ਗਿੱਦੜਬਾਹਾ (ਕੁਲਭੂਸ਼ਨ) - ਸਰਕਾਰੀ ਅਧਿਕਾਰੀਆਂ ਦੀ ਡਿਊਟੀ ਪ੍ਰਤੀ ਕੀਤਾ ਜਾਂਦਾ ਅਵੇਸਲਾਪਣ ਜਿੱਥੇ ਆਮ ਲੋਕਾਂ ਲਈ ਸਿਰਦਰਦੀ ਬਣਦਾ ਹੈ, ਉੱਥੇ ਹੀ ਸਰਕਾਰ ਵੱਲੋਂ ਵਿਕਾਸ ਲਈ ਲਾਇਆ ਗਿਆ ਲੱਖਾਂ-ਕਰੋੜਾਂ ਰੁਪਿਆ ਵੀ ਅਜਾਈਂ ਚਲਾ ਜਾਂਦਾ ਹੈ।
ਅਜਿਹਾ ਹੀ ਕੁਝ ਦੇਖਣ ਨੂੰ ਮਿਲਿਆ ਗਿੱਦੜਬਾਹਾ ਦੇ ਭਾਰੂ ਚੌਕ ਵਿਚ, ਜਿੱਥੇ ਮੋਬਾਇਲ ਸੇਵਾਵਾਂ ਦੇ ਰਹੀ ਇਕ ਕੰਪਨੀ ਵੱਲੋਂ ਜ਼ਮੀਨ 'ਚ ਕੋਈ ਪੁਰਜਾ ਫਸ ਗਿਆ, ਜਿਸ ਨੂੰ ਬਾਹਰ ਨਿਕਲਦਾ ਨਾ ਦੇਖ ਕੰਪਨੀ ਵੱਲੋਂ ਉਸ ਨੂੰ ਜ਼ਮੀਨ ਵਿਚ ਛੱਡ ਦਿੱਤੇ ਜਾਣ ਦੀ ਬਜਾਏ, ਉਨ੍ਹਾਂ ਸੜਕ ਨੂੰ ਹੀ ਪੁੱਟ ਦਿੱਤਾ।
ਇਸ ਸਬੰਧੀ ਦੁਕਾਨਦਾਰਾਂ ਦਰਸ਼ਨ ਲਾਲ, ਸੰਦੀਪ ਕੁਮਾਰ ਅਤੇ ਸਰਬਜੀਤ ਸਿੰਘ ਨੇ ਦੱਸਿਆ ਕਿ ਉਕਤ ਸੜਕ ਪੁੱਟਣ ਕਾਰਨ ਜਿੱਥੇ ਸਰਕਾਰਾਂ ਦਾ ਲੱਖਾਂ ਰੁਪਏ ਦਾ ਨੁਕਸਾਨ ਹੋਇਆ, ਉੱਥੇ ਹੀ ਸੜਕ ਕੰਢੇ ਸਥਿਤ ਉਨ੍ਹਾਂ ਦੀਆਂ ਦੁਕਾਨਾਂ ਦੀਆਂ ਨੀਹਾਂ ਵਿਚ ਪਾਣੀ ਪੈਣ ਕਰ ਕੇ ਉਨ੍ਹਾਂ ਦੇ ਡਿੱਗਣ ਦਾ ਖਤਰਾ ਵੀ ਪੈਦਾ ਹੋ ਗਿਆ ਹੈ। ਉਨ੍ਹਾਂ ਦੱਸਿਆ ਕਿ ਜਿਸ ਕੰਪਨੀ ਵੱਲੋਂ ਉਕਤ ਸੜਕ ਨੂੰ ਪੁੱਟਿਆ ਗਿਆ ਹੈ, ਉਹ ਵੀ ਆਪਣੀ ਮਸ਼ੀਨ ਨੂੰ ਸੜਕ ਦੇ ਦੂਜੇ ਪਾਸੇ ਖੜ੍ਹੀ ਕਰ ਕੇ ਚਲੇ ਗਏ ਹਨ ਅਤੇ ਅੱਜ 4 ਦਿਨ ਬੀਤਣ 'ਤੇ ਕੋਈ ਵੀ ਇਸ ਬਾਰੇ ਜਾਣਕਾਰੀ ਲੈਣ ਨਹੀਂ ਆਇਆ। ਇਸ ਪੁੱਟੀ ਸੜਕ 'ਤੇ ਪਏ ਟੋਇਆਂ ਕਾਰਨ ਕਿਸੇ ਵੀ ਸਮੇਂ ਕੋਈ ਵੱਡਾ ਹਾਦਸਾ ਵਾਪਰ ਸਕਦਾ ਹੈ। ਇਸ ਲਈ ਸਬੰਧਤ ਵਿਭਾਗ ਨੂੰ ਚਾਹੀਦਾ ਹੈ ਕਿ ਉਹ ਤੁਰੰਤ ਇਸ ਵੱਲ ਧਿਆਨ ਦੇਵੇ।
ਪੀ. ਡਬਲਯੂ. ਡੀ. ਸਬ-ਡਵੀਜ਼ਨ ਦੇ ਐੱਸ. ਡੀ. ਓ. ਰੰਕਿਤ ਕੁਮਾਰ ਨੇ ਕਿਹਾ ਕਿ ਇਹ ਜਗ੍ਹਾ ਨੈਸ਼ਨਲ ਹਾਈਵੇ ਅਥਾਰਟੀ ਅਧੀਨ ਆਉਂਦੀ ਹੈ, ਜਦਕਿ ਨੈਸ਼ਨਲ ਹਾਈਵੇ ਅਥਾਰਟੀ ਮਲੋਟ ਦੇ ਐੱਸ. ਡੀ. ਓ. ਸਤਵੰਤ ਨਰੂਲਾ ਨੇ ਕਿਹਾ ਕਿ ਉਕਤ ਜਗ੍ਹਾ ਪੀ. ਡਬਲਯੂ. ਡੀ. ਗਿੱਦੜਬਾਹਾ ਸਬ-ਡਵੀਜ਼ਨ ਦੇ ਅਧੀਨ ਆਉਂਦੀ ਹੈ। ਦੋਵਾਂ ਹੀ ਅਧਿਕਾਰੀਆਂ ਵੱਲੋਂ ਉਕਤ ਕੰਪਨੀ ਵੱਲੋਂ ਕੀਤੇ ਜਾ ਰਹੇ ਕੰਮ ਦੀ ਮਨਜ਼ੂਰੀ ਲਏ ਜਾਣ ਜਾਂ ਨਾ ਲਏ ਜਾਣ ਸਬੰਧੀ ਕੋਈ ਜਾਣਕਾਰੀ ਨਾ ਹੋਣ ਬਾਰੇ ਵੀ ਕਿਹਾ। ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਜੇਕਰ ਦੋਵੇਂ ਹੀ ਵਿਭਾਗ ਉਕਤ ਜਗ੍ਹਾ ਨੂੰ ਆਪਣੀ ਮੰਨਣ ਤੋਂ ਇਨਕਾਰ ਕਰ ਰਹੇ ਹਨ ਤਾਂ ਫਿਰ ਉਕਤ ਸੜਕ/ਜਗ੍ਹਾ ਕਿਸ ਵਿਭਾਗ ਦੇ ਅਧੀਨ ਆਉਂਦੀ ਹੈ?
'ਗੁਲਾਬ' ਦੇ ਕੇ ਅੱਜ ਆਪਣੇ ਮਹਿਬੂਬ ਨੂੰ ਕਹੋ 'ਦਿਲ' ਦੀ ਗੱਲ
NEXT STORY