ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਮੰਤਰੀ ਮੰਡਲ 'ਚ ਸਭ ਤੋਂ ਵੱਧ ਤਜਰਬੇਕਾਰ ਮੰਤਰੀਆਂ 'ਚ ਸ਼ਾਮਲ ਲੋਕ ਜਨ ਸ਼ਕਤੀ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਰਾਮ ਵਿਲਾਸ ਪਾਸਵਾਨ ਲਗਭਗ 50 ਸਾਲਾਂ ਤੋਂ ਸਰਗਰਮ ਸਿਆਸਤ 'ਚ ਹਨ। ਸਰਕਾਰ 'ਚ ਮੰਤਰੀ ਦਾ ਅਹੁਦਾ ਹੋਵੇ ਜਾਂ ਚੋਣਾਂ 'ਚ ਵੋਟਾਂ ਦਾ ਅੰਕੜਾ ਤਮਾਮ ਰਿਕਾਰਡ ਉਨ੍ਹਾਂ ਦੇ ਨਾਂ ਦਰਜ ਹਨ। ਕਈ ਪ੍ਰਧਾਨ ਮੰਤਰੀਆਂ ਨਾਲ ਕੰਮ ਦਾ ਤਜਰਬਾ ਹੈ। ਮੋਦੀ ਸਰਕਾਰ 'ਚ ਵੀ ਉਨ੍ਹਾਂ ਨੂੰ ਅਨਾਜ ਸਪਲਾਈ ਅਤੇ ਖਪਤਕਾਰ ਮਾਮਲੇ ਵਰਗੇ ਮਹੱਤਵਪੂਰਨ ਮੰਤਰਾਲੇ ਦਾ ਚਾਰਜ ਮਿਲਿਆ ਹੋਇਆ ਹੈ। ਮੋਦੀ ਸਰਕਾਰ ਦੇ 3 ਸਾਲ ਦੇ ਤਜਰਬਿਆਂ ਅਤੇ ਲਗਭਗ 5 ਦਹਾਕੇ ਦੀ ਰਾਜਨੀਤੀ 'ਤੇ ਉਨ੍ਹਾਂ ਨੇ ਜਗ ਬਾਣੀ/ਪੰਜਾਬ ਕੇਸਰੀ ਨਾਲ ਖੁੱਲ੍ਹ ਕੇ ਗੱਲਬਾਤ ਕੀਤੀ। ਪੇਸ਼ ਹਨ ਉਨ੍ਹਾਂ ਨਾਲ ਗੱਲਬਾਤ ਦੇ ਮੁੱਖ ਅੰਸ਼—
ਕੌਣ ਵੱਡਾ...ਨਹਿਰੂ, ਇੰਦਰਾ ਜਾਂ ਨਰਿੰਦਰ ਮੋਦੀ
ਭਾਰਤੀ ਰਾਜਨੀਤੀ 'ਚ ਜਿਹੜੇ ਲੋਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤੁਲਨਾ ਕਰਦੇ ਹਨ, ਉਹ ਸਹੀ ਨਹੀਂ ਹਨ। ਅਸੀਂ ਨਹਿਰੂ ਦੀ ਗੱਲ ਨਹੀਂ ਕਰਾਂਗੇ ਪਰ ਨਰਿੰਦਰ ਮੋਦੀ ਦੇ ਸਾਹਮਣੇ ਇੰਦਰਾ ਜੀ ਕੁਝ ਨਹੀਂ ਸੀ। ਇੰਦਰਾ ਨੇ ਇਕ ਹੀ ਕੰਮ ਕੀਤਾ, ਗਰੀਬੀ ਹਟਾਓ ਦਾ ਨਾਅਰਾ ਦਿੱਤਾ। ਇਹ ਵੀ ਨਾਅਰਾ ਉਦੋਂ ਦਿੱਤਾ ਜਦੋਂ ਵਿਰੋਧੀ ਧਿਰ ਦਾ ਭਾਰੀ ਦਬਾਅ ਸੀ। ਉਹ ਆਪਣੀਆਂ ਸਭਾਵਾਂ 'ਚ ਕਹਿੰਦੀ ਸੀ ਕਿ ਲੋਕ ਕਹਿੰਦੇ ਹਨ ਕਿ ਇੰਦਰਾ ਹਟਾਓ ਅਤੇ ਮੈਂ ਕਹਿੰਦੀ ਹਾਂ ਗਰੀਬੀ ਹਟਾਓ ਪਰ ਮੋਦੀ ਜੀ ਵਿਚ ਹਰ ਚੀਜ਼ ਸਾਕਾਰਾਤਮਕ ਹੈ। ਇੰਦਰਾ ਗਾਂਧੀ ਦੇ ਕੋਲ ਉਸ ਸਮੇਂ ਇਕ ਹੀ ਫਾਰਮੂਲਾ ਸੀ ਦਲਿਤਾਂ, ਬ੍ਰਾਹਮਣਾਂ ਅਤੇ ਮੁਸਲਮਾਨਾਂ ਦਾ ਗਠਜੋੜ। ਇਸੇ ਦੇ ਬਲਬੂਤੇ 'ਤੇ ਕਾਂਗਰਸ ਸਾਲਾਂ ਤੱਕ ਸੱਤਾ 'ਚ ਰਹੀ ਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਹਿਰੂ ਤੋਂ ਬਾਅਦ ਦੂਜੇ ਵੱਡੇ ਨੇਤਾ ਹਨ, ਜਿਨ੍ਹਾਂ ਦੇ ਨਾਂ 'ਤੇ ਲੋਕ ਵੋਟ ਦਿੰਦੇ ਹਨ। ਉਹ ਕਿਸੇ ਦੀ ਜਾਤ, ਧਰਮ ਜਾਂ ਹੋਰ ਸੌੜੇ ਮੁੱਦਿਆਂ ਦਾ ਕਦੇ ਵੀ ਆਪਣੇ ਭਾਸ਼ਣ 'ਚ ਜ਼ਿਕਰ ਨਹੀਂ ਕਰਦੇ ਹਨ। ਹੁਣ ਮੋਦੀ ਜੀ ਦੇ ਭਾਸ਼ਣ 'ਚ ਰਾਮ ਜਨਮ ਭੂਮੀ, ਕਸ਼ਮੀਰ 'ਚ ਧਾਰਾ 370 ਜਾਂ ਗਊ ਰੱਖਿਆਕਾਂ ਦਾ ਮੁੱਦਾ ਕਦੇ ਵੀ ਨਹੀਂ ਆਉਂਦਾ ਉਲਟਾ ਉਹ ਗਊ ਰੱਖਿਆ ਦੇ ਨਾਂ 'ਤੇ ਖਰੂਦ ਕਰਨ ਵਾਲਿਆਂ ਨੂੰ ਕਈ ਵਾਰ ਫਿਟਕਾਰ ਚੁੱਕੇ ਹਨ। ਮੋਦੀ ਜੀ ਤੁਸ਼ਟੀਕਰਨ ਦੀ ਨੀਤੀ 'ਤੇ ਨਹੀਂ ਚੱਲਦੇ। ਇਸ ਸਰਕਾਰ 'ਚ ਸਭ ਤੋਂ ਪਹਿਲਾਂ ਰਾਸ਼ਟਰ ਹਿੱਤ, ਫਿਰ ਪਾਰਟੀ ਹਿੱਤ ਅਤੇ ਉਸ ਤੋਂ ਬਾਅਦ ਵਿਅਕਤੀ ਦੇ ਹਿੱਤ ਅਤੇ ਲਾਭ ਦੀ ਗੱਲ ਹੁੰਦੀ ਹੈ।
ਜਦੋਂ ਲੋਕ ਭ੍ਰਿਸ਼ਟਾਚਾਰ ਨੂੰ ਸਮਾਜ ਵਿਚ ਕੈਂਸਰ ਵਾਂਗ ਮੰਨਣ ਲੱਗੇ ਸਨ, ਅਜਿਹੇ ਵਿਚ 3 ਸਾਲ ਮੋਦੀ ਸਰਕਾਰ ਨੂੰ ਬਣੇ ਹੋ ਗਏ ਹਨ ਪਰ ਇਕ ਵੀ ਮੰਤਰੀ 'ਤੇ ਇਸ ਦੌਰਾਨ ਕਿਸੇ ਵੀ ਤਰ੍ਹਾਂ ਦਾ ਭ੍ਰਿਸ਼ਟਾਚਾਰ ਦਾ ਦੋਸ਼ ਨਹੀਂ ਲੱਗਾ ਹੈ। ਆਪਣੇ ਆਪ 'ਚ ਇਹ ਬਹੁਤ ਵੱਡੀ ਗੱਲ ਹੈ। ਮੋਦੀ ਜਦੋਂ ਪਹਿਲੀ ਵਾਰ ਗੁਜਰਾਤ ਦੇ ਮੁੱਖ ਮੰਤਰੀ ਬਣੇ ਸਨ ਤਾਂ ਵਿਧਾਇਕ ਨਹੀਂ ਸਨ, ਬਾਅਦ 'ਚ ਚੋਣ ਲੜੇ। ਇਸੇ ਤਰ੍ਹਾਂ ਉਹ ਕੇਂਦਰ 'ਚ ਵੀ ਆਏ ਤਾਂ ਸਿੱਧੇ ਪ੍ਰਧਾਨ ਮੰਤਰੀ ਬਣੇ। ਉਨ੍ਹਾਂ ਅੰਦਰ ਨਵੀਆਂ ਚੀਜ਼ਾਂ ਸਿੱਖਣ ਦੀ ਚਾਹਤ ਦੇ ਨਾਲ ਹੀ ਇਕ ਵਿਜ਼ਨ ਵੀ ਹੈ। ਜਿੰਨੇ ਘੰਟੇ ਅੱਜ ਵੀ ਉਹ ਬਿਨਾਂ ਥੱਕੇ ਕੰਮ ਕਰਦੇ ਹਨ, ਉਨ੍ਹਾਂ ਦੀ ਊਰਜਾ ਦਾ ਪੱਧਰ ਉਨ੍ਹਾਂ ਨੂੰ ਹੋਰਨਾਂ ਤੋਂ ਅਲੱਗ ਹੀ ਨਹੀਂ ਵਿਸ਼ੇਸ਼ ਵੀ ਬਣਾਉਂਦਾ ਹੈ।
ਰਾਜਨੀਤੀ 'ਚ ਨੇਤਾ ਨੀਤੀ ਅਤੇ ਨੀਅਤ ਦੀ ਗੱਲ ਕਰਦੇ ਰਹਿੰਦੇ ਹਨ। ਦੇਸ਼ 'ਚ ਨੇਤਾ ਬਹੁਤ ਹਨ, ਨੀਤੀਆਂ ਵੀ ਹਜ਼ਾਰਾਂ ਹਨ ਪਰ ਨੀਅਤ ਜਦੋਂ ਤੱਕ ਸਾਫ ਨਾ ਹੋਵੇ ਸਭ ਬੇਕਾਰ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੀ ਨੀਅਤ ਉਤੇ ਕਦੇ ਕੋਈ ਸ਼ੱਕ ਨਹੀਂ ਕਰ ਸਕਦਾ। ਨੋਟਬੰਦੀ ਵਰਗਾ ਵੱਡਾ ਫੈਸਲਾ ਲੈ ਕੇ ਉਨ੍ਹਾਂ ਨੇ ਜਤਾ ਦਿੱਤਾ ਹੈ ਕਿ ਜਦੋਂ ਨੀਅਤ ਸਹੀ ਹੋਵੇ ਤਾਂ ਮੁਸ਼ਕਿਲ ਤੋਂ ਮੁਸ਼ਕਿਲ ਕੰਮ ਕਿਵੇਂ ਆਸਾਨ ਹੋ ਜਾਂਦਾ ਹੈ। ਜਦੋਂ ਇਹ ਫੈਸਲਾ ਆਇਆ ਸੀ ਤਾਂ ਅਸੀਂ ਲੋਕ ਵੀ ਦੁਖੀ ਸੀ।
ਸਭ ਤੋਂ ਵੱਡਾ ਫੈਸਲਾ
ਮੋਦੀ ਸਰਕਾਰ ਨੇ ਉਂਝ ਤਾਂ ਪਿਛਲੇ 3 ਸਾਲਾਂ 'ਚ ਸੈਂਕੜੇ ਮਹੱਤਵਪੂਰਨ ਫੈਸਲੇ ਕੀਤੇ ਹਨ। ਕੀ-ਕੀ ਨਾਂ ਲਈਏ ਪਰ ਇਨ੍ਹਾਂ 'ਚੋਂ ਜੇ ਕਦੇ ਸਭ ਤੋਂ ਵੱਡਾ ਫੈਸਲਾ ਪੁੱਛਿਆ ਜਾਵੇ ਤਾਂ ਮੈਂ ਕਹਾਂਗਾ ਕਿ ਨੋਟਬੰਦੀ ਦਾ ਫੈਸਲਾ ਸਭ ਤੋਂ ਵੱਡਾ ਫੈਸਲਾ ਸੀ। ਇਸ ਫੈਸਲੇ ਨਾਲ ਗਰੀਬਾਂ 'ਚ ਬਹੁਤ ਡੂੰਘਾ ਸੰਦੇਸ਼ ਗਿਆ। ਇਹ ਸਰਕਾਰ ਅਮੀਰਾਂ ਦੇ ਪੱਖ 'ਚ ਨਹੀਂ ਹੈ। ਗਰੀਬ ਲੋਕ ਇਸ ਫੈਸਲੇ ਤੋਂ ਖੁਸ਼ ਸਨ ਕਿ ਉਨ੍ਹਾਂ ਨੂੰ ਇਸ ਨਾਲ ਕੋਈ ਫਾਇਦਾ ਹੋਇਆ ਹੋਵੇ ਜਾਂ ਨਾ ਹੋਇਆ ਹੋਵੇ ਪਰ ਹੁਣ ਅਮੀਰਾਂ ਦੀ ਤਿਜੌਰੀ 'ਚ ਬੰਦ ਪੈਸਾ ਬਾਹਰ ਨਿਕਲ ਰਿਹਾ ਹੈ। ਉਂਝ ਮੇਰਾ ਕਹਿਣਾ ਹੈ ਕਿ ਭਾਰਤੀ ਅਰਥ ਵਿਵਸਥਾ 'ਚ ਇਸ ਫੈਸਲੇ ਦਾ ਵਿਆਪਕ ਅਸਰ ਦੇਖਣ ਨੂੰ ਮਿਲੇਗਾ।
ਸਰਕਾਰ 'ਚ ਭਾਈਵਾਲ ਪਾਰਟੀਆਂ ਨਾਲ ਭੇਦਭਾਵ ਨਹੀਂ
ਪਿਛਲੀਆਂ ਚੋਣਾਂ 'ਚ ਮੋਦੀ ਜੀ ਦੇ ਨਾਂ 'ਤੇ ਲੋਕਾਂ ਨੇ ਵੋਟ ਦਿੱਤੀ ਅਤੇ ਪਹਿਲੀ ਵਾਰ ਭਾਜਪਾ ਪੂਰਨ ਬਹੁਮਤ ਨਾਲ ਸਰਕਾਰ ਬਣਾਉਣ 'ਚ ਸਫਲ ਹੋਈ। ਪ੍ਰਧਾਨ ਮੰਤਰੀ ਨੇ ਭਾਜਪਾ ਦੇ ਪੂਰਨ ਬਹੁਮਤ 'ਚ ਹੋਣ ਦੇ ਬਾਵਜੂਦ ਕਦੇ ਵੀ ਭਾਈਵਾਲ ਪਾਰਟੀਆਂ ਨੂੰ ਅਣਡਿੱਠ ਨਹੀਂ ਕੀਤਾ। ਲੋਕ ਸਭਾ ਚੋਣਾਂ ਸਮੇਂ ਸ਼ਿਵ ਸੈਨਾ, ਅਕਾਲੀ ਅਤੇ ਲੋਕ ਜਨ ਸ਼ਕਤੀ 3 ਹੀ ਪ੍ਰਮੁੱਖ ਪਾਰਟੀਆਂ ਭਾਜਪਾ ਦੇ ਨਾਲ ਸਨ। ਤਿੰਨੋਂ ਪਾਰਟੀਆਂ ਦੇ ਨਾਲ ਹੀ ਹੋਰ ਛੋਟੀਆਂ ਪਾਰਟੀਆਂ ਨੂੰ ਸਰਕਾਰ 'ਚ ਪ੍ਰਤੀਨਿਧਤਾ ਦੇ ਕੇ ਮੋਦੀ ਨੇ ਭਾਈਵਾਲ ਪਾਰਟੀਆਂ ਦਾ ਖਿਆਲ ਰੱਖਿਆ ਹੈ। ਅੱਜ ਵੀ ਜਦੋਂ ਕਦੇ ਕਿਸੇ ਮੀਟਿੰਗ 'ਚ ਮੈਨੂੰ ਨਹੀਂ ਦੇਖਦੇ ਹਨ ਤਾਂ ਇਹ ਪੁੱਛਦੇ ਹਨ ਕਿ ਮੈਂ ਕਿਧਰ ਹਾਂ। ਭਾਈਵਾਲ ਪਾਰਟੀਆਂ ਦੇ ਨਾਲ ਮੋਦੀ ਜੀ ਦੇ ਇਸੇ ਵਤੀਰੇ ਕਾਰਨ ਰਾਸ਼ਟਰਪਤੀ ਚੋਣ 'ਚ ਭਾਜਪਾ ਉਮੀਦਵਾਰ ਰਾਮ ਨਾਥ ਕੋਵਿੰਦ ਦੇ ਪੱਖ 'ਚ ਛੋਟੀਆਂ-ਵੱਡੀਆਂ 40 ਪਾਰਟੀਆਂ ਦਾ ਸਾਥ ਮਿਲਿਆ ਹੈ।
ਨਿਤੀਸ਼ ਡਰਾਮੇਬਾਜ਼
ਜਦੋਂ ਮੈਂ ਰੇਲ ਮੰਤਰੀ ਸੀ ਤਾਂ ਕਿਹਾ ਕਰਦੇ ਸੀ ਕਿ 'ਵੇਅਰ ਦੇਅਰ ਇਜ਼ ਵਿਲ ਦੇਅਰ ਇਜ਼ ਰੇਲਵੇ, ਵੇਅਰ ਦੇਅਰ ਇਜ਼ ਨੋ ਵਿਲ ਦੇਅਰ ਇਜ਼ ਸਰਵੇ।' ਬਿਹਾਰ 'ਚ ਅੱਜ ਕਲ ਜੋ ਕੁਝ ਚੱਲ ਰਿਹਾ ਹੈ ਉਹ ਸਰਵੇ ਹੈ। ਨਿਤੀਸ਼ ਜੀ ਖੁਦ ਨੂੰ ਸੁਸ਼ਾਸਨ ਬਾਬੂ ਮੰਨਦੇ ਹਨ। ਜਦੋਂ ਜੀਤਨ ਰਾਮ ਮਾਂਝੀ ਨੂੰ ਹਟਾਇਆ ਸੀ ਤਾਂ ਉਹ ਸੁਸ਼ਾਸਨ ਬਾਬੂ ਕਹਾਉਣਾ ਪਸੰਦ ਕਰਦੇ ਸਨ। ਜਦੋਂ ਨੋਟਬੰਦੀ ਹੋਈ ਤਾਂ ਉਨ੍ਹਾਂ ਨੇ ਕਿਹਾ ਸੀ ਕਿ ਇਹ ਕੋਈ ਵੱਡਾ ਫੈਸਲਾ ਨਹੀਂ ਹੈ। ਬੇਨਾਮੀ ਜਾਇਦਾਦਾਂ ਦੇ ਵਿਰੁੱਧ ਕਾਰਵਾਈ ਹੋਣੀ ਚਾਹੀਦੀ ਹੈ। ਅੱਜ ਜਦੋਂ ਲਾਲੂ ਪ੍ਰਸਾਦ ਦੇ ਵਿਰੁੱਧ ਬੇਨਾਮੀ ਜਾਇਦਾਦਾਂ ਦਾ ਦਸਤਾਵੇਜ਼ੀ ਸਬੂਤ ਸਭ ਦੇ ਸਾਹਮਣੇ ਹੈ ਤੇ ਸੀ. ਬੀ. ਆਈ. ਰਿਪੋਰਟ ਤੱਕ ਦਰਜ ਕਰ ਚੁੱਕੀ ਹੈ ਤਾਂ ਸੁਸ਼ਾਸਨ ਬਾਬੂ ਕੀ ਕਰ ਰਹੇ ਹਨ, ਦੋਸ਼ੀ ਨੇਤਾਵਾਂ ਤੋਂ ਸਪੱਸ਼ਟੀਕਰਨ ਮੰਗ ਰਹੇ ਹਨ। ਹੁਣ ਲਾਲੂ ਯਾਦਵ ਅਤੇ ਤੇਜਸਵੀ ਯਾਦਵ ਸਮੇਤ ਪੂਰੀ ਰਾਜਦ ਪਾਰਟੀ ਸਪੱਸ਼ਟ ਕਰ ਚੁੱਕੀ ਹੈ ਕਿ ਤੇਜਸਵੀ ਉਪ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਨਹੀਂ ਦੇਣਗੇ। ਸੱਚਾਈ ਇਹ ਹੈ ਕਿ ਨਿਤੀਸ਼ ਕੁਮਾਰ ਡਰੇ ਹੋਏ ਹਨ। ਇਨ੍ਹਾਂ ਦੀ ਹਮੇਸ਼ਾ ਤੋਂ ਹੀ ਆਦਤ ਰਹੀ ਹੈ ਕਿ ਦੋ ਕਿਸ਼ਤੀਆਂ 'ਤੇ ਪੈਰ ਧਰਨਾ। ਨਿਤੀਸ਼ ਕੁਮਾਰ ਇਕ ਪਾਸੇ ਲਾਲੂ ਨੂੰ ਐੱਨ. ਡੀ. ਏ. ਦਾ ਡਰ ਦਿਖਾਉਂਦੇ ਹਨ ਤਾਂ ਦੂਜੇ ਪਾਸੇ ਐੱਨ. ਡੀ. ਏ. ਨੂੰ ਲਾਲੂ ਦਾ। ਜਦੋਂ ਲਾਲੂ ਤੋਂ ਵੱਖ ਹੋਣ ਦੀ ਗੱਲ ਆਈ ਤਾਂ ਸੂਬਾ ਭਾਜਪਾ ਪ੍ਰਧਾਨ ਨੇ ਨਿਤੀਸ਼ ਦੀ ਸਰਕਾਰ ਨੂੰ ਬਾਹਰੋਂ ਸਮਰਥਨ ਦੇਣ ਦਾ ਬਿਆਨ ਦੇ ਦਿੱਤਾ। ਇਸ ਤੋਂ ਬਾਅਦ ਉਹ ਪੂਰੀ ਤਰ੍ਹਾਂ ਖਾਮੋਸ਼ ਹੋ ਗਏ ਹਨ।
ਲਾਲੂ ਦੀ ਖੇਡ ਨਿਰਾਲੀ
ਲਾਲੂ ਯਾਦਵ ਬਹੁਤ ਤੇਜ਼ ਹਨ। ਜਦ (ਯੂ) ਤੋਂ ਜ਼ਿਆਦਾ ਵਿਧਾਇਕ ਉਨ੍ਹਾਂ ਕੋਲ ਹਨ। ਉਨ੍ਹਾਂ ਨੂੰ ਆਪਣੀ ਸਰਕਾਰ ਬਣਾਉਣ ਲਈ ਕਾਂਗਰਸ ਦੇ ਸਮਰਥਨ ਤੋਂ ਇਲਾਵਾ 15 ਵਿਧਾਇਕ ਹੋਰ ਚਾਹੀਦੇ ਹਨ। ਲਾਲੂ ਜਾਣਦੇ ਹਨ ਜਿਸ ਦਿਨ ਉਹ ਚਾਹੁਣਗੇ, ਉਸੇ ਦਿਨ ਉਹ ਜਦ (ਯੂ) ਨਾਲੋਂ ਰਿਸ਼ਤਾ ਤੋੜ ਕੇ ਕਾਂਗਰਸ ਦੇ ਸਮਰਥਨ ਨਾਲ ਬਿਹਾਰ ਵਿਚ ਸਰਕਾਰ ਬਣਾ ਲੈਣਗੇ। ਦਰਅਸਲ ਲਾਲੂ ਤਾਂ ਵਿਲੱਖਣ ਹਨ। ਉਨ੍ਹਾਂ ਦਾ ਇਕ ਹੱਥ ਪੈਰ ਛੂਹਣ ਲਈ ਤਿਆਰ ਰਹਿੰਦਾ ਹੈ ਤੇ ਦੂਸਰਾ ਗਰਦਨ ਦਬੋਚਣ ਲਈ।
ਮਾਇਆਵਤੀ ਦੀ ਲਾਲੂ ਨਾਲ ਹੈ ਗੰਢਤੁਪ
ਮਾਇਆਵਤੀ ਦਲਿਤਾਂ ਦੇ ਨਾਂ 'ਤੇ ਰਾਜ ਸਭਾ ਤੋਂ ਅਸਤੀਫਾ ਦੇ ਕੇ ਸ਼ਹੀਦ ਬਣਨਾ ਚਾਹੁੰਦੀ ਹੈ ਪਰ ਸ਼ਹੀਦ ਬਣਨ ਲਈ ਗਰਦਨ ਕਟਾਉਣੀ ਪੈਂਦੀ ਹੈ। ਉਂਗਲੀ ਕਟਾਉਣ ਨਾਲ ਕੋਈ ਸ਼ਹੀਦ ਨਹੀਂ ਹੁੰਦਾ ਹੈ। ਜਦੋਂ 6-8 ਮਹੀਨੇ ਦਾ ਕਾਰਜਕਾਲ ਰਾਜ ਸਭਾ ਵਿਚ ਬਾਕੀ ਰਹਿ ਗਿਆ ਤਾਂ ਉਨ੍ਹਾਂ ਨੇ ਅਸਤੀਫਾ ਦੇ ਦਿੱਤਾ। ਜਦੋਂ ਮੁੱਖ ਮੰਤਰੀ ਸੀ ਦਲਿਤਾਂ ਦੇ ਨਾਲ ਅੱਤਿਆਚਾਰ ਹੋਏ, ਉਦੋਂ ਅਸਤੀਫਾ ਨਹੀਂ ਦਿੱਤਾ।
ਅੱਜ ਉਹ ਆਪਣੇ ਬਲਬੂਤੇ 'ਤੇ ਮੁੜ ਰਾਜ ਸਭਾ ਵਿਚ ਨਹੀਂ ਪਰਤ ਸਕਦੀ ਹੈ ਤਾਂ ਲਾਲੂ ਯਾਦਵ ਨਾਲ ਤਾਲਮੇਲ ਬਣਾ ਰਹੀ ਹੈ। ਅਸਤੀਫਾ ਦੇਣਾ ਹੀ ਸੀ ਤਾਂ ਇਕੱਲੇ ਮਾਇਆਵਤੀ ਹੀ ਕਿਉਂ ਬਸਪਾ ਦੇ ਸਾਰੇ ਸੰਸਦ ਮੈਂਬਰਾਂ ਨੇ ਅਸਤੀਫਾ ਕਿਉਂ ਨਹੀਂ ਦਿੱਤਾ। ਕੀ ਉਹ ਦਲਿਤ ਅੱਤਿਆਚਾਰ ਦੇ ਖਿਲਾਫ ਨਹੀਂ ਹਨ। ਲਾਲੂ ਬਾਰੇ ਇਹ ਕਹਿਣਾ ਮੁਸ਼ਕਿਲ ਹੈ ਕਿ ਉਹ ਕੱਲ ਕੀ ਕਰਨਗੇ। ਰਹੀ ਗੱਲ ਮਾਇਆਵਤੀ ਦੀ, ਉਸ ਦੇ ਹੱਥੋਂ ਦਲਿਤ ਵੋਟ ਬੈਂਕ ਨਿਕਲ ਗਿਆ ਹੈ। ਉਹ ਬੌਖਲਾਈ ਹੋਈ ਹੈ।
ਸਰਵੈਂਟ ਜਾਂ ਗਵਰਨਮੈਂਟ
ਰਾਜਨੀਤੀ 'ਚ ਆਉਣ ਤੋਂ ਪਹਿਲਾਂ 1969 ਵਿਚ ਮੇਰੀ ਸਿਲੈਕਸ਼ਨ ਡੀ. ਐੱਸ. ਪੀ. (ਡਿਪਟੀ ਪੁਲਸ ਸੁਪਰਡੈਂਟ) ਅਹੁਦੇ ਦੇ ਲਈ ਹੋ ਚੁੱਕੀ ਸੀ। ਮੈਂ ਬਹੁਤ ਦੁਬਲਾ-ਪਤਲਾ ਸੀ। ਹੁਣ ਵਾਰੀ ਬਾਬੂਜੀ ਦੀ ਸੀ। ਉਨ੍ਹਾਂ ਨੇ ਢਾਈ ਸੌ ਰੁਪਏ ਦਿੰਦੇ ਕਿਹਾ ਕਿ ਲੈ ਇਸ ਨਾਲ ਖਾ ਪੀ ਅਤੇ ਸਿਹਤ ਠੀਕ ਕਰ। ਇਨ੍ਹੀਂ ਦਿਨੀਂ ਬਿਹਾਰ ਵਿਧਾਨ ਸਭਾ ਦੀਆਂ ਚੋਣਾਂ ਦਾ ਐਲਾਨ ਹੋ ਗਿਆ।
ਸਾਥੀ ਲੋਕ ਦਬਾਅ ਬਣਾਉਣ ਲੱਗੇ ਕਿ ਮੈਨੂੰ ਚੋਣ ਲੜਨੀ ਚਾਹੀਦੀ ਹੈ। ਮੈਂ ਵੀ ਸੋਚਿਆ ਕਿ ਇਕ ਵਾਰ ਚੋਣ ਲੜ ਲੈਂਦੇ ਹਾਂ। ਵੱਧ ਤੋਂ ਵੱਧ ਕੀ ਹੋਵੇਗਾ, ਚੋਣ ਹਾਰ ਹੀ ਤਾਂ ਜਾਵਾਂਗੇ। ੇ ਡੀ. ਐੱਸ. ਪੀ. ਦੀ ਨੌਕਰੀ ਬਾਅਦ ਵਿਚ ਵੀ ਜੁਆਇਨ ਕੀਤੀ ਜਾ ਸਕਦੀ ਹੈ। ਇਸੇ ਦੌਰਾਨ ਸੁਝਿਆ ਕਿ ਬਾਬੂਜੀ ਨੇ ਜੋ ਢਾਈ ਸੌ ਰੁਪਏ ਦਿੱਤੇ, ਉਸ ਨਾਲ ਸਾਈਕਲ ਖਰੀਦ ਲਿਆ ਜਾਵੇ, ਖਰੀਦ ਲਿਆ। ਉਸੇ ਸਾਈਕਲ ਨਾਲ ਘੁੰਮ-ਘੁੰਮ ਕੇ ਵਿਧਾਨ ਸਭਾ ਚੋਣਾਂ ਦੇ ਦੌਰਾਨ ਪ੍ਰਚਾਰ ਕਰਦਾ ਰਿਹਾ। ਮੈਂ ਜਿੱਤ ਗਿਆ। ਬਾਬੂਜੀ ਬਹੁਤ ਨਾਰਾਜ਼ ਹੋਏ। ਅਸੀਂ ਦੁਚਿੱਤੀ ਵਿਚ ਫਸ ਗਏ। ਪਿੰਡ ਦੇ ਸਾਡੇ ਇਕ ਸੀਨੀਅਰ ਨੇਤਾ ਸਨ। ਉਨ੍ਹਾਂ ਨੂੰ ਆਪਣੀ ਦੁਚਿੱਤੀ ਦੱਸੀ ਤਾਂ ਉਨ੍ਹਾਂ ਕਿਹਾ ਕਿ ਇਹ ਤਾਂ ਤੁਸੀਂ ਤੈਅ ਕਰਨਾ ਹੈ ਕਿ ਤੁਸੀਂ ਸਰਵੈਂਟ ਬਣਨਾ ਹੈ ਜਾਂ ਗਵਰਨਮੈਂਟ। ਇਸ ਤਰ੍ਹਾਂ ਮੈਂ ਸਿਆਸਤ ਵਿਚ ਪੂਰੀ ਤਰ੍ਹਾਂ ਆ ਗਿਆ। ਚੋਣਾਂ ਵਿਚ ਮੇਰਾ ਇਕ ਵੀ ਨਵਾਂ ਪੈਸਾ ਖਰਚ ਨਹੀਂ ਹੋਇਆ। ਚੋਣ ਲੜਨ ਦੀ ਉਮਰ ਪੂਰੀ ਨਾ ਹੋਣ ਦਾ ਮੇਰੇ ਉਪਰ ਮੁਕੱਦਮਾ ਵੀ ਚੱਲਿਆ।
ਜਦੋਂ ਜੇ. ਪੀ. ਨੇ ਦਿੱਤੇ 10 ਹਜ਼ਾਰ ਰੁਪਏ
ਐਮਰਜੈਂਸੀ ਵਿਚ ਮੈਂ ਜੇਲ ਵਿਚ ਸੀ। ਜਦੋਂ ਜੇਲ ਵਿਚੋਂ ਬਾਹਰ ਨਿਕਲਿਆ, 1977 ਵਿਚ ਲੋਕ ਸਭਾ ਚੋਣਾਂ ਦਾ ਐਲਾਨ ਹੋਇਆ। ਜੈ ਪ੍ਰਕਾਸ਼ ਜੀ ਨੇ ਇਕ ਦਿਨ ਕਿਹਾ ਕਿ ਮੈਂ ਹਾਜੀਪੁਰ ਤੋਂ ਚੋਣ ਲੜਨੀ ਹੈ। ਹਾਜੀਪੁਰ ਸਾਡੇ ਘਰ ਤੋਂ ਢਾਈ ਸੌ ਕਿਲੋਮੀਟਰ ਦੂਰ ਸੀ। ਮੈਂ ਕਿਹਾ ਕਿ ਮੈਂ ਇੰਨੀ ਦੂਰ ਕਿਵੇਂ ਚੋਣ ਲੜਾਂਗਾ। ਜੇ. ਪੀ. ਜੀ ਨੇ ਕਿਹਾ ਕਿ ਨਹੀਂ ਤੈਨੂੰ ਉਥੋਂ ਚੋਣ ਲੜਾਉਣ ਦਾ ਫੈਸਲਾ ਹੋ ਗਿਆ ਹੈ। ਸੂਚੀ ਵਿਚ ਮੇਰਾ ਨਾਂ ਨਹੀਂ ਸੀ। ਮੈਂ ਵੀ ਸੋਚਿਆ ਚੋਣ ਲੜਨ ਤੋਂ ਛੁੱਟੀ ਮਿਲੀ ਪਰ ਜੇ. ਪੀ. ਤਾਂ ਮੈਨੂੰ ਹੀ ਚੋਣ ਲੜਵਾਉਣਾ ਚਾਹੁੰਦੇ ਸਨ। ਉਨ੍ਹਾਂ ਨੇ ਮੈਨੂੰ ਬੁਲਾਇਆ ਤੇ ਕਿਹਾ ਕਿ ਜਾਹ ਹਾਜੀਪੁਰ ਤੋਂ ਨੋਮੀਨੇਸ਼ਨ ਕਰ ਦੇ ਜੋ ਵੀ ਸਿੰਬਲ ਮਿਲੇ, ਉਸੇ ਤੋਂ ਚੋਣ ਲੜ। 10 ਹਜ਼ਾਰ ਰੁਪਏ ਵੀ ਦਿੱਤੇ। ਚੋਣ ਹੋਈ ਅਤੇ ਮੈਂ ਇਤਿਹਾਸਕ ਰਿਕਾਰਡ ਵੋਟਾਂ ਨਾਲ ਜਿੱਤਿਆ। ਚੋਣ ਦੇ ਬਾਅਦ ਇਕ ਦਿਨ ਜਦੋਂ ਮੇਰੇ ਪੁਰਾਣੇ ਬਕਸੇ ਖੰਗਾਲੇ ਗਏ ਤਾਂ ਜੇ. ਪੀ. ਤੋਂ ਮਿਲੇ 10 ਹਜ਼ਾਰ ਰੁਪਏ ਉਸੇ ਵਿਚ ਰੱਖੇ ਮਿਲੇ ਜੋ ਬਾਅਦ ਵਿਚ ਪਾਰਟੀ ਨੂੰ ਵਾਪਸ ਕਰ ਦਿੱਤੇ।
ਸਵਰਨਕਾਰ ਪੁਲਸ ਦੀ ਢਿੱਲੀ ਕਾਰਗੁਜ਼ਾਰੀ ਵਿਰੁੱਧ ਉਤਰਨਗੇ ਸੜਕਾਂ 'ਤੇ
NEXT STORY