ਰਾਜਾਸਾਂਸੀ (ਨਿਰਵੈਲ) : ਪੰਜਾਬ ਸਰਕਾਰ ਨੂੰ ਸ਼ਾਇਦ ਹੀਰਿਆਂ ਦੀ ਪਛਾਣ ਭੁੱਲ ਗਈ ਲੱਗਦੀ ਹੈ ਕਿਉਂਕਿ ਪੰਜਾਬ ਦੇ ਹੀਰੇ ਹੋਰ ਸੂਬੇ ਸਾਂਭ ਰਹੇ ਹਨ ਤੇ ਪੰਜਾਬ ਸਰਕਾਰ ਸੱਤਾ ਦੇ ਨਸ਼ੇ 'ਚ ਚੂਰ ਇੰਟਰਨੈਸ਼ਨਲ ਖਿਡਾਰੀਆਂ ਨੂੰ ਵਿਸਾਰ ਰਹੀ ਹੈ। ਸਰਕਾਰ ਦੀ ਬੇਰੁਖੀ ਦਾ ਸ਼ਿਕਾਰ ਹੋਏ ਖਿਡਾਰੀ ਜੋ ਪੰਜਾਬ ਵਲੋਂ ਖੇਡ ਰਹੇ ਹਨ ਤੇ ਤਮਗੇ ਪ੍ਰਾਪਤ ਕਰਨ ਤੋਂ ਬਾਅਦ ਉਨ੍ਹਾਂ ਨੂੰ ਕੋਈ ਬਣਦਾ ਮਾਣ-ਸਤਿਕਾਰ ਨਾ ਮਿਲਣ 'ਤੇ ਦੱਬੀ ਜ਼ੁਬਾਨ ਨਾਲ ਕਹਿ ਰਹੇ ਹਨ ਕਿ ਜੇਕਰ ਸਾਡੇ ਨਾਲ ਏਦਾਂ ਦਾ ਘਟੀਆ ਸਲੂਕ ਹੀ ਹੁੰਦਾ ਰਿਹਾ ਤਾਂ ਅਸੀਂ ਵੀ ਪੰਜਾਬ ਸਰਕਾਰ ਵਲੋਂ ਨਹੀਂ ਸਗੋਂ ਕਿਸੇ ਹੋਰ ਗੁਆਂਢੀ ਰਾਜ ਵਲੋਂ ਖੇਡਾਂਗੇ ਤੇ ਇਸੇ ਤਰਾਂ ਪਹਿਲਾਂ ਵੀ ਕੁਝ ਖਿਡਾਰੀ ਜੋ ਹਰਿਆਣਾ ਸਰਕਾਰ ਵਲੋਂ ਖੇਡ ਰਹੇ ਹਨ ਤੇ ਬਾਕੀ ਰਹਿੰਦੇ ਖਿਡਾਰੀ ਵੀ ਜਲਦ ਹੀ ਹੋਰ ਰਾਜਾਂ ਵਲੋਂ ਖੇਡਣ ਲਈ ਮਜਬੂਰ ਹੋ ਜਾਣਗੇ, ਜੋ ਪੰਜਾਬ ਦੀ ਤਰਾਸਦੀ ਹੋਵੇਗੀ।
ਇਸ ਸਬੰਧੀ ਅੰਤਰਰਾਸ਼ਟਰੀ ਹਾਕੀ ਖਿਡਾਰਨ ਪੰਜਾਬ ਦੀ ਧੀ ਗੁਰਜੀਤ ਕੌਰ ਨਾਲ ਗੱਲਬਾਤ ਕਰਨ 'ਤੇ ਉਨ੍ਹਾਂ ਕਿਹਾ ਕਿ ਸਾਰੇ ਖਿਡਾਰੀ ਸਖਤ ਮਿਹਨਤ ਕਰਨ ਤੋਂ ਬਾਅਦ ਹੀ ਅੰਤਰਰਾਸ਼ਟਰੀ ਮੁਕਾਬਲਿਆਂ 'ਚ ਭਾਗ ਲੈਂਦੇ ਹਨ ਤੇ ਫਿਰ ਫਾਈਨਲ ਤੱਕ ਪਹੁੰਚ ਕੇ ਪਹਿਲੇ ਜਾਂ ਦੂਜੇ ਸਥਾਨ 'ਤੇ ਆਉਣਾ ਹੁੰਦਾ ਹੈ ਤੇ ਇਥੋਂ ਤੱਕ ਪਹੁੰਚਣ ਤੋਂ ਬਾਅਦ ਸਮੇਂ ਦੀਆਂ ਸਰਕਾਰਾਂ ਵਲੋਂ ਖਿਡਾਰੀਆਂ ਨੂੰ ਉਤਸ਼ਾਹਿਤ ਕਰਨ ਦੀ ਬਜਾਏ ਬਣਦਾ ਮਾਣ-ਸਨਮਾਨ ਨਾ ਦਿੱਤੇ ਜਾਣ ਕਾਰਨ ਆਸਾਂ 'ਤੇ ਪਾਣੀ ਫਿਰ ਜਾਂਦਾ ਹੈ। ਪੰਜਾਬ ਸਰਕਾਰ ਦੇ ਮੁਕਾਬਲੇ ਗੁਆਂਢੀ ਰਾਜਾਂ ਵਲੋਂ ਕਈ ਗੁਣਾ ਵੱਧ ਮਾਣ ਦਿੱਤਾ ਜਾਂਦਾ ਹੈ, ਜਿਸ ਕਾਰਨ ਖਿਡਾਰੀ ਪੰਜਾਬ ਛੱਡ ਕੇ ਹੋਰ ਸੂਬਿਆਂ ਵਲੋਂ ਖੇਡਣ ਨੂੰ ਪਹਿਲ ਦਿੰਦੇ ਹਨ।
ਉਨ੍ਹਾਂ ਕਿਹਾ ਕਿ ਪੰਜਾਬ ਦੇ ਦਿਹਾਤੀ ਖੇਤਰ 'ਚ ਜ਼ਿਲਾ ਅੰਮ੍ਰਿਤਸਰ ਤਹਿਸੀਲ ਅਜਨਾਲਾ ਦੀ ਧੀ ਇੰਡੋਨੇਸ਼ੀਆ ਦੇ ਸ਼ਹਿਰ ਜਕਾਰਤਾ 'ਚ ਫਾਈਨਲ ਮੈਚ 'ਚ ਸੈਕਿੰਡ ਰਹੀ। ਖਿਡਾਰਨ ਗੁਰਜੀਤ ਕੌਰ ਨੇ ਕਿਹਾ ਕਿ ਮੈਂ ਪਹਿਲਾਂ ਵੀ ਮੈਡਲ ਲੈ ਕੇ ਆਈ ਸੀ ਤੇ ਉਸ ਵਕਤ ਵੀ ਪੰਜਾਬ ਸਰਕਾਰ ਨੇ ਕੁਝ ਨਹੀਂ ਦਿੱਤਾ ਤੇ ਹੁਣ ਵੀ ਅਜੇ ਤੱਕ ਕੋਈ ਫੋਨ ਕਾਲ ਤੱਕ ਵੀ ਨਹੀਂ ਆਈ। ਉਨ੍ਹਾਂ ਪੰਜਾਬ ਸਰਕਾਰ ਨੂੰ ਰਗੜੇ ਲਾਉਂਦਿਆਂ ਕਿਹਾ ਕਿ ਹਰਿਆਣਾ ਰਾਜ ਦੀਆਂ ਲੜਕੀਆਂ ਮੇਰੇ ਨਾਲ ਖੇਡਦੀਆਂ ਸਨ, ਸੈਕਿੰਡ ਮੈਡਲ ਮਿਲਣ 'ਤੇ ਉਨ੍ਹਾਂ ਨੂੰ ਡੇਢ-ਡੇਢ ਕਰੋੜ ਰੁਪਏ ਦੇ ਵੱਡੇ ਇਨਾਮਾਂ ਨਾਲ ਸਨਮਾਨਿਤ ਕੀਤਾ ਗਿਆ। ਪੰਜਾਬ ਸਰਕਾਰ ਨੇ ਮੈਨੂੰ ਕੁਝ ਨਹੀਂ ਦਿੱਤਾ, ਮੈਂ ਤਾਂ ਨੌਕਰੀ ਵੀ ਇਲਾਹਾਬਾਦ ਵਿਖੇ ਰੇਲਵੇ 'ਚ ਕਰ ਰਹੀ ਹਾਂ ਤੇ ਮੈਨੂੰ ਆਉਣ-ਜਾਣ ਸਮੇਂ ਬਹੁਤ ਵੱਡੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪੰਜਾਬ ਦੇ ਖਿਡਾਰੀ ਜੇਕਰ ਇਸੇ ਤਰ੍ਹਾਂ ਹੀ ਬੇਰੁਖੀ ਦਾ ਸ਼ਿਕਾਰ ਹੁੰਦੇ ਰਹੇ ਤਾਂ ਉਹ ਦਿਨ ਦੂਰ ਨਹੀਂ ਜਦੋਂ ਕੋਈ ਵੀ ਖਿਡਾਰੀ ਪੰਜਾਬ ਵਲੋਂ ਖੇਡਣ ਲਈ ਤਿਆਰ ਨਹੀਂ ਹੋਵੇਗਾ, ਜੇਕਰ ਪੰਜਾਬ ਸਰਕਾਰ ਨੇ ਮੈਨੂੰ ਕੋਈ ਸਹਿਯੋਗ ਨਾ ਦਿੱਤਾ ਤਾਂ ਮੈਂ ਵੀ ਹੋਣ ਵਾਲੀਆਂ ਅਗਲੀਆਂ ਖੇਡਾਂ ਕਿਸੇ ਹੋਰ ਰਾਜ ਵਲੋਂ ਖੇਡਣ ਲਈ ਮਜਬੂਰ ਹੋਵਾਂਗੀ। ਉਨ੍ਹਾਂ ਕਿਹਾ ਕਿ ਪਿਤਾ ਸਤਨਾਮ ਸਿੰਘ ਤੇ ਮਾਤਾ ਹਰਜਿੰਦਰ ਕੌਰ ਦੇ ਆਸ਼ੀਰਵਾਦ ਸਦਕਾ ਤੇ ਕੋਚ ਸਾਹਿਬਾਨ ਦੇ ਸਹਿਯੋਗ ਨਾਲ ਵੱਧ ਤੋਂ ਵੱਧ ਮਿਹਨਤ ਕਰਕੇ 2020 'ਚ ਹੋ ਰਹੀਆਂ ਉਲੰਪਿਕ ਖੇਡਾਂ 'ਚ ਗੋਲਡ ਮੈਡਲ ਜਿੱਤਣਾ ਮੇਰਾ ਸੁਪਨਾ ਹੋਵੇਗਾ। ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਇੰਡੋਨੇਸ਼ੀਆ ਦੇ ਸ਼ਹਿਰ ਜਕਾਰਤਾ 'ਚ ਹੋਈਆਂ ਖੇਡਾਂ 'ਚ ਤੀਹਰੀ ਛਾਲ 'ਚ ਗੋਲਡ ਮੈਡਲ ਹਾਸਲ ਕਰਨ ਵਾਲੇ ਪੰਜਾਬ ਦੇ ਅਰਪਿੰਦਰ ਸਿੰਘ ਬੌਬੀ ਛੀਨਾ ਵੀ ਹਰਿਆਣਾ ਵਲੋਂ ਖੇਡ ਰਿਹਾ ਹੈ।
ਅੱਜ ਵੀ ਪੰਜਾਬੀ ਵਿਰਾਸਤ ਨੂੰ ਸੰਭਾਲੇ ਰੱਖਿਆ ਹੈ NRI ਪੰਜਾਬੀ ਨੇ, ਘਰ ਦੀ ਛੱਤ 'ਤੇ ਰੱਖਿਆ ਬੁਲੇਟ (ਤਸਵੀਰਾਂ)
NEXT STORY