ਖਨੌਰੀ (ਹਰਜੀਤ ਸਿੰਘ)—ਕਥਿਤ ਤੌਰ 'ਤੇ ਜਬਰ- ਜ਼ਨਾਹ ਮਗਰੋਂ ਅੱਗ ਲਾ ਕੇ ਸਾੜੀ ਲੜਕੀ ਦੇ ਵਾਰਸਾਂ ਵੱਲੋਂ ਇਨਸਾਫ਼ ਦੀ ਮੰਗ ਕਰਦਿਆਂ ਸ਼ਹਿਰ 'ਚ ਲੜਕੀ ਦੀ ਲਾਸ਼ ਸੜਕ 'ਤੇ ਰੱਖ ਕੇ 5 ਘੰਟੇ ਦਿੱਲੀ-ਲੁਧਿਆਣਾ ਕੌਮੀ ਸ਼ਾਹ ਮਾਰਗ ਜਾਮ ਕਰ ਕੇ ਪੁਲਸ ਪ੍ਰਸ਼ਾਸਨ ਖ਼ਿਲਾਫ਼ ਪ੍ਰਦਰਸ਼ਨ ਕੀਤਾ ਗਿਆ, ਜਿਸ 'ਚ ਵੱਡੀ ਗਿਣਤੀ 'ਚ ਵੱਖ-ਵੱਖ ਪਿੰਡਾਂ ਦੇ ਲੋਕ ਸ਼ਾਮਲ ਹੋਏ। ਜਦਕਿ ਪੁਲਸ ਵੱਲੋਂ ਦੋ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਕੇ ਪੁਲਸ ਰਿਮਾਂਡ ਹਾਸਲ ਕਰ ਲੈਣ ਦਾ ਦਾਅਵਾ ਕੀਤਾ ਗਿਆ ਹੈ। ਗੱਲਬਾਤ ਕਰਦੇ ਹੋਏ ਪਿੰਡ ਦੇ ਸਾਬਕਾ ਸਰਪੰਚ ਜਸਵੰਤ ਸਿੰਘ ਅਤੇ ਗੋਬਿੰਦ ਸਿੰਘ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਸਾਡੀ ਬੱਚੀ, ਜਿਸ ਦੀ ਉਮਰ 15 ਸਾਲ ਹੈ, ਖਨੌਰੀ ਵਿਖੇ ਸਿਲਾਈ ਸਿੱਖਣ ਆਉਂਦੀ ਸੀ ਅਤੇ ਪਿੰਡ ਦੇ ਕੁਝ ਵਿਅਕਤੀਆਂ ਨੇ 22 ਅਪ੍ਰੈਲ ਨੂੰ ਮ੍ਰਿਤਕ ਲੜਕੀ ਨੂੰ ਖਨੌਰੀ ਤੋਂ ਅਗਵਾ ਕਰ ਲਿਆ।
ਪਰਿਵਾਰਕ ਮੈਂਬਰਾਂ ਨੇ ਦੋਸ਼ ਲਾਇਆ ਕਿ ਬੱਚੀ ਨਾਲ ਪਹਿਲਾਂ ਤਾਂ ਜਬਰ-ਜ਼ਨਾਹ ਕੀਤਾ ਅਤੇ ਉਸ ਤੋਂ ਬਾਅਦ ਬੱਚੀ ਦੇ ਸਰੀਰ ਦੇ ਟੁੱਕੜੇ ਕਰ ਕੇ ਲਾਸ਼ ਨੂੰ ਪੈਟਰੋਲ ਨਾਲ ਸਾੜਨ ਦੀ ਕੋਸ਼ਿਸ ਕੀਤੀ। ਖਨੌਰੀ ਪੁਲਸ ਨੇ ਦੋ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਪਰ ਇਸ ਵਿਚ ਪਿੰਡ ਦੇ ਕੁਝ ਹੋਰ ਵਿਅਕਤੀਆਂ ਦੇ ਖ਼ਿਲਾਫ਼ ਕੋਈ ਕਰਵਾਈ ਨਹੀਂ ਕੀਤੀ, ਜਿਸ ਦੇ ਰੋਸ ਵਜੋਂ ਲਾਸ਼ ਨੂੰ ਸੜਕ 'ਤੇ ਰੱਖ ਕੇ ਜਾਮ ਲਾਇਆ ਗਿਆ ਹੈ। ਵਾਰਸਾਂ ਦਾ ਕਹਿਣਾ ਸੀ ਕਿ ਸਰਕਾਰ ਦਾ ਕੋਈ ਵੀ ਅਧਿਕਾਰੀ ਪੀੜਤ ਪਰਿਵਾਰ ਦੀ ਮਦਦ ਜਾਂ ਹਮਦਰਦੀ ਪ੍ਰਗਟਾਉਣ ਲਈ ਨਹੀਂ ਆਇਆ। ਧਰਨਾਕਾਰੀਆਂ ਵੱਲੋਂ ਕਥਿਤ ਰੂਪ ਵਿਚ ਪਿੰਡ ਦੇ ਮੌਜੂਦਾ ਸਰਪੰਚ ਤੇ ਦੋਸ਼ੀਆਂ ਦੀ ਮਦਦ ਕਰਨ ਅਤੇ ਪੀੜਤ ਪਰਿਵਾਰ ਨੂੰ ਧਮਕਾਉਣ ਦਾ ਦੋਸ਼ ਲਗਾਉਂਦਿਆਂ ਉਸ ਖ਼ਿਲਾਫ਼ ਕੇਸ ਦਰਜ ਕਰਨ ਦੀ ਮੰਗ ਵੀ ਕੀਤੀ ਗਈ। ਸੂਚਨਾ ਮਿਲਦੇ ਹੀ ਡੀ.ਐੱਸ.ਪੀ. ਮੂਨਕ ਕੁਲਦੀਪ ਸਿੰਘ ਵਿਰਕ ਅਤੇ ਐੱਸ.ਐੱਚ.ਓ. ਪਾਤੜਾਂ ਰਣਵੀਰ ਸਿੰਘ ਵੱਲੋਂ ਮੌਕੇ 'ਤੇ ਪੁੱਜ ਕੇ ਧਰਨਾਕਾਰੀਆਂ ਨੂੰ ਸਮਝਾਉਣ ਦੀ ਬਹੁਤ ਕੋਸ਼ਿਸ਼ ਕੀਤੀ ਗਈ ਅਤੇ ਕਰੀਬ 5 ਘੰਟਿਆਂ ਦੀ ਜੱਦੋ-ਜਹਿਦ ਮਗਰੋਂ ਪਾਤੜਾਂ ਪੁਲਸ ਵੱਲੋਂ ਪੀੜਤ ਪਰਿਵਾਰ ਨੂੰ ਧਮਕਾਉਣ ਵਾਲਿਆਂ ਖ਼ਿਲਾਫ਼ ਕੇਸ ਦਰਜ ਕਰਨ ਅਤੇ ਖਨੌਰੀ ਪੁਲਸ ਵੱਲੋਂ ਰਿਮਾਂਡ ਦੌਰਾਨ ਵਾਰਦਾਤ ਵਿਚ ਸ਼ਾਮਲ ਹੋਰ ਵਿਅਕਤੀਆਂ ਬਾਰੇ ਪੁੱਛ-ਗਿੱਛ ਮਗਰੋਂ ਕਾਰਵਾਈ ਕਰਨ ਦਾ ਭਰੋਸਾ ਦੇ ਕੇ ਜਾਮ ਖੁਲ੍ਹਵਾਇਆ ਗਿਆ। ਖ਼ਬਰ ਲਿਖੇ ਜਾਣ ਤੱਕ ਮ੍ਰਿਤਕਾ ਦਾ ਅੰਤਿਮ ਸੰਸਕਾਰ ਨਹੀਂ ਕੀਤਾ ਗਿਆ ਸੀ।
ਇਸ ਕੇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡੀ. ਐੱਸ. ਪੀ. ਮੂਨਕ ਕੁਲਦੀਪ ਸਿੰਘ ਵਿਰਕ ਅਤੇ ਐੱਸ. ਐੱਚ. ਓ. ਖਨੌਰੀ ਇੰਸ. ਸੋਹਣ ਸਿੰਘ ਨੇ ਦੱਸਿਆ ਕਿ ਇਸ ਅੰਨ੍ਹੇ ਕਤਲ ਦੀ ਗੁੱਥੀ ਨੂੰ ਖਨੌਰੀ ਪੁਲਸ ਵੱਲੋਂ 24 ਘੰਟਿਆਂ ਅੰਦਰ ਸੁਲਝਾਅ ਲਿਆ ਗਿਆ ਅਤੇ ਵਾਰਦਾਤ ਵਿਚ ਸ਼ਾਮਲ ਦੋਵੇਂ ਦੋਸ਼ੀਆਂ ਨਵਦੀਪ ਸਿੰਘ (17) ਅਤੇ ਰਛਪਾਲ ਸਿੰਘ (20) ਨੂੰ ਪੇਸ਼ ਅਦਾਲਤ ਕਰ ਕੇ ਰਿਮਾਂਡ ਦੀ ਮੰਗ ਕੀਤੀ ਗਈ ਸੀ, ਜਿਸ 'ਤੇ ਅਦਾਲਤ ਵੱਲੋਂ ਨਾਬਾਲਗ ਦੋਸ਼ੀ ਨੂੰ ਆਬਜ਼ਰਵੇਸ਼ਨ ਹੋਮ ਸ਼ਿਮਲਾਪੁਰੀ ਲੁਧਿਆਣਾ ਜੁਡੀਸ਼ੀਅਲ ਰਿਮਾਂਡ ਅਤੇ ਦੋਸ਼ੀ ਰਛਪਾਲ ਦਾ ਇਕ ਦਿਨ ਦਾ ਪੁਲਸ ਰਿਮਾਂਡ ਦਿੱਤਾ ਗਿਆ ਹੈ। ਦੋਸ਼ੀਆਂ ਤੋਂ ਵਾਰਦਾਤ ਸਬੰਧੀ ਪੁੱਛ-ਗਿੱਛ ਕੀਤੀ ਜਾ ਰਹੀ ਹੈ।
ਫਿਰੋਜ਼ਪੁਰ ਹਲਕੇ ਤੋਂ ਸੁਖਬੀਰ ਸਿੰਘ ਬਾਦਲ ਨੇ ਭਰਿਆ ਨਾਮਜ਼ਦਗੀ ਪੱਤਰ
NEXT STORY