ਫ਼ਰੀਦਕੋਟ, (ਹਾਲੀ)- ਕਲਾਸ ਫੋਰ ਗੌਰਮਿੰਟ ਇੰਪਲਾਈਜ਼ ਯੂਨੀਅਨ ਪੰਜਾਬ ਨੇ ਪੰਜਾਬ ਸਰਕਾਰ ਵੱਲੋਂ ਮੁਲਾਜ਼ਮ ਮੰਗਾਂ ਪ੍ਰਤੀ ਧਾਰੀ ਚੁੱਪੀ ਨੂੰ ਤੋੜਨ ਅਤੇ ਰੋਸ ਪ੍ਰਗਟ ਕਰਨ ਲਈ ਮਾਰਚ ਮਹੀਨੇ ਦੌਰਾਨ ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ 'ਚ ਸੂਬਾ ਪੱਧਰੀ ਰੈਲੀ ਕਰ ਕੇ ਸਭਾ ਦਾ ਘਿਰਾਓ ਕਰਨਗੇ।
ਇਸ ਤੋਂ ਪਹਿਲਾਂ 20 ਫ਼ਰਵਰੀ ਨੂੰ ਸਮੂਹ ਜ਼ਿਲਾ ਹੈੱਡ ਕੁਆਰਟਰਾਂ ਅਤੇ ਡਿਪਟੀ ਕਮਿਸ਼ਨਰਾਂ ਦੇ ਦਫਤਰਾਂ ਅੱਗੇ ਰੋਸ ਰੈਲੀਆਂ ਕਰ ਕੇ ਪੰਜਾਬ ਸਰਕਾਰ ਦੀਆਂ ਅਰਥੀਆਂ ਫੂਕਣ ਦਾ ਐਲਾਨ ਕੀਤਾ ਹੈ। ਉਲੀਕੇ ਗਏ ਐਕਸ਼ਨ ਦੀ ਤਿਆਰੀ ਲਈ ਸਥਾਨਕ ਬ੍ਰਜਿੰਦਰਾ ਕਾਲਜ ਵਿਖੇ ਜਥੇਬੰਦੀ ਦੇ ਸੂਬਾਈ ਸਕੱਤਰ ਜਨਰਲ ਰਣਜੀਤ ਸਿੰਘ ਦੀ ਪ੍ਰਧਾਨਗੀ ਹੇਠ ਇਕ ਜ਼ੋਨਲ ਮੀਟਿੰਗ ਕੀਤੀ ਗਈ।
ਇਸ ਮੀਟਿੰਗ 'ਚ ਸ੍ਰੀ ਮੁਕਤਸਰ ਸਾਹਿਬ, ਫ਼ਿਰੋਜ਼ਪੁਰ, ਫਾਜ਼ਿਲਕਾ, ਫ਼ਰੀਦਕੋਟ, ਬਠਿੰਡਾ ਅਤੇ ਮੋਗਾ ਜ਼ਿਲਿਆਂ ਦੇ ਮੁਲਾਜ਼ਮ ਆਗੂਆਂ ਨੇ ਸ਼ਮੂਲੀਅਤ ਕੀਤੀ। ਮੀਟਿੰਗ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਕਿਹਾ ਕਿ ਪੰਜਾਬ ਸਰਕਾਰ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਮੁਲਾਜ਼ਮਾਂ ਨਾਲ ਕੀਤੇ ਵਾਅਦੇ ਪੂਰੇ ਕਰਨ ਤੋਂ ਲਗਾਤਾਰ ਟਾਲਾ ਵੱਟ ਰਹੀ ਹੈ, ਸਾਰੇ ਮੁਲਾਜ਼ਮਾਂ ਨੂੰ ਜਨਵਰੀ ਅਤੇ ਜੁਲਾਈ 2017 ਤੋਂ ਬਣਦੀਆਂ ਮਹਿੰਗਾਈ ਭੱਤੇ ਦੀਆਂ ਕਿਸ਼ਤਾਂ ਨਹੀਂ ਦਿੱਤੀਆਂ ਜਾ ਰਹੀਆਂ, ਪੰਜਾਬ ਦੇ ਛੇਵੇਂ ਤਨਖਾਹ ਕਮਿਸ਼ਨ ਨੂੰ ਰਿਪੋਰਟ ਦੇਣ ਲਈ ਸਮਾਂਬੱਧ ਨਹੀਂ ਕੀਤਾ ਜਾ ਰਿਹਾ।
ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਦੀਆਂ ਮੁਲਾਜ਼ਮ ਵਿਰੋਧੀ ਨੀਤੀਆਂ ਖਿਲਾਫ਼ ਜਥੇਬੰਦੀਆਂ ਨੂੰ ਸੰਘਰਸ਼ ਦਾ ਰਸਤਾ ਤਿੱਖਾ ਕਰਨ ਲਈ ਮਜਬੂਰ ਕੀਤਾ ਜਾ ਰਿਹਾ ਹੈ। ਇਸ ਦੌਰਾਨ ਮੁਲਾਜ਼ਮਾਂ ਨੇ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜ਼ੀ ਵੀ ਕੀਤੀ।
ਇਸ ਸਮੇਂ ਨਛੱਤਰ ਸਿੰਘ ਭਾਣਾ ਜ਼ਿਲਾ ਪ੍ਰਧਾਨ, ਇਕਬਾਲ ਸਿੰਘ ਰਣ ਸਿੰਘ ਵਾਲਾ, ਹਰਭਗਵਾਨ, ਚਮਨ ਲਾਲ ਸੰਗੋਲੀਆ, ਹਰੀ ਬਹਾਦਰ ਬਿੱਟੂ, ਜੋਗਿੰਦਰ ਸਿੰਘ, ਸੁਖਦੇਵ ਸਿੰਘ, ਪ੍ਰਵੀਨ ਕੁਮਾਰ, ਰਾਮ ਪ੍ਰਸਾਦ, ਗੁਰਬੰਸ ਸਿੰਘ, ਮਨਜੀਤ ਸਿੰਘ, ਜਗਜੀਤ ਸਿੰਘ, ਰਮੇਸ਼ ਢੈਪਈ, ਪ੍ਰੇਮ ਚਾਵਲਾ, ਬਲਦੇਵ ਸਿੰਘ, ਅਸ਼ੋਕ ਕੌਸ਼ਲ, ਕੁਲਵੰਤ ਸਿੰਘ ਚਾਨੀ ਆਦਿ ਨੇ ਸੰਬੋਧਨ ਕੀਤਾ।
ਫੌਜ ਦਾ ਟਰੱਕ ਹਾਦਸੇ ਦਾ ਸ਼ਿਕਾਰ, ਇਕ ਫੌਜੀ ਜ਼ਖਮੀ
NEXT STORY