ਚੰਡੀਗੜ੍ਹ (ਅੰਕੁਰ) : ਪੰਜਾਬ ਨੂੰ ਦਰਪੇਸ਼ ਵੱਖ-ਵੱਖ ਸਮੱਸਿਆਵਾਂ ਜਿਵੇਂ ਕਿ ਵੱਧ ਰਿਹਾ ਕਰਜ਼ਾ, ਬੁਨਿਆਦੀ ਢਾਂਚੇ ਦਾ ਵਿਕਾਸ, ਰੁਜ਼ਗਾਰ ਪੈਦਾ ਕਰਨ ਲਈ ਉਦਯੋਗਿਕ ਪ੍ਰਾਜੈਕਟ, ਫ਼ਸਲੀ ਵਿਭਿੰਨਤਾ ਆਦਿ ਦਾ ਹੱਲ ਕੇਂਦਰ ਦੇ ਸਹਿਯੋਗ ਨਾਲ ਹੀ ਕੀਤਾ ਜਾ ਸਕਦਾ ਹੈ। ਇਸ ਗੱਲ ਦਾ ਪ੍ਰਗਟਾਵਾ ਰਾਜ ਸਭਾ ਮੈਂਬਰ ਡਾ. ਵਿਕਰਮਜੀਤ ਸਿੰਘ ਸਾਹਨੀ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ। ਸਾਹਨੀ ਨੇ ਪੰਜਾਬ ਦੇ ਲੋਕਾਂ ਨੂੰ ਆਪਣੀ ਦੋ ਸਾਲਾਂ ਦੀ ਸਮਰਪਿਤ ਸੇਵਾ ਦਾ ਰਿਪੋਰਟ ਕਾਰਡ ਪੇਸ਼ ਕੀਤਾ। ਉਨ੍ਹਾਂ ਦੁਹਰਾਇਆ ਕਿ ਕੇਂਦਰ ਨੂੰ ਪੰਜਾਬ ਲਈ ਵੀ ਵਿਸ਼ੇਸ਼ ਪੈਕੇਜ ’ਤੇ ਵਿਚਾਰ ਕਰਨਾ ਚਾਹੀਦਾ ਹੈ, ਜਿਵੇਂ ਕਿ ਉਹ ਬਿਹਾਰ, ਆਂਧਰਾ ਪ੍ਰਦੇਸ਼ ਅਤੇ ਉੜੀਸਾ ਵਰਗੇ ਸੂਬਿਆਂ ਲਈ ਵਿਚਾਰ ਕਰ ਰਹੇ ਹਨ, ਕਿਉਂਕਿ ਪੰਜਾਬ ਵੀ ਅੱਤਵਾਦ ਦੇ ਔਖੇ ਦੌਰ 'ਚੋਂ ਲੰਘਿਆ ਹੈ ਤੇ ਵਿੱਤੀ ਪੁਨਰਗਠਨ ਦੀ ਲੋੜ ਹੈ। ਡਾ. ਸਾਹਨੀ ਨੇ ਆਪਣੇ ਪਹਿਲੇ 2 ਸਾਲਾਂ ਦੌਰਾਨ ਕੀਤੀਆਂ ਕਈ ਪ੍ਰਾਪਤੀਆਂ ਦੀ ਰੂਪ-ਰੇਖਾ ਦੱਸੀ।
ਇਹ ਵੀ ਪੜ੍ਹੋ : ਪੰਜਾਬ 'ਚ ਭਾਰੀ ਮੀਂਹ ਤੇ ਤੂਫ਼ਾਨ ਦਾ Alert, ਸੂਬਾ ਵਾਸੀਆਂ ਲਈ ਜਾਰੀ ਹੋਈ ਚਿਤਾਵਨੀ, ਜਾਣੋ ਆਪਣੇ ਜ਼ਿਲ੍ਹੇ ਦਾ ਹਾਲ
ਉਨ੍ਹਾਂ ਦੀ ਰਿਪੋਰਟ 'ਚ ਉਨ੍ਹਾਂ ਦੀਆਂ ਸੰਸਦੀ ਪ੍ਰਾਪਤੀਆਂ ਅਤੇ ਵਿਦੇਸ਼ਾਂ 'ਚ ਫਸੇ ਪੰਜਾਬੀਆਂ ਦੀ ਵਾਪਸੀ, ਵਿਆਪਕ ਵਿਕਾਸ 'ਚ ਪ੍ਰਗਤੀ, ਸਿੱਖਿਆ ਅਤੇ ਹੁਨਰ ਵਿਕਾਸ, ਨਿਵੇਸ਼ ਨੂੰ ਆਕਰਸ਼ਿਤ ਕਰਨ ਦੀਆਂ ਕੋਸ਼ਿਸ਼ਾਂ ਅਤੇ ਪੰਜਾਬੀ ਸੱਭਿਆਚਾਰ ਨੂੰ ਸੰਭਾਲਣ ਲਈ ਸਰਗਰਮੀ ਨਾਲ ਚੁੱਕੇ ਗਏ ਮੁੱਦਿਆਂ ਨੂੰ ਸ਼ਾਮਲ ਕੀਤਾ ਗਿਆ ਹੈ। ਡਾ. ਸਾਹਨੀ ਨੇ ਕਿਹਾ ਕਿ ਇਨ੍ਹਾਂ 2 ਸਾਲਾਂ ਦੌਰਾਨ ਉਨ੍ਹਾਂ ਨੇ ਪੰਜਾਬ ਨੂੰ ਪ੍ਰਭਾਵਿਤ ਕਰਨ ਵਾਲੇ ਮਹੱਤਵਪੂਰਨ ਮੁੱਦਿਆਂ ਨੂੰ ਸੰਬੋਧਿਤ ਕੀਤਾ, ਜਿਸ 'ਚ ਖੇਤੀਬਾੜੀ, ਮਹਿੰਗਾਈ ਅਤੇ ਬੇਰੁਜ਼ਗਾਰੀ ਤੋਂ ਲੈ ਕੇ ਸੱਭਿਆਚਾਰਕ ਸੰਭਾਲ ਤੱਕ ਸ਼ਾਮਲ ਹਨ। ਉਨ੍ਹਾਂ ਦੇ ਯਤਨਾਂ ਦੇ ਕਾਰਨ ਕਈ ਮਹੱਤਵਪੂਰਨ ਨਤੀਜੇ ਨਿਕਲੇ, ਜਿਨ੍ਹਾਂ 'ਚ ਸਰਾਵਾਂ ’ਤੇ ਜੀ. ਐੱਸ. ਟੀ. ਨੂੰ ਰੱਦ ਕਰਨਾ, ਪੰਜਾਬ ਯੂਨੀਵਰਸਿਟੀ ਦੇ ਕੇਂਦਰੀਕਰਣ ਨੂੰ ਰੋਕਣਾ, ਮੋਹਾਲੀ 'ਚ ਸੈਮੀ-ਕੰਡਕਟਰ ਲੈਬਾਂ ਨੂੰ ਅਪਗ੍ਰੇਡ ਕਰਨ ਲਈ 10,000 ਕਰੋੜ ਰੁਪਏ ਦੀ ਗ੍ਰਾਂਟ ਪ੍ਰਾਪਤ ਕਰਨਾ ਅਤੇ ਰਾਸ਼ਟਰੀ ਖੇਡਾਂ 'ਚ ਸਿੱਖ ਮਾਰਸ਼ਲ ਆਰਟ ਗੱਤਕਾ ਦੀ ਸ਼ਮੂਲੀਅਤ ਸ਼ਾਮਲ ਹੈ।
ਇਹ ਵੀ ਪੜ੍ਹੋ : ਬਾਰਿਸ਼ ਕਾਰਨ ਗਰਮੀ ਤੋਂ ਮਿਲੀ ਥੋੜ੍ਹੀ ਰਾਹਤ, ਕਈ ਇਲਾਕਿਆਂ 'ਚ ਵਧੀ ਹੋਈ ਹੁੰਮਸ ਨੇ ਕੀਤਾ ਜੀਣਾ ਮੁਹਾਲ
ਇਸ ਤੋਂ ਇਲਾਵਾ ਉਨ੍ਹਾਂ ਦੇ ਯਤਨਾਂ ਸਦਕਾ ਨਵੀਂ ਦਿੱਲੀ ਤੋਂ ਅੰਮ੍ਰਿਤਸਰ ਨੂੰ ਜੋੜਨ ਵਾਲੀ ਵੰਦੇ ਭਾਰਤ ਰੇਲਗੱਡੀ ਦੀ ਸ਼ੁਰੂਆਤ ਹੋਈ। ਨਾਲ ਹੀ ਦਿੱਲੀ ਤੋਂ ਲੁਧਿਆਣਾ ਅਤੇ ਬਠਿੰਡਾ ਲਈ ਉਡਾਣ ਦੇ ਰੂਟ ਵੀ ਸ਼ੁਰੂ ਹੋਏ। ਉਨ੍ਹਾਂ ਨੇ ਵਿਦੇਸ਼ਾਂ 'ਚ ਫਸੇ 100 ਤੋਂ ਵੱਧ ਪੰਜਾਬੀਆਂ ਦੀ ਸਫ਼ਲਤਾ ਪੂਰਵਕ ਵਾਪਸੀ ਦੀ ਨਿਗਰਾਨੀ ਵੀ ਕੀਤੀ ਹੈ। ਡਾ. ਸਾਹਨੀ ਨੇ ਦੱਸਿਆ ਕਿ ਉਨ੍ਹਾਂ ਨੇ 2 ਕਰੋੜ ਰੁਪਏ ਦੀ ਗ੍ਰਾਂਟ ਦੇ ਕੇ ਅਤੇ ਆਪਣੀ ਜੇਬ ਵਿਚੋਂ ਕਰੀਬ 30 ਲੱਖ ਰੁਪਏ ਖ਼ਰਚ ਕੇ ਆਈ. ਟੀ. ਆਈ. ਲੁਧਿਆਣਾ ਨੂੰ ਉੱਤਮਤਾ ਦਾ ਕੇਂਦਰ ਬਣਾਇਆ ਹੈ। ਇਸ ਤੋਂ ਇਲਾਵਾ ਪੰਜਾਬ ਭਰ 'ਚ 5 ਹੋਰ ਆਈ. ਟੀ. ਆਈ. ਨੂੰ ਗੋਦ ਲਿਆ ਹੈ।
ਡਾ. ਸਾਹਨੀ ਨੇ ਇਹ ਵੀ ਕਿਹਾ ਕਿ ਉਹ ਸੂਬੇ 'ਚ 10 ਵਿਸ਼ਵ ਪੱਧਰੀ ਹੁਨਰ ਵਿਕਾਸ ਕੇਂਦਰ ਸਥਾਪਿਤ ਕਰ ਰਹੇ ਹਨ, ਜਿਸ ਨਾਲ 10,000 ਤੋਂ ਵੱਧ ਨੌਜਵਾਨਾਂ ਨੂੰ ਰੁਜ਼ਗਾਰ ਦੇ ਮੌਕੇ ਮਿਲਣ ਦੀ ਉਮੀਦ ਹੈ। ਪਟਿਆਲਾ, ਲੁਧਿਆਣਾ ਅਤੇ ਜਲੰਧਰ 'ਚ ਸੈਂਟਰ ਸਤੰਬਰ ਤੋਂ ਚਾਲੂ ਹੋ ਜਾਣਗੇ, ਜਦੋਂ ਕਿ ਅੰਮ੍ਰਿਤਸਰ 'ਚ ਉਨ੍ਹਾਂ ਵੱਲੋਂ ਚਲਾਏ ਜਾ ਰਹੇ ਮਲਟੀ ਸਕਿੱਲ ਡਿਵੈਲਪਮੈਂਟ ਸੈਂਟਰ ਪਹਿਲਾਂ ਹੀ ਸਫ਼ਲਤਾ ਪੂਰਵਕ ਚੱਲ ਰਹੇ ਹਨ, ਜੋ ਹਰ ਸਾਲ 1000 ਤੋਂ ਵੱਧ ਵਿਦਿਆਰਥੀਆਂ ਨੂੰ ਸਿਖਲਾਈ ਅਤੇ ਰੁਜ਼ਗਾਰ ਪ੍ਰਦਾਨ ਕਰ ਰਹੇ ਹਨ। ਡਾ. ਸਾਹਨੀ ਨੇ ਪੰਜਾਬ ਦੇ ਸਾਰੇ ਸੰਸਦ ਮੈਂਬਰਾਂ ਨੂੰ ਇੱਕਜੁਟਤਾ ਦਾ ਸੱਦਾ ਦਿੰਦਿਆਂ ਸੂਬੇ ਦੇ ਵਿਕਾਸ ਲਈ ਪਾਰਟੀਬਾਜ਼ੀ ਤੋਂ ਉੱਪਰ ਉਠ ਕੇ ਸਹਿਯੋਗ ਕਰਨ ਦੀ ਅਪੀਲ ਕੀਤੀ। ਉਨ੍ਹਾਂ ਨੇ ਲੰਬਿਤ ਮੁੱਦਿਆਂ ਨੂੰ ਜਲਦੀ ਹੱਲ ਕਰਨ ਅਤੇ ਪੰਜਾਬ ਦੇ ਵਿਕਾਸ ਦੀਆਂ ਪਹਿਲ ਕਦਮੀਆਂ ਲਈ ਮਹੱਤਵਪੂਰਨ ਪ੍ਰਾਜੈਕਟਾਂ ਅਤੇ ਫੰਡਾਂ ਨੂੰ ਸੁਰੱਖਿਅਤ ਕਰਨ ਲਈ ਕੇਂਦਰ ਨਾਲ ਉਸਾਰੂ ਗੱਲਬਾਤ ਦੀ ਮਹੱਤਤਾ ’ਤੇ ਜ਼ੋਰ ਦਿੱਤਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸਿੱਖਿਆ ਵਿਭਾਗ ਦਾ ਐਕਸ਼ਨ! ਪੰਜਾਬ ਦੇ 37 ਪ੍ਰਿੰਸੀਪਲਾਂ, ਮੁੱਖ ਅਧਿਆਪਕਾਂ ਤੇ ਸਕੂਲ ਇੰਚਾਰਜਾਂ ਨੂੰ ਨੋਟਿਸ ਜਾਰੀ
NEXT STORY