ਸ਼ਿਮਲਾ/ਪਟਿਆਲਾ/ਜੰਮੂ (ਰਾਜੇਸ਼, ਜੋਸਨ, ਬਲਜਿੰਦਰ, ਭਾਸ਼ਾ) : ਪੰਜਾਬ, ਹਰਿਆਣਾ, ਹਿਮਾਚਲ, ਦਿੱਲੀ ਅਤੇ ਜੰਮੂ-ਕਸ਼ਮੀਰ ਸਮੇਤ ਉੱਤਰੀ ਭਾਰਤ ਦੇ ਕਈ ਇਲਾਕਿਆਂ ’ਚ ਬੁੱਧਵਾਰ ਨੂੰ ਪਏ ਮੀਂਹ ਨੇ ਕਹਿਰ ਦੀ ਗਰਮੀ ਤੋਂ ਰਾਹਤ ਦਿੱਤੀ ਹੈ। ਇਸ ਦੌਰਾਨ ਆਸਮਾਨੀ ਬਿਜਲੀ ਤੇ ਦਰੱਖਤ ਡਿਗਣ ਕਾਰਨ 3 ਵਿਅਕਤੀਆਂ ਦੇ ਮਾਰੇ ਜਾਣ ਦੀ ਵੀ ਖਬਰ ਹੈ। ਪਟਿਆਲਾ, ਜਲੰਧਰ ਸਮੇਤ ਪੰਜਾਬ ਦੇ ਕਈ ਇਲਾਕਿਆਂ ’ਚ ਅਚਾਨਕ ਤੇਜ਼ ਹਵਾਵਾਂ ਨਾਲ ਤੇਜ਼ ਮੀਂਹ ਅਤੇ ਗੜ੍ਹੇਮਾਰੀ ਹੋਈ। ਪਟਿਆਲਾ ’ਚ ਗੜ੍ਹੇਮਾਰੀ ਕਾਰਨ ਤਾਪਮਾਨ 12 ਡਿਗਰੀ ਤੱਕ ਡਿੱਗ ਗਿਆ ਅਤੇ ਲੋਕ ਘਰਾਂ ਤੋਂ ਬਾਹਰ ਨਿਕਲ ਕੇ ਖੁਸ਼ਗਵਾਰ ਮੌਸਮ ਦਾ ਆਨੰਦ ਲੈਂਦੇ ਦੇਖੇ ਗਏ।

ਦੂਜੇ ਪਾਸੇ ਜੰਮੂ ’ਚ ਭਾਰੀ ਮੀਂਹ ਪਿਆ। ਕਸ਼ਮੀਰ ਵਾਦੀ ’ਚ ਦਰਮਿਆਨੀ ਬਾਰਿਸ਼ ਦਰਜ ਕੀਤੀ ਗਈ। ਜੰਮੂ-ਕਸ਼ਮੀਰ ਦੇ ਰਾਮਬਨ ਜ਼ਿਲ੍ਹੇ ਵਿੱਚ ਇੱਕ ਸਟੀਲ ਸੁਰੰਗ ਦੇ ਨੁਕਸਾਨੇ ਜਾਣ ਕਾਰਨ ਜੰਮੂ-ਕਸ਼ਮੀਰ ਨੈਸ਼ਨਲ ਹਾਈਵੇਅ ਨੂੰ ਆਵਾਜਾਈ ਲਈ ਬੰਦ ਕਰ ਦਿੱਤਾ ਗਿਆ। ਬਾਰਡਰ ਰੋਡਜ਼ ਆਰਗੇਨਾਈਜ਼ੇਸ਼ਨ ਦੇ ਕਰਮਚਾਰੀ ਬੁੱਧਵਾਰ ਰਾਤ ਤਕ ਹਾਈਵੇਅ ਨੂੰ ਸਾਫ਼ ਕਰਨ ਦੇ ਯਤਨਾਂ ਵਿੱਚ ਲੱਗੇ ਹੋਏ ਸਨ।
ਇਹ ਵੀ ਪੜ੍ਹੋ : ਹਿਮਾਚਲ ’ਚ ਬਰਫਬਾਰੀ, ਮੀਂਹ ਅਤੇ ਗੜ੍ਹੇਮਾਰੀ਼, ਪੰਜਾਬ ’ਚ ਪਾਰਾ ਡਿੱਗਿਆ

ਉਧਮਪੁਰ ਜ਼ਿਲ੍ਹੇ ਦੇ ਮਨਵਾਲ ਇਲਾਕੇ ’ਚ ਆਸਮਾਨੀ ਬਿਜਲੀ ਡਿੱਗਣ ਕਾਰਨ 13 ਸਾਲ ਦੀ ਇੱਕ ਕੁੜੀ ਝੁਲਸ ਗਈ। ਇਸ ਦੇ ਨਾਲ ਹੀ ਡੋਡਾ ਜ਼ਿਲੇ ਦੇ ਚਾਰਲਾ ਇਲਾਕੇ ’ਚ ਜੰਗਲ ’ਚ ਲੱਕੜਾਂ ਵੱਢਣ ਗਈ 18 ਸਾਲਾ ਇਕ ਹੋਰ ਕੁੜੀ ’ਤੇ ਦਰੱਖਤ ਡਿੱਗ ਗਿਆ ਜਿਸ ਕਾਰਨ ਉਸ ਦੀ ਮੌਤ ਹੋ ਗਈ। ਓਧਰ ਹਿਮਾਚਲ ਪ੍ਰਦੇਸ਼ ਦੇ ਕੁੱਲੂ ਜ਼ਿਲ੍ਹੇ ਵਿੱਚ ਦਰੱਖਤ ਡਿੱਗਣ ਨਾਲ ਇੱਕ ਔਰਤ ਦੀ ਮੌਤ ਹੋ ਗਈ। ਕੁੱਲੂ ਜ਼ਿਲੇ ’ਚ ਲਾਰੀ ਪਿੰਡ ’ਚ ਬਿਜਲੀ ਡਿੱਗਣ ਨਾਲ ਦੋ ਨੌਜਵਾਨ ਝੁਲਸ ਗਏ ਜਿਨ੍ਹਾਂ ਨੂੰ ਇਲਾਜ ਲਈ ਕੁੱਲੂ ਦੇ ਹਸਪਤਾਲ ’ਚ ਦਾਖਲ ਕਰਵਾਇਆ ਗਿਆ। ਹਿਮਾਚਲ ’ਚ ਹੋਈ ਬਾਰਿਸ਼ ਨੇ ਕਿਸਾਨਾਂ ਅਤੇ ਬਾਗਬਾਨਾਂ ਨੂੰ ਰਾਹਤ ਦਿੱਤੀ ਹੈ।

ਜੰਗਲ ਦੀ ਅੱਗ ਨੂੰ ਵੀ ਬੁਝਾਇਆ ਗਿਆ ਹੈ। ਸ਼ਿਮਲਾ ਜ਼ਿਲ੍ਹੇ ਵਿੱਚ 50 ਮਿਲੀਮੀਟਰ, ਡਲਹੌਜ਼ੀ ’ਚ 28 ਅਤੇ ਮਨਾਲੀ ਵਿੱਚ 9 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ। ਹਿਮਾਚਲ ਵਿੱਚ ਦੋ ਦਿਨ ਹੋਰ ਮੌਸਮ ਖ਼ਰਾਬ ਰਹੇਗਾ। ਰਾਜਸਥਾਨ ’ਚ ਵੀ ਤੂਫਾਨ ਕਾਰਨ ਤਾਪਮਾਨ ’ਚ ਕਾਫੀ ਗਿਰਾਵਟ ਆਈ ਹੈ। ਯੂ. ਪੀ. ’ਚ ਮੀਂਹ ਦੇ ਨਾਲ-ਨਾਲ ਤੂਫਾਨ ਨੇ ਕਈ ਥਾਵਾਂ ’ਤੇ ਤਬਾਹੀ ਮਚਾਈ। ਕਈ ਥਾਵਾਂ ’ਤੇ ਦਰੱਖਤ ਅਤੇ ਬਿਜਲੀ ਦੇ ਖੰਭੇ ਡਿੱਗ ਗਏ। ਖੁਸ਼ਕਿਸਮਤੀ ਨਾਲ ਇੱਥੇ ਕਿਸੇ ਜਾਨੀ ਨੁਕਸਾਨ ਦੀ ਕੋਈ ਖਬਰ ਨਹੀਂ। ਮੌਸਮ ਵਿਭਾਗ ਨੇ ਚੇਤਾਵਨੀ ਦਿੱਤੀ ਹੈ ਕਿ ਅਗਲੇ ਤਿੰਨ ਦਿਨਾਂ ਤੱਕ ਮੌਸਮ ਖਰਾਬ ਹੀ ਰਹੇਗਾ।
ਇਹ ਵੀ ਪੜ੍ਹੋ : ਕੈਨੇਡਾ ਜਾਣ ਦੇ ਚਾਹਵਾਨਾਂ ਲਈ ਚੰਗੀ ਖ਼ਬਰ, ਸਰਕਾਰ ਨੇ ਵੀਜ਼ੇ ਦੇਣ ਸਬੰਧੀ ਰਫ਼ਤਾਰ ਕੀਤੀ ਤੇਜ਼

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
CM ਬਣਨ ਮਗਰੋਂ ਪਹਿਲੀ ਵਾਰ ਲੁਧਿਆਣਾ ਪੁੱਜੇ ਭਗਵੰਤ ਮਾਨ ਨੇ ਵਿਰੋਧੀਆਂ 'ਤੇ ਲਾਏ ਰਗੜੇ
NEXT STORY