ਰਾਜਪੁਰਾ (ਹਰਵਿੰਦਰ) : ਰਾਜਪੁਰਾ ਸਿਟੀ ਪੁਲਸ ਨੇ ਰਾਮ ਪ੍ਰਤਾਪ ਪੁੱਤਰ ਸੋਮ ਨਾਲ ਵਾਸੀ ਮਕਾਨ ਨੰਬਰ 287, ਵਿਕਾਸ ਨਗਰ, ਰਾਜਪੁਰਾ ਟਾਊਨ ਦੀ ਸ਼ਿਕਾਇਤ ’ਤੇ ਬਿਆਨਾ ਲੈ ਕੇ ਰਜਿਸਟਰੀ ਨਾ ਕਰਵਾਉਣ ਦੇ ਦੋਸ਼ਾਂ ਤਹਿਤ ਗੁਰਪ੍ਰੀਤ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀ ਫੇਜ਼ 3 ਬੀ 1, ਮੋਹਾਲੀ ਅਤੇ ਰਾਹੁਲ ਤ੍ਰੇਹਨ ਪੁੱਤਰ ਰਜਿੰਦਰ ਕੁਮਾਰ ਵਾਸੀ ਗੋਬਿੰਦ ਨਗਰ, ਅੰਬਾਲਾ ਕੈਂਟ ਖਿਲਾਫ਼ ਬੀ. ਐੱਨ. ਐੱਸ. ਦੀ ਧਾਰਾ 316(2), 318(4) ਤਹਿਤ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਰਾਮ ਪ੍ਰਤਾਪ ਵਾਸੀ ਵਿਕਾਸ ਨੇ ਸ਼ਿਕਾਇਤ ਦਰਜ ਕਰਵਾਈ ਕਿ ਉਸ ਨੇ 2022 ’ਚ ਬਨੂੜ-ਲਾਂਡਰਾ ਰੋਡ ’ਤੇ ਲਵਲੀ ਗਰੁੱਪ ਦੇ ਪ੍ਰਾਜੈਕਟ ’ਚ ਉਕਤ ਵਿਅਕਤੀਆਂ ਨਾਲ 3 ਕਮਰਸ਼ੀਅਲ ਪਲਾਟਾਂ ਦਾ ਬਿਆਨਾ ਕੀਤਾ ਸੀ। ਇਸ ’ਚ 1 ਕਰੋੜ 87 ਲੱਖ ਰੁਪਏ ਦਿੱਤੇ ਸਨ। ਉਸ ਤੋਂ ਬਾਅਦ ਉਕਤ ਵਿਅਕਤੀ ਨਾ ਤਾਂ ਉਨ੍ਹਾਂ ਪਲਾਟਾਂ ਦੀ ਰਜਿਸਟਰੀ ਕਰਵਾ ਕੇ ਦੇ ਰਹੇ ਹਨ ਅਤੇ ਨਾ ਹੀ ਪੈਸੇ ਵਾਪਸ ਕਰ ਰਹੇ ਹਨ। ਪੁਲਸ ਨੇ ਉਕਤ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਸੰਪਰਕ ਕਰਨ ’ਤੇ ਜਾਂਚ ਅਧਿਕਾਰੀ ਲਖਵਿੰਦਰ ਸਿੰਘ ਨੇ ਕਿਹਾ ਕਿ ਸ਼ਿਕਾਇਤਕਰਤਾ ਨੇ ਜਦੋਂ ਪਲਾਟ ਖਰੀਦੇ ਸਨ ਤਾਂ ਉਸ ਸਮੇਂ ਪ੍ਰਾਜੈਕਟ ਦੇ ਸਾਹਮਣੇ ਪੁਲ ਬਣਨਾ ਸ਼ੁਰੂ ਨਹੀਂ ਸੀ ਹੋਇਆ। ਹੁਣ ਉੱਥੇ ਪੁਲ ਬਣਨਾ ਸ਼ੁਰੂ ਹੋ ਗਿਆ ਹੈ, ਜਿਸ ਨਾਲ ਪਲਾਟਾਂ ਦੇ ਰੇਟ 3-4 ਗੁਣਾਂ ਵੱਧ ਗਏ ਹਨ। ਇਸ ਕਾਰਨ ਉਕਤ ਵਿਅਕਤੀ ਹੁਣ ਪਲਾਟਾਂ ਦੀ ਉਸੇ ਰਕਮ ’ਚ ਹੁਣ ਰਜਿਸਟਰੀ ਕਰਵਾਉਣ ਤੋਂ ਆਨਾਕਾਨੀ ਕਰ ਰਹੇ ਹਨ। ਉਨ੍ਹਾਂ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਵੱਖ-ਵੱਖ ਥਾਵਾਂ ਤੋਂ ਹੈਰੋਇਨ ਸਮੇਤ 5 ਗ੍ਰਿਫ਼ਤਾਰ
NEXT STORY