ਜਲੰਧਰ, (ਮਹੇਸ਼)— ਥਾਣਾ ਨੰ. 1 ਅਧੀਨ ਪੈਂਦੀ ਕਾਲੀਆ ਕਾਲੋਨੀ 'ਚ ਚੋਰਾਂ ਨੇ ਰਿਟਾ. ਆਰਮੀ ਅਧਿਕਾਰੀ ਦੇ ਘਰ ਧਾਵਾ ਬੋਲਿਆ ਤੇ ਉਨ੍ਹਾਂ ਦੀ ਲਾਇਸੈਂਸੀ ਗੰਨ ਤੇ ਐੱਲ. ਸੀ. ਡੀ. ਸਣੇ ਹੋਰ ਕੀਮਤੀ ਸਾਮਾਨ 'ਤੇ ਹੱਥ ਸਾਫ ਕਰ ਦਿੱਤਾ। ਆਰਮੀ ਅਧਿਕਾਰੀ ਓਮ ਪ੍ਰਕਾਸ਼ ਨੇ ਦੱਸਿਆ ਕਿ ਉਹ ਆਪਣੀ ਪਤਨੀ ਅਜੀਤ ਕੁਮਾਰੀ ਸਣੇ 21 ਮਾਰਚ ਨੂੰ ਚੰਡੀਗੜ੍ਹ ਰਹਿੰਦੇ ਆਪਣੇ ਬੇਟੇ ਸੰਦੀਪ ਕੁਮਾਰ ਕੋਲ ਗਏ ਸਨ ਜੋ ਮਲਟੀਨੈਸ਼ਨਲ ਕੰਪਨੀ ਵਿਚ ਕੰਮ ਕਰਦਾ ਹੈ ਤੇ ਆਪਣੀ ਪਤਨੀ ਨਾਲ ਉਥੇ ਹੀ ਸੈਟਲ ਹੈ। ਉਨ੍ਹਾਂ ਦੱਸਿਆ ਕਿ 22 ਮਾਰਚ ਨੂੰ ਉਨ੍ਹਾਂ ਦੀ ਚੰਡੀਗੜ੍ਹ ਤੋਂ ਵਾਪਸੀ ਸੀ ਪਰ ਬੇਟੇ ਦੇ ਦੋਸਤ ਦਾ ਕੋਈ ਫੰਕਸ਼ਨ ਹੋਣ ਕਾਰਨ ਉਹ ਉਸ ਦਿਨ ਜਲੰਧਰ ਨਹੀਂ ਪਰਤੇ। ਇਹ ਸੋਚਿਆ ਕਿ ਉਹ 23 ਮਾਰਚ ਨੂੰ ਚੰਡੀਗੜ੍ਹ ਤੋਂ ਨਿਕਲਣਗੇ। ਉਨ੍ਹਾਂ ਮੌਕੇ 'ਤੇ ਜਾਂਚ ਲਈ ਆਈ ਪੁਲਸ ਤੇ ਫਿੰਗਰ ਪ੍ਰਿੰਟ ਮਾਹਿਰ ਟੀਮ ਨੂੰ ਦੱਸਿਆ ਕਿ 22 ਮਾਰਚ ਦੀ ਰਾਤ ਨੂੰ ਉਨ੍ਹਾਂ ਦੇ ਗੁਆਂਢ ਵਿਚ ਰਹਿੰਦੀ ਨੀਲਮ ਨਾਂ ਦੀ ਔਰਤ ਨੇ ਫੋਨ ਕੀਤਾ ਕਿ ਉਨ੍ਹਾਂ ਦੇ ਘਰ ਦੇ ਬਾਹਰ ਦੇ ਗੇਟ ਤੋਂ ਤਾਲਾ ਗਾਇਬ ਹੈ ਤੇ ਅੰਦਰ ਸਾਰੀਆਂ ਲਾਈਟਾਂ ਜਗ ਰਹੀਆਂ ਹਨ। ਕਮਰੇ ਵੀ ਖੁੱਲ੍ਹੇ ਹਨ। ਰਿਟਾ. ਆਰਮੀ ਅਧਿਕਾਰੀ ਓਮ ਪ੍ਰਕਾਸ਼ ਨੇ ਦੱਸਿਆ ਕਿ ਉਹ ਜਲੰਧਰ ਪਹੁੰਚੇ ਤੇ ਦੇਖਿਆ ਕਿ ਘਰ ਦਾ ਸਾਰਾ ਸਾਮਾਨ ਖਿਲਾਰਿਆ ਹੋਇਆ ਸੀ। ਉਨ੍ਹਾਂ ਦੀ ਲਾਇਸੈਂਸੀ ਗੰਨ ਤੇ ਐੱਲ. ਸੀ. ਡੀ. ਸਮੇਤ ਕਾਫੀ ਸਾਮਾਨ ਗਾਇਬ ਸੀ। ਉਨ੍ਹਾਂ ਦੱਸਿਆ ਕਿ ਚੰਡੀਗੜ੍ਹ ਜਾਂਦੇ ਸਮੇਂ ਘਰ ਵਿਚ ਪਿਆ ਕੈਸ਼ ਤੇ ਗਹਿਣੇ ਉਹ ਬੈਂਕ ਦੇ ਲਾਕਰ ਵਿਚ ਰੱਖ ਗਏ ਸਨ, ਜਿਸ ਕਾਰਨ ਉਨ੍ਹਾਂ ਦਾ ਬਚਾਅ ਹੋ ਗਿਆ। ਪੁਲਸ ਦਾ ਕਹਿਣਾ ਹੈ ਕਿ ਉਥੇ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਕਢਵਾਈ ਜਾ ਰਹੀ ਹੈ।
ਰਾਜ਼ੀਨਾਮੇ ਦੇ ਚੱਕਰ 'ਚ ਠੱਗੇ ਸਾਢੇ 12 ਲੱਖ
NEXT STORY