ਚੰਡੀਗੜ੍ਹ, ਮਾਛੀਵਾੜਾ ਸਾਹਿਬ (ਟੱਕਰ)-ਅਮਰੀਕਾ ਦੇ ਕੈਲੀਫੋਰਨੀਆ ਦੇ ਸ਼ਹਿਰ ਸੈਨਜੋਸੇ ਦੇ ਗੁਰਦੁਆਰਾ ਸਾਹਿਬ ਵਿਖੇ 2 ਦਿਨ ਪਹਿਲਾਂ ਸਿੱਖ ਧਰਮ ਦੇ ਪ੍ਰਚਾਰਕ ਤੇ ਗੁਰਦੁਆਰਾ ਪ੍ਰਮੇਸ਼ਵਰ ਦੁਆਰ ਦੇ ਮੁੱਖ ਸੇਵਾਦਾਰ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦੇ ਧਾਰਮਿਕ ਦੀਵਾਨ ਦੌਰਾਨ ਕੁਝ ਸਿੱਖਾਂ ਵਲੋਂ ਵਿਰੋਧ ਕੀਤਾ ਗਿਆ ਸੀ ਪਰ ਇਸ ਵਿਰੋਧ ਦੇ ਬਾਵਜੂਦ ਲਗਾਤਾਰ 3 ਦਿਨ ਗੁਰਦੁਆਰਾ ਸਾਹਿਬ ਵਿਖੇ ਸਜਾਏ ਧਾਰਮਿਕ ਦੀਵਾਨ ਦੌਰਾਨ ਵੱਡੀ ਗਿਣਤੀ 'ਚ ਸੰਗਤਾਂ ਪਹੁੰਚੀਆਂ ਦੇ ਜੈਕਾਰਿਆਂ ਨਾਲ ਭਾਈ ਰਣਜੀਤ ਸਿੰਘ ਦੀ ਸਿੱਖ ਪ੍ਰਚਾਰ ਲਹਿਰ ਦਾ ਸਮਰਥਨ ਕੀਤਾ।
ਕੈਲੀਫੋਰਨੀਆ ਵਿਖੇ ਧਾਰਮਿਕ ਦੀਵਾਨ ਦੌਰਾਨ ਅੰਤ ਵਿਚ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਗੁਰਬਾਣੀ ਤੇ ਸੱਚ ਦਾ ਪ੍ਰਚਾਰ ਕੁਝ ਵਿਅਕਤੀਆਂ ਦੀਆਂ ਧੱਕੇਸ਼ਾਹੀਆਂ ਨਾਲ ਨਹੀਂ ਰੁਕੇਗਾ ਅਤੇ ਉਹ ਨਿਮਰਤਾ ਤੇ ਸ਼ਾਂਤਮਈ ਢੰਗ ਨਾਲ ਸਿੱਖ ਧਰਮ ਦਾ ਪ੍ਰਚਾਰ ਕਰਦੇ ਰਹਿਣਗੇ। ਉਨ੍ਹਾਂ ਕਿਹਾ ਕਿ ਧੱਕੇਸ਼ਾਹੀਆਂ ਕਰਨ ਵਾਲਿਆਂ ਨੇ ਬੜੀ ਬੇਰਹਿਮੀ ਨਾਲ ਉਨ੍ਹਾਂ ਦੇ ਸਾਥੀ ਭਾਈ ਭੁਪਿੰਦਰ ਸਿੰਘ ਨੂੰ ਸ਼ਹੀਦ ਕਰ ਦਿੱਤਾ ਅਤੇ ਉਪਰੋਂ ਮੁਆਫ਼ੀ ਮੰਗਣ ਲਈ ਕਹਿ ਰਹੇ ਹਨ, ਜਦਕਿ ਸਿੱਖ ਸੰਗਤ ਭਲੀਭਾਂਤ ਜਾਣੂ ਹੈ ਕਿ ਜਦੋਂ ਉਨ੍ਹਾਂ ਨੇ ਕੋਈ ਗਲਤੀ ਨਹੀਂ ਕੀਤੀ ਤਾਂ ਮੁਆਫ਼ੀ ਕਿਸ ਗੱਲ ਦੀ। ਉਨ੍ਹਾਂ ਕਿਹਾ ਕਿ ਉਹ ਜਰਨੈਲ ਸਿੰਘ ਭਿੰਡਰਾਂਵਾਲਿਆਂ ਦਾ ਸਤਿਕਾਰ ਕਰਦੇ ਹਨ ਅਤੇ ਕਰਦੇ ਰਹਿਣਗੇ ਪਰ ਉਨ੍ਹਾਂ ਦੀ ਫੋਟੋ ਪਿੱਛੇ ਲੁਕ ਕੇ ਜੋ ਲੋਕ ਗੁੰਡਾਗਰਦੀ ਕਰ ਰਹੇ ਹਨ, ਉਹ ਬਰਦਾਸ਼ਤ ਨਹੀਂ ਹੋਵੇਗੀ। ਉਨ੍ਹਾਂ ਕਿਹਾ ਕਿ ਇਹ ਵਿਰੋਧ ਕਰਨ ਵਾਲੇ ਕੁਝ ਲੋਕ ਮੈਨੂੰ ਸਰਕਾਰ ਦਾ ਪਿੱਠੂ ਦੱਸ ਰਹੇ ਹਨ ਪਰ ਸਾਰੀ ਸਿੱਖ ਸੰਗਤ ਜਾਣਦੀ ਹੈ ਕਿ ਸਰਕਾਰੀ ਸੰਤ ਕੌਣ ਹੈ ਅਤੇ ਸਰਕਾਰ ਦਾ ਪਿੱਠੂ ਕੌਣ ਹੈ। ਉਨ੍ਹਾਂ ਕਿਹਾ ਕਿ ਉਹ ਗੁਰੂਘਰ 'ਚ ਮਾਹੌਲ ਨਹੀਂ ਖ਼ਰਾਬ ਕਰਨਾ ਚਾਹੁੰਦੇ, ਉਹ ਵਿਰੋਧ ਕਰਨ ਵਾਲਿਆਂ ਦੀ ਇਕ-ਇਕ ਗੱਲ ਦਾ ਜਵਾਬ ਦੇਣ ਲਈ ਤਿਆਰ ਹਨ ਅਤੇ ਹਰ ਗੱਲ 'ਤੇ ਸਪੱਸ਼ਟੀਕਰਨ ਦੇਣਗੇ। ਉਨ੍ਹਾਂ ਕਿਹਾ ਕਿ ਉਹ ਪਹਿਲਾਂ ਵੀ ਸਪੱਸ਼ਟੀਕਰਨ ਦੇ ਚੁੱਕੇ ਹਨ ਕਿ ਉਨ੍ਹਾਂ ਕਦੇ ਵੀ ਨਹੀਂ ਕਿਹਾ ਕਿ ਸਿਮਰਨ ਕਰਨਾ ਗਲਤ ਹੈ ਅਤੇ ਸਰੋਵਰ 'ਚ ਇਸ਼ਨਾਨ ਕਰਨਾ ਗਲਤ ਹੈ ਪਰ ਕੁਝ ਲੋਕ ਇਸ ਝੂਠ ਦਾ ਪ੍ਰਚਾਰ ਕਰ ਰਹੇ ਹਨ, ਜਦਕਿ ਉਨ੍ਹਾਂ ਕੋਲ ਇਸ ਗੱਲ ਦਾ ਕੋਈ ਵੀ ਸਬੂਤ ਨਹੀਂ ਹੈ।
ਹਾਂਸੀ-ਬੁਟਾਣਾ ਨਹਿਰ ਰਾਹੀਂ ਹਰਿਆਣਾ ਨੂੰ ਪੰਜਾਬ ਦਾ ਪਾਣੀ ਨਹੀਂ ਦੇਣ ਦਿਆਂਗੇ : ਅਕਾਲੀ ਦਲ
NEXT STORY