮਿਆਨ ਪੈਂਦੇ ਇਲਾਕਾ ਡਾਬਾ ਦੇ ਕੋਲ ਰੇਲਵੇ ਟ੍ਰੈਕ 'ਤੇ ਟਰੇਨ ਦੀ ਲਪੇਟ ਵਿਚ ਆ ਜਾਣ ਨਾਲ ਦੋ ਵਿਅਕਤੀਆਂ ਦੀ ਮੌਤ ਹੋ ਗਈ ਅਤੇ ਇਕ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ ਜਿਸ ਨੂੰ ਇਲਾਜ ਲਈ ਹਸਪਤਾਲ 'ਚ ਭਰਤੀ ਕਰਵਾ ਦਿੱਤਾ ਗਿਆ ਹੈ।
ਜਾਣਕਾਰੀ ਦਿੰਦੇ ਹੋਏ ਜੀ. ਆਰ. ਪੀ. ਦੇ ਜਾਂਚ ਅਧਿਕਾਰੀ ਏ. ਐੱਸ. ਆਈ. ਗੁਰਜਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਲੁਧਿਆਣਾ ਤੋਂ ਢੰਡਾਰੀ ਸਟੇਸ਼ਨ ਦਰਮਿਆਨ ਪੈਦੇ ਇਲਾਕੇ ਡਾਬਾ ਦੇ ਕੋਲ ਰੇਲਵੇ ਕਿਲੋਮੀਟਰ ਨੰ. 370/9-11 'ਤੇ ਤਿੰਨ ਨੌਜਵਾਨ ਟਰੇਨ ਦੀ ਲਪੇਟ ਵਿਚ ਆ ਗਏ ਹਨ, ਜਿਸ ਕਾਰਨ ਉਹ ਮੌਕੇ 'ਤੇ ਜਾਂਚ ਲਈ ਪੁੱਜੇ ਅਤੇ ਦੱਸਿਆ ਕਿ ਰੇਲਵੇ ਟ੍ਰੈਕ ਨੂੰ ਪਾਰ ਕਰਨ ਵਾਲੇ ਤਿੰਨ ਵਿਅਕਤੀ ਸਨ, ਜਿਨ੍ਹਾਂ ਨੂੰ ਪਿੱਛੋਂਂ ਆ ਰਹੀ ਟਰੇਨ ਦਾ ਪਤਾ ਹੀ ਨਹੀਂ ਲੱਗ ਸਕਿਆ ਅਤੇ ਉਹ ਇਸ ਦੀ ਲਪੇਟ ਵਿਚ ਆ ਗਏ ਅਤੇ ਉਨ੍ਹਾਂ ਵਿਚੋਂ ਦੋ ਵਿਅਕਤੀਆਂ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਉਨ੍ਹਾਂ ਦੱਸਿਆ ਕਿ ਮੌਕੇ 'ਤੇ ਦੇਖਣ ਵਾਲਿਆਂ ਅਤੇ ਟਰੇਨ ਦੇ ਡਰਾਈਵਰ ਨੇ ਜਾਣਕਾਰੀ ਦਿੱਤੀ ਕਿ ਤਿੰਨਾਂ 'ਚੋਂ ਇਕ ਨੌਜਵਾਨ ਨੇ ਕੰਨਾਂ 'ਤੇ ਹੈੱਡਫੋਨ ਲਗਾ ਰੱਖੇ ਸਨ ਅਤੇ ਉਹ ਤਿੰਨੋ ਰੇਲਵੇ ਟ੍ਰੈਕ 'ਤੇ ਆਪਸ ਵਿਚ ਗੱਲਾਂ ਕਰਨ ਵਿਚ ਇਸ ਤਰ੍ਹਾਂ ਮਸ਼ਰੂਫ ਸਨ ਕਿ ਉਨ੍ਹਾਂ ਨੂੰ ਰੇਲਵੇ ਟ੍ਰੈਕ ਤੋਂ ਹਟ ਜਾਣ ਦੀ ਚਿਤਾਵਨੀ ਦੇਣ ਲਈ ਡਰਾਈਵਰ ਨੇ ਵਾਰ-ਵਾਰ ਹਾਰਨ ਵਜਾਏ ਅਤੇ ਉਨ੍ਹਾਂ ਨੂੰ ਰੌਲਾ ਪਾ-ਪਾ ਕੇ ਪਿੱਛੇ ਹਟਣ ਲਈ ਕਹਿਣ ਦਾ ਵੀ ਪਤਾ ਹੀ ਨਹੀਂ ਲੱਗਾ।
ਗੁਰਜਿੰਦਰ ਨੇ ਦੱਸਿਆ ਕਿ ਮ੍ਰਿਤਕ ਮੂਲ ਰੂਪ ਤੋਂ ਬਿਹਾਰ ਦੇ ਕਿਸੇ ਪਿੰਡ ਦਾ ਰਹਿਣ ਵਾਲੇ ਦੱਸੇ ਜਾ ਰਹੇ ਹਨ। ਮ੍ਰਿਤਕਾਂ ਅਤੇ ਜ਼ਖਮੀ ਦੇ ਪਰਿਵਾਰ ਵਾਲਿਆਂ ਦੀ ਭਾਲ ਕਰ ਕੇ ਇਸ ਹਾਦਸੇ ਦੀ ਸੂਚਨਾ ਦਿੱਤੀ ਜਾਵੇਗੀ। ਹਾਲ ਦੀ ਘੜੀ ਬਣਦੀ ਕਾਰਵਾਈ ਕਰ ਕੇ ਜ਼ਖ਼ਮੀ ਨੂੰ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ ਅਤੇ ਮ੍ਰਿਤਕਾਂ ਦੀਆਂ ਲਾਸ਼ਾਂ ਪਛਾਣ ਲਈ ਮੁਰਦਾਘਰ ਵਿਚ ਰੱਖਵਾ ਦਿੱਤੀਆਂ ਗਈਆਂ ਹਨ।
ਟਰੇਨ ਅੱਗੇ ਛਾਲ ਮਾਰ ਵਿਅਕਤੀ ਨੇ ਕੀਤੀ ਆਤਮ ਹੱਤਿਆ
NEXT STORY