ਕੋਟਕਪੂਰਾ (ਨਰਿੰਦਰ) - ਇਲਾਕੇ 'ਚ ਪਏ ਭਾਰੀ ਮੀਂਹ ਕਾਰਨ ਭਾਵੇਂ ਲੋਕਾਂ ਨੂੰ ਗਰਮੀ ਤੋਂ ਭਾਰੀ ਰਾਹਤ ਮਿਲੀ ਹੈ ਪਰ ਇਹ ਮੀਂਹ ਇਲਾਕੇ ਦੇ 2 ਪਰਿਵਾਰਾਂ ਲਈ ਭਾਰੀ ਮੁਸੀਬਤਾਂ ਲੈ ਕੇ ਆਇਆ ਹੈ। ਜਾਣਕਾਰੀ ਅਨੁਸਾਰ ਮੀਂਹ ਕਾਰਨ ਸਥਾਨਕ ਦੁਆਰੇਆਣਾ ਰੋਡ 'ਤੇ ਕ੍ਰਿਪਾਲ ਆਸ਼ਰਮ ਦੇ ਗਲੀ ਨੰਬਰ 6 ਦੇ ਵਸਨੀਕ ਬੇਅੰਤ ਸਿੰਘ ਪੁੱਤਰ ਹਰਜਿੰਦਰ ਸਿੰਘ ਦੇ ਘਰ ਦੇ 2 ਕਮਰਿਆਂ ਦੀਆਂ ਛੱਤਾਂ ਡਿੱਗ ਪਈਆਂ, ਜਿਸ ਕਾਰਨ ਉਥੇ ਪਿਆ ਸਾਮਾਨ ਬੁਰੀ ਤਰ੍ਹਾਂ ਨੁਕਸਾਨਿਆ ਗਿਆ, ਜਿਸ ਕਾਰਨ ਪਰਿਵਾਰ ਦਾ ਕਰੀਬ 15 ਹਜ਼ਾਰ ਰੁਪਏ ਦਾ ਨੁਕਸਾਨ ਹੋਇਆ ਦੱਸਿਆ ਜਾ ਰਿਹਾ ਹੈ।
ਇਸੇ ਤਰ੍ਹਾਂ ਕੋਠੇ ਬੁੱਕਣ ਸਿੰਘ ਵਿਖੇ ਇਕ ਘਰ ਦੀ ਛੱਤ ਡਿੱਗ ਪਈ। ਪੀੜਤ ਗੁਰਜੀਤ ਸਿੰਘ ਅਤੇ ਬੇਅੰਤ ਸਿੰਘ ਮਜ਼ਦੂਰੀ ਕਰ ਕੇ ਆਪਣੇ ਪਰਿਵਾਰਾਂ ਦਾ ਪੇਟ ਪਾਲਦੇ ਹਨ। ਇਸ ਸਬੰਧ 'ਚ ਗੁਰਜੀਤ ਸਿੰਘ ਪੁੱਤਰ ਗੁਰਦੇਵ ਸਿੰਘ ਨੇ ਦੱਸਿਆ ਕਿ ਸਵੇਰੇ ਕਰੀਬ 10 ਵਜੇ ਪਰਿਵਾਰ ਦੇ ਸਾਰੇ ਮੈਂਬਰ ਘਰ ਦੇ ਬਾਹਰ ਕੰਮ ਕਰ ਰਹੇ ਸਨ ਤਾਂ ਅਚਾਨਕ ਕਮਰੇ ਦੀ ਛੱਤ ਡਿੱਗ ਪਈ। ਘਰ ਦੇ ਮੈਂਬਰ ਕਮਰੇ 'ਚੋਂ ਬਾਹਰ ਹੋਣ ਕਾਰਨ ਕਿਸੇ ਕਿਸਮ ਦੇ ਜਾਨੀ ਨੁਕਸਾਨ ਤੋਂ ਪੂਰੀ ਤਰ੍ਹਾਂ ਬਚਾਅ ਹੋ ਗਿਆ। ਉਨ੍ਹਾਂ ਦੱਸਿਆ ਕਿ ਕਮਰੇ 'ਚ ਪਿਆ ਫਰਿੱਜ, ਟੈਲੀਵੀਜ਼ਨ, ਬੈੱਡ ਸਮੇਤ ਹੋਰ ਸਾਮਾਨ ਨੁਕਸਾਨਿਆ ਗਿਆ, ਜਿਸ ਕਾਰਨ ਉਨ੍ਹਾਂ ਦਾ ਕਰੀਬ 1 ਲੱਖ ਰੁਪਏ ਦਾ ਨੁਕਸਾਨ ਹੋ ਗਿਆ। ਮੈਂਬਰ ਪੰਚਾਇਤ ਪਰਮਜੀਤ ਸਿੰਘ ਮਾਨ ਅਨੁਸਾਰ ਪੀੜਤ ਪਰਿਵਾਰ ਮਜ਼ਦੂਰੀ ਕਰਦਾ ਹੈ।
ਇਲਾਕਾ ਵਾਸੀਆਂ ਨੇ ਦੋਵਾਂ ਪਰਿਵਾਰਾਂ ਦੇ ਹੋਏ ਨੁਕਸਾਨ ਲਈ ਜ਼ਿਲਾ ਪ੍ਰਸ਼ਾਸਨ ਤੋਂ ਮੁਆਵਜ਼ੇ ਦੀ ਮੰਗ ਕੀਤੀ ਹੈ।
ਬਾਬਾ ਫਰੀਦ ਜੀ ਦੇ ਮੇਲੇ ਨੇ ਫਰੀਦਕੋਟ ਦਾ ਨਾਂ ਵਿਸ਼ਵ ਪੱਧਰ 'ਤੇ ਰੌਸ਼ਨ ਕੀਤਾ
NEXT STORY