ਚੌਕ ਮਹਿਤਾ (ਕੈਪਟਨ/ਮਨਦੀਪ) : ਕਿਸਾਨ ਮਜਦੂਰ ਸੰੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਹੇਠ ਸੈਂਕੜੇ ਗੰਨਾਂ ਕਾਸ਼ਤਕਾਰਾਂ ਵੱਲੋਂ ਅੱਜ ਇੱਥੇ ਰਾਣਾ ਖੰਡ ਮਿੱਲ ਬੁੱਟਰ ਸਿਵੀਆਂ ਦੇ ਗੇਟ 'ਤੇ 135 ਕਰੋੜ ਰੁਪਏ ਦੇ ਬਕਾਏ ਖਿਲਾਫ ਧਰਨਾ ਸ਼ੁਰੂ ਕੀਤਾ ਗਿਆ ਹੈ। ਧਰਨਾਕਾਰੀਆਂ ਨੇ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ 'ਤੇ ਰਾਣਾ ਖੰਡ ਮਿੱਲ ਦੇ ਪ੍ਰਬੰਧਕਾਂ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਧਰਨੇ ਨੂੰ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂੰ, ਸਵਿੰਦਰ ਸਿੰਘ ਠੱਠੀਖਾਰਾ, ਗੁਰਲਾਲ ਸਿੰਘ ਪੰਡੋਰੀ ਰਣਸਿੰਘ, ਗੁਰਪ੍ਰੀਤ ਸਿੰਘ ਤੇ ਕੁਲਦੀਪ ਸਿੰਘ ਟਾਹਲੀ ਨੇ ਕਿਹਾ ਕਿ ਪੰਜਾਬ ਦੇ ਕਿਸਾਨ ਕਰਜ਼ੇ ਦੇ ਬੋਝ ਹੇਠ ਦੱਬ ਕੇ ਪਹਿਲਾਂ ਹੀ ਖੁਦਕੁਸ਼ੀਆਂ ਕਰ ਰਹੇ ਹਨ। ਉਪਰੋਂ ਸਰਕਾਰੀ, ਕਮਰਸ਼ੀਅਲ ਬੈਂਕਾਂ, ਸੋਸਾਇਟੀਆਂ ਤੇ ਆੜ੍ਹਤੀਆਂ ਵੱਲੋਂ ਡਿਫਾਲਟਰ ਕਿਸਾਨਾਂ ਖਿਲਾਫ ਕੁਰਕੀਆਂ ਤੇ ਗ੍ਰਿਫਤਾਰੀਆਂ ਦੇ ਨੋਟਿਸ ਕੱਢੇ ਜਾ ਰਹੇ ਹਨ ਜਦੋਂ ਕਿ ਰਾਣਾ ਖੰਡ ਮਿੱਲ ਸਮੇਤ ਹੋਰ ਸਰਕਾਰੀ ਤੇ ਨਿੱਜੀ ਖੰਡ ਮਿੱਲਾਂ ਵੱਲ ਬੀਤੇ 7 ਮਹੀਨੇ ਤੋਂ ਕਿਸਾਨਾਂ ਦਾ 800 ਕਰੋੜ ਤੋਂ ਵੱਧ ਬਕਾਇਆ ਖੜ੍ਹਾ ਹੈ।ਕਾਨੂੰਨ ਮੁਤਾਬਕ 15 ਦਿਨ ਤੋਂ ਵੱਧ ਸਮਾਂ ਪੇਮੈਂਟ ਨਾ ਕਰਨ 'ਤੇ ਕਿਸਾਨਾਂ ਨੂੰ ਡੇਢ ਫੀਸਦੀ ਵਿਆਜ਼ ਦੇਣਾਂ ਲਾਜ਼ਮੀ ਹੈ ਪਰ ਰਾਣਾ ਖੰਡ ਮਿੱਲ ਇਸ ਦੇ ਉਲਟ ਕਿਸਾਨਾਂ ਦਾ ਕਰੋੜਾਂ ਰੁਪਿਆ ਦੱਬ ਕੇ ਬੈਠੀ ਹੈ। ਜਿਸ ਦੇ ਫਲਸਰੂਪ ਕਾਸ਼ਤਕਾਰ ਗੰਨਾਂ ਵੇਚ ਕੇ ਦਰ-ਦਰ ਦੀਆਂ ਠੋਕਰਾਂ ਖਾਣ ਲਈ ਮਜਬੂਰ ਹਨ। ਜੋ ਕੇਂਦਰ ਅਤੇ ਸੂਬਾਂ ਸਰਕਾਰਾਂ ਦੇ ਮੱਥੇ 'ਤੇ ਕਲੰਕ ਨਾਲੋਂ ਘੱਟ ਨਹੀਂ ਹੈ।
ਉਕਤ ਆਗੂਆਂ ਨੇ ਰਾਣਾ ਸ਼ੁਗਰ ਮਿੱਲ ਬੁੱਟਰ ਸਿਵੀਆਂ ਦੇ 135 ਕਰੋੜ ਰੁਪਏ ਦੇ ਬਕਾਏ ਸਮੇਤ ਕੀੜੀ ਅਫਗਾਨਾਂ ਮਿੱਲ, ਰੰਧਾਵਾ ਖੰਡ ਮਿੱਲ ਦਸੂਹਾ, ਮੁਕੇਰੀਆਂ ਖੰਡ ਮਿੱਲ ਪਨਿਆੜ ਤੇ ਪੰਜਾਬ ਦੀਆਂ ਹੋਰ ਖੰਡ ਮਿੱਲਾਂ ਤੋਂ ਸੈਕੜੇ ਕਰੋੜ ਦਾ ਬਕਾਇਆ ਕਾਨੂੰਨ ਮੁਤਾਬਕ ਡੇਢ ਫੀਸਦੀ ਵਿਆਜ਼ ਸਮੇਤ ਤੁਰੰਤ ਜਾਰੀ ਕਰਨ ਦੀ ਮੰਗ ਕੀਤੀ।
ਕੀ ਬੋਲੇ ਮਿੱਲ ਅਧਿਕਾਰੀ
ਇਸ ਸਬੰਧੀ ਰਾਣਾ ਖੰਡ ਮਿੱਲ ਦੇ ਪ੍ਰਬੰਧਕ ਅਮਰੀਕ ਸਿੰਘ ਬੁੱਟਰ ਨਾਲ ਸਪੰਰਕ ਕਰਨ 'ਤੇ ਉਨਾ੍ਹਂ ਦੱਸਿਆ ਕਿ ਮਿੱਲ ਨੂੰ ਪਿੱਛੋਂ ਪੇਮੈਂਟ ਨਾ ਮਿਲਣ ਕਾਰਨ ਦੇਰੀ ਹੋਈ ਹੈ। ਪੇਮੈਂਟ ਆਉਣ 'ਤੇ ਤੁਰੰਤ ਭੁਗਤਾਨ ਕਰ ਦਿੱਤਾ ਜਾਵੇਗਾ।
ਟਵਿੱਟਰ 'ਤੇ ਬੋਲੇ ਭਗਵੰਤ ਮਾਨ 'ਪਾਰਟੀ ਦੀ ਹਾਲਤ 'ਤੇ ਦੁਖੀ', ਸਮਰਥਕਾਂ ਨੇ ਕੀਤੀ ਆਲੋਚਨਾ
NEXT STORY