ਚੰਡੀਗੜ੍ਹ (ਪਰਾਸ਼ਰ) - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਐਲਾਨ ਕੀਤਾ ਕਿ ਸੂਬਾ ਸਰਕਾਰ ਵਲੋਂ ਸਥਾਪਿਤ ਕੀਤੇ ਵੱਖ-ਵੱਖ ਕਮਿਸ਼ਨਾਂ ਦੀਆਂ ਸਾਰੀਆਂ ਰਿਪੋਰਟਾਂ ਵਿਧਾਨ ਸਭਾ 'ਚ ਪੇਸ਼ ਕੀਤੀਆਂ ਜਾਣਗੀਆਂ। ਬਜਟ ਇਜਲਾਸ ਦੇ ਦੂਜੇ ਦਿਨ ਰਾਜਪਾਲ ਦੇ ਭਾਸ਼ਣ 'ਤੇ ਧੰਨਵਾਦੀ ਮਤੇ 'ਤੇ ਵਿਧਾਇਕ ਸੁਖਜਿੰਦਰ ਸਿੰਘ ਰੰਧਾਵਾ ਦੇ ਭਾਸ਼ਣ ਦੌਰਾਨ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਵਲੋਂ ਪੁੱਛੇ ਸਵਾਲ ਦੇ ਜਵਾਬ 'ਚ ਮੁੱਖ ਮੰਤਰੀ ਨੇ ਇਹ ਜਵਾਬ ਦਿੱਤਾ। ਇਸ ਤੋਂ ਬਾਅਦ ਮੁੱਖ ਮੰਤਰੀ ਨੇ ਕਿਹਾ ਕਿ ਜਸਟਿਸ ਨਾਰੰਗ ਕਮਿਸ਼ਨ ਦੀ ਰਿਪੋਰਟ ਚਾਲੂ ਬਜਟ ਇਜਲਾਸ 'ਚ ਵਿਧਾਨ ਸਭਾ 'ਚ ਪੇਸ਼ ਕਰਨ ਲਈ ਤਿਆਰ ਹੈ, ਜਦਕਿ ਜਸਟਿਸ (ਸੇਵਾ-ਮੁਕਤ) ਰਣਜੀਤ ਸਿੰਘ ਕਮਿਸ਼ਨ ਅਤੇ ਜਸਟਿਸ (ਸੇਵਾ-ਮੁਕਤ) ਮਹਿਤਾਬ ਸਿੰਘ ਕਮਿਸ਼ਨ ਦੀਆਂ ਰਿਪੋਰਟਾਂ ਨੂੰ ਅੰਤਿਮ ਰੂਪ ਦਿੱਤੇ ਜਾਣ ਤੋਂ ਬਾਅਦ ਵਿਧਾਨ ਸਭਾ 'ਚ ਪੇਸ਼ ਕੀਤਾ ਜਾਵੇਗਾ।
ਜਸਟਿਸ ਰਣਜੀਤ ਸਿੰਘ ਕਮਿਸ਼ਨ ਦਾ ਗਠਨ ਪਵਿੱਤਰ ਗ੍ਰੰਥਾਂ ਦੀ ਬੇਅਦਬੀ ਦੇ ਮਾਮਲਿਆਂ ਦੀ ਜਾਂਚ ਕਰਨ ਲਈ ਕੀਤਾ ਗਿਆ, ਜਦਕਿ ਜਸਟਿਸ ਮਹਿਤਾਬ ਸਿੰਘ ਕਮਿਸ਼ਨ ਅਕਾਲੀ-ਭਾਜਪਾ ਸਰਕਾਰ ਦੌਰਾਨ ਦਰਜ ਹੋਏ ਝੂਠੇ ਮਾਮਲਿਆਂ ਦੀ ਪੜਤਾਲ ਕਰਨ ਲਈ ਬਣਾਇਆ ਗਿਆ ਹੈ। ਬੇਅਦਬੀ ਤੇ ਹੋਰ ਮੁੱਦਿਆਂ ਉੱਤੇ 'ਆਪ' ਵਿਧਾਇਕਾਂ ਨੇ ਕਾਂਗਰਸ ਦਾ ਦਿੱਤਾ ਸਾਥ : ਵਿਧਾਨ ਸਭਾ 'ਚ ਅੱਜ ਬੇਅਦਬੀ ਦੇ ਮਾਮਲਿਆਂ ਦਾ ਮੁੱਦਾ ਗੂੰਜਿਆ ਕਿਉਂ ਜੋ ਕਾਂਗਰਸੀ ਵਿਧਾਇਕਾਂ ਦਾ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੇ ਵੀ ਸਾਥ ਦਿੱਤਾ, ਜਿਨ੍ਹਾਂ ਨੇ ਅਕਾਲੀਆਂ ਨੂੰ ਬੇਅਦਬੀ ਦੇ ਮਾਮਲਿਆਂ ਦੇ ਨਾਲ-ਨਾਲ ਨਸ਼ਿਆਂ ਤੇ ਬਦਅਮਨੀ ਦੇ ਮੁੱਦਿਆਂ 'ਤੇ ਬੁਰੀ ਤਰ੍ਹਾਂ ਘੇਰਿਆ।
ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਨੇ ਪਿਛਲੀ ਅਕਾਲੀ-ਭਾਜਪਾ ਸਰਕਾਰ ਦੌਰਾਨ ਦਰਜ ਹੋਏ ਕੇਸਾਂ ਦੀ ਜਾਂਚ ਕਰਨ ਅਤੇ ਦੋਸ਼ੀਆਂ ਨੂੰ ਕਟਹਿਰੇ 'ਚ ਖੜ੍ਹਾ ਕਰਨ ਲਈ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵਲੋਂ ਕੀਤੇ ਜਾ ਰਹੇ ਯਤਨਾਂ ਦਾ ਸਮਰਥਨ ਕੀਤਾ। ਡੇਰਾ ਬਾਬਾ ਨਾਨਕ ਦੇ ਵਿਧਾਇਕ ਸੁਖਜਿੰਦਰ ਸਿੰਘ ਰੰਧਾਵਾ ਨੇ ਬੇਅਦਬੀ ਦੀਆਂ ਘਟਨਾਵਾਂ ਲਈ ਅਕਾਲੀਆਂ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਕਿਹਾ ਕਿ ਅਕਾਲੀਆਂ ਨੇ ਉਸ ਸਮੇਂ ਆਪਣੀਆਂ ਨਾਕਾਮੀਆਂ 'ਤੇ ਪਰਦਾ ਪਾਉਣ ਲਈ ਅਜਿਹੀਆਂ ਸਾਜ਼ਿਸ਼ਾਂ ਘੜੀਆਂ ਸਨ। ਰੰਧਾਵਾ ਨੇ ਕਿਹਾ ਕਿ ਕੇਂਦਰ 'ਚ ਸੱਤਾਧਾਰੀ ਭਾਜਪਾ ਦੀ ਅਗਵਾਈ ਵਾਲੀ ਐੱਨ. ਡੀ. ਏ. ਸਰਕਾਰ ਵਲੋਂ ਲਗਾਤਾਰ ਕਿਸਾਨ ਭਾਈਚਾਰੇ ਦੇ ਹਿੱਤਾਂ ਨੂੰ ਅੱਖੋਂ-ਪਰੋਖੇ ਕੀਤਾ ਜਾ ਰਿਹਾ ਹੈ, ਜਦਕਿ ਅਕਾਲੀ ਦਲ ਇਸ ਦੇ ਬਾਵਜੂਦ ਭਾਈਵਾਲ ਬਣਿਆ ਹੋਇਆ ਹੈ। ਅਕਾਲੀਆਂ ਵਲੋਂ ਕਿਸਾਨਾਂ ਦੇ ਰਹਿਬਰ ਹੋਣ ਦਾ ਦਾਅਵਾ ਕੀਤਾ ਜਾਂਦਾ ਹੈ ਪਰ ਇਸ ਨੇ ਖੇਤੀ ਸੈਕਟਰ ਦੇ ਹਿੱਤਾਂ ਦੀ ਰਾਖੀ ਲਈ ਕੱਖ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਸੂਬੇ ਦੇ ਮਾਣ ਤੇ ਅਣਖ ਨੂੰ ਤਬਾਹ ਕਰਨ ਲਈ ਅਕਾਲੀਆਂ ਨੂੰ ਕਦੇ ਮੁਆਫ਼ ਨਹੀਂ ਕਰਨਗੇ।
ਅਤਰੋ-ਚਤਰੋ, ਬੰਟੀ-ਬਬਲੀ : ਪੰਜਾਬ ਵਿਧਾਨ ਸਭਾ ਅੱਜ ਉਸ ਸਮੇਂ ਠਹਾਕਿਆਂ ਨਾਲ ਗੂੰਜ ਪਈ, ਜਦੋਂ ਕਾਂਗਰਸੀ ਨੇਤਾ ਸੁਖਜਿੰਦਰ ਸਿੰਘ ਰੰਧਾਵਾ ਨੇ ਦੋ ਅਕਾਲੀ ਨੇਤਾਵਾਂ ਨੂੰ ਉਨ੍ਹਾਂ ਦਾ ਨਾਂ ਲਏ ਬਿਨਾਂ ਅਤਰੋ-ਚਤਰੋ ਕਹਿ ਦਿੱਤਾ। ਰੰਧਾਵਾ ਨੇ ਕਿਹਾ ਕਿ ਅਤਰੋ-ਚਤਰੋ ਤੋਂ ਪੰਜਾਬ ਦੇ ਵਾਸੀ ਜਾਣੂ ਹਨ। ਟੀ. ਵੀ. ਦੇ ਇਹ ਦੋ ਕਲਾਕਾਰ ਆਪਣੀਆਂ ਅਜੀਬੋ-ਗਰੀਬ ਹਾਸੋਹੀਣੀਆਂ ਹਰਕਤਾਂ ਲਈ ਪ੍ਰਸਿੱਧ ਹਨ। ਇਹ ਅਕਾਲੀ ਨੇਤਾ ਵੀ ਕੁਝ ਇਹੋ ਜਿਹੇ ਹੀ ਕਾਰਨਾਮੇ ਕਰਦੇ ਹਨ। ਉਨ੍ਹਾਂ ਕਿਹਾ ਕਿ ਇਕ ਅਕਾਲੀ ਨੇਤਾ ਨੇ ਹਾਲ ਹੀ 'ਚ ਨਵਜੋਤ ਸਿੰਘ ਸਿੱਧੂ ਜੋੜੇ ਨੂੰ ਡਰੱਗ ਮਾਫੀਆ 'ਤੇ ਐੱਸ. ਟੀ. ਐੱਫ. ਦੀ ਰਿਪੋਰਟ ਲੀਕ ਕਰਨ ਲਈ ਬੰਟੀ-ਬਬਲੀ ਕਹਿ ਦਿੱਤਾ ਸੀ ਪਰ ਅਤਰੋ-ਚਤਰੋ ਦੇ ਸਾਹਮਣੇ ਬੰਟੀ-ਬਬਲੀ ਕੁਝ ਵੀ ਨਹੀਂ।
ਨਸ਼ੇ ਵਾਲੀਆਂ ਗੋਲੀਆਂ ਸਣੇ 2 ਕਾਬੂ
NEXT STORY