ਜਲੰਧਰ (ਰਾਜੇਸ਼)— ਸ਼ਹਿਰ 'ਚ ਹੋ ਰਹੇ ਸੜਕ ਹਾਦਸਿਆਂ 'ਤੇ ਰੋਕ ਲਾਉਣ ਲਈ ਜਿੱਥੇ ਪ੍ਰਸ਼ਾਸਨ ਕਈ ਕਦਮ ਚੁੱਕ ਰਿਹਾ ਹੈ ਉਥੇ ਹੀ ਪ੍ਰਸ਼ਾਸਨ ਦੀਆਂ ਕੁਝ ਨਾਕਾਮੀਆਂ ਕਾਰਨ ਹਾਦਸੇ ਘੱਟ ਹੋਣ ਦੀ ਬਜਾਏ ਵਧਦੇ ਜਾ ਰਹੇ ਹਨ। ਸ਼ਹਿਰ ਦੇ ਜਿਨ੍ਹਾਂ ਚੌਰਾਹਿਆਂ 'ਤੇ ਜ਼ਿਆਦਾ ਹਾਦਸੇ ਹੁੰਦੇ ਸਨ ਉਨ੍ਹਾਂ ਚੌਰਾਹਿਆਂ 'ਤੇ ਹਾਦਸੇ ਘੱਟ ਕਰਨ ਲਈ ਟ੍ਰੈਫਿਕ ਲਾਈਟਾਂ ਲਾਈਆਂ ਗਈਆਂ ਸਨ ਤਾਂ ਕਿ ਹਾਦਸਿਆਂ 'ਚ ਕਮੀ ਆ ਜਾਵੇ ਪਰ ਟ੍ਰੈਫਿਕ ਲਾਈਟਾਂ ਲਾਉਣ ਤੋਂ ਬਾਅਦ ਉਨ੍ਹਾਂ ਨੂੰ ਸ਼ਾਇਦ ਚਾਲੂ ਕਰਨਾ ਪ੍ਰਸ਼ਾਸਨ ਭੁੱਲ ਗਿਆ ਹੈ। ਸ਼ਹਿਰ ਦੇ ਕਈ ਚੌਰਾਹੇ ਅਜੇ ਤਕ ਅਜਿਹੇ ਹਨ ਜੋ ਟ੍ਰੈਫਿਕ ਲਾਈਟਾਂ ਦੇ ਇੰਤਜ਼ਾਰ ਵਿਚ ਹਨ ਅਤੇ ਉਥੇ ਲਾਈਟਾਂ ਲੱਗ ਵੀ ਗਈਆਂ ਹਨ ਪਰ ਅਜੇ ਚਾਲੂ ਨਹੀਂ ਹੋਈਆਂ। ਨਕੋਦਰ ਰੋਡ ਨੂੰ ਜਾਣ ਵਾਲੀ ਸੜਕ ਜਿਥੇ ਰੋਜ਼ਾਨਾ ਦੁਰਘਟਨਾਵਾਂ ਹੋ ਰਹੀਆਂ ਸਨ ਅਤੇ ਲੰਬੇ ਜਾਮ ਲੱਗ ਰਹੇ ਸਨ, ਤੋਂ ਛੁਟਕਾਰਾ ਪਾਉਣ ਲਈ ਪ੍ਰਸ਼ਾਸਨ ਨੇ ਖਾਲਸਾ ਸਕੂਲ ਦੇ ਬਾਹਰ ਅਤੇ ਰਵਿਦਾਸ ਚੌਕ 'ਚ ਟ੍ਰੈਫਿਕ ਲਾਈਟਾਂ ਲਗਵਾ ਦਿੱਤੀਆਂ ਸਨ। ਕਰੀਬ 4 ਮਹੀਨੇ ਹੋ ਚੁੱਕੇ ਹਨ ਪਰ ਉਹ ਲਾਈਟਾਂ ਅਜੇ ਤਕ ਚਾਲੂ ਨਹੀਂ ਹੋ ਸਕੀਆਂ ਜਿਸ ਕਾਰਨ ਹਾਦਸਿਆਂ 'ਚ ਕੋਈ ਕਮੀ ਨਹੀਂ ਆਈ ਹੈ।

ਕੁਝ ਦਿਨ ਪਹਿਲਾਂ ਵੇਰਕਾ ਮਿਲਕ ਪਲਾਂਟ ਦਾ ਟੈਂਪੂ ਰਵਿਦਾਸ ਚੌਕ ਉੱਪਰ ਚੜ੍ਹ ਗਿਆ ਜਿਸ ਨਾਲ ਚੌਕ ਵੀ ਨੁਕਸਾਨਿਆ ਗਿਆ ਅਤੇ ਟੈਂਪੂ ਚਾਲਕ ਨੂੰ ਸੱਟਾਂ ਵੀ ਲੱਗੀਆਂ ਹਨ। ਟੈਂਪੂ ਚਾਲਕ ਨੂੰ ਧੁੰਦ ਵਿਚ ਚੌਕ ਨਜ਼ਰ ਨਹੀਂ ਆਇਆ ਜਿਸ ਕਾਰਨ ਉਹ ਹਾਦਸਾ ਹੋਇਆ। ਜੇਕਰ ਉਦੋਂ ਚੌਕ ਵਿਚ ਲਾਈਟਾਂ ਜਗ ਰਹੀਆਂ ਹੁੰਦੀਆਂ ਤਾਂ ਉਹ ਹਾਦਸਾ ਨਾ ਹੁੰਦਾ ਪਰ ਲਾਈਟਾਂ ਲਗਾਉਣ ਦੇ ਬਾਅਦ ਸ਼ਾਇਦ ਪ੍ਰਸ਼ਾਸਨ ਉਨ੍ਹਾਂ ਨੂੰ ਸ਼ੁਰੂ ਕਰਨ ਵਿਚ ਰੁਚੀ ਨਹੀਂ ਦਿਖਾ ਰਿਹਾ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਲਾਈਟਾਂ ਲਾਉਣ ਦੇ ਬਾਅਦ ਹਾਦਸਿਆਂ ਵਿਚ ਕਮੀ ਆਉਣੀ ਸੀ ਪਰ ਉਥੇ ਲੱਗਣ ਵਾਲੇ ਲੰਬੇ ਜਾਮ ਤੋਂ ਅਜੇ ਤਕ ਨਿਜਾਤ ਨਹੀਂ ਮਿਲੀ।
ਠੇਕੇਦਾਰ ਦੀ ਪੇਮੈਂਟ ਰੁਕਣ ਕਾਰਨ ਨਹੀਂ ਚੱਲੀਆਂ ਲਾਈਟਾਂ : ਏ. ਸੀ. ਪੀ. ਟ੍ਰੈਫਿਕ
ਰਵਿਦਾਸ ਚੌਕ ਤੇ ਖਾਲਸਾ ਸਕੂਲ ਦੇ ਬਾਹਰ ਟ੍ਰੈਫਿਕ ਲਾਈਟਾਂ ਲਾਉਣ ਦੇ ਬਾਵਜੂਦ ਚਾਲੂ ਨਾ ਹੋਣ ਬਾਰੇ ਏ. ਸੀ. ਪੀ. ਟ੍ਰੈਫਿਕ ਹਰਬਿੰਦਰ ਨੇ ਦੱਸਿਆ ਕਿ ਲਾਈਟਾਂ ਲੱਗਣ ਤੋਂ ਬਾਅਦ ਚਾਲੂ ਹੋਣਾ ਬਹੁਤ ਜ਼ਰੂਰੀ ਹੈ ਪਰ ਠੇਕੇਦਾਰ ਦੀ ਪੇਮੈਂਟ ਪੈਂਡਿੰਗ ਹੋਣ ਕਾਰਨ ਅਜੇ ਤਕ ਇਹ ਲਾਈਟਾਂ ਸ਼ੁਰੂ ਨਹੀਂ ਹੋਈਆਂ। ਉਨ੍ਹਾਂ ਨੇ ਕਿਹਾ ਕਿ ਮਾਮਲਾ ਡੀ. ਸੀ. ਦੇ ਧਿਆਨ ਵਿਚ ਆ ਚੁੱਕਾ ਹੈ ਜਿਸ ਨੂੰ ਜਲਦ ਹੀ ਹੱਲ ਕਰ ਦਿੱਤਾ ਜਾਵੇਗਾ।
ਜੀ. ਐੱਸ. ਟੀ. ਖਿਲਾਫ ਧਰਨੇ 'ਤੇ ਬੈਠੇ ਨਵਜੋਤ ਸਿੱਧੂ ਬੋਲੇ, 'ਵੱਡੇ ਪੱਧਰ 'ਤੇ ਚੱਲੇਗਾ ਅੰਦੋਲਨ' (ਵੀਡੀਓ)
NEXT STORY