ਲੁਧਿਆਣਾ(ਮਹੇਸ਼)-ਧਾਂਦਰਾ ਰੋਡ 'ਤੇ ਬੁੱਧਵਾਰ ਸਵੇਰੇ ਐੱਚ. ਡੀ. ਐੱਫ. ਸੀ. ਬੈਂਕ ਦੇ ਏ. ਟੀ. ਐੱਮ. ਨੂੰ ਲੁੱਟਣ ਆਇਆ ਇਕ ਲੁਟੇਰਾ ਲੋਕਾਂ ਦੀ ਮੁਸਤੈਦੀ ਕਾਰਨ ਫੜਿਆ ਗਿਆ। ਲੋਕਾਂ ਨੇ ਉਸ ਨੂੰ ਫੜ ਕੇ ਪੁਲਸ ਦੇ ਹਵਾਲੇ ਕਰ ਦਿੱਤਾ। ਫੜੇ ਗਏ ਦੋਸ਼ੀ ਦੀ ਪਛਾਣ ਦੀਪਕ ਕੁਮਾਰ ਦੇ ਤੌਰ 'ਤੇ ਹੋਈ ਹੈ, ਜੋ ਕਿ ਮਾਡਲ ਟਾਊਨ ਦੇ ਅੰਬੇਡਕਰ ਨਗਰ ਦਾ ਰਹਿਣ ਵਾਲਾ ਹੈ। ਪੁਲਸ ਨੇ ਉਸ ਦੇ ਕਬਜ਼ੇ 'ਚੋਂ ਲੋਹੇ ਦੀ ਇਕ ਸੱਬਲ ਤੇ 3 ਮੋਬਾਇਲ ਬਰਾਮਦ ਕੀਤੇ ਹਨ। ਦੋਸ਼ੀ ਨੂੰ ਵੀਰਵਾਰ ਅਦਾਲਤ 'ਚ ਪੇਸ਼ ਕੀਤਾ ਜਾਵੇਗਾ। ਘਟਨਾ ਅੱਜ ਤੜਕੇ 3.30 ਵਜੇ ਦੀ ਹੈ, ਜਦੋਂ ਘਟਨਾ ਸਥਾਨ ਦੇ ਆਲੇ-ਦੁਆਲੇ ਰਹਿਣ ਵਾਲੇ ਲੋਕ ਏ. ਟੀ. ਐੱਮ. ਦਾ ਸ਼ਟਰ ਖੁੱਲ੍ਹਣ ਦੀ ਆਵਾਜ਼ ਸੁਣ ਕੇ ਜਾਗ ਗਏ। ਉਨ੍ਹਾਂ ਨੇ ਦੇਖਿਆ ਕਿ ਇਕ ਲੁਟੇਰਾ ਏ. ਟੀ. ਐੱਮ. ਲੁੱਟਣ ਦੀ ਨੀਅਤ ਨਾਲ ਅੰਦਰ ਦਾਖਲ ਹੋ ਰਿਹਾ ਹੈ, ਜਿਸ ਨੇ ਆਪਣੇ ਹੱਥ ਵਿਚ ਲੋਹੇ ਦੀ ਸੱਬਲ ਫੜੀ ਹੋਈ ਹੈ। ਇਸ 'ਤੇ ਉਹ ਤੁਰੰਤ ਸਾਵਧਾਨ ਹੋ ਗਏ। ਜਿਉਂ ਹੀ ਉਹ ਲੁਟੇਰਾ ਏ. ਟੀ. ਐੱਮ. ਅੰਦਰ ਦਾਖਲ ਹੋਇਆ ਉਨ੍ਹਾਂ ਨੇ ਬਾਹਰੋਂ ਸ਼ਟਰ ਹੇਠਾਂ ਸੁੱਟ ਕੇ ਉਸ ਨੂੰ ਅੰਦਰ ਬੰਦ ਕਰ ਦਿੱਤਾ ਅਤੇ ਪੁਲਸ ਕੰਟਰੋਮ ਰੂਮ 'ਤੇ ਫੋਨ ਕਰ ਦਿੱਤਾ। ਸੂਚਨਾ ਮਿਲਣ 'ਤੇ 41 ਨੰਬਰ ਪੀ. ਸੀ. ਆਰ. ਦਸਤਾ ਘਟਨਾ ਸਥਾਨ 'ਤੇ ਪਹੁੰਚ ਗਿਆ, ਜਿਸ ਦੇ ਬਾਅਦ ਬਸੰਤ ਐਵੀਨਿਊ ਚੌਕੀ ਪੁਲਸ ਨੂੰ ਮੌਕੇ 'ਤੇ ਬੁਲਾ ਕੇ ਦੋਸ਼ੀ ਨੂੰ ਉਨ੍ਹਾਂ ਦੇ ਹਵਾਲੇ ਕਰ ਦਿੱਤਾ ਗਿਆ। ਪੁਲਸ ਨੇ ਉਸ ਕੋਲੋਂ ਲੋਹੇ ਦੀ ਇਕ ਸੱਬਲ ਬਰਾਮਦ ਕੀਤੀ। ਬਾਅਦ ਵਿਚ ਉਸ ਕੋਲੋਂ 3 ਮੋਬਾਇਲ ਵੀ ਬਰਾਮਦ ਹੋਏ ਹਨ, ਜੋ ਕਿ ਚੋਰੀ ਦੇ ਹਨ। ਪੁਲਸ ਦਾ ਕਹਿਣਾ ਹੈ ਕਿ ਦੋਸ਼ੀ ਨੇ ਕਈ ਘਰਾਂ ਵਿਚ ਵੀ ਚੋਰੀਆਂ ਕੀਤੀਆਂ ਹਨ, ਜਿਨ੍ਹਾਂ ਸਬੰਧੀ ਛਾਣਬੀਣ ਸ਼ੁਰੂ ਕਰ ਦਿੱਤੀ ਗਈ ਹੈ ਦੂਸਰੇ ਪਾਸੇ ਇਲਾਕੇ ਦੇ ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਕੁਝ ਦਿਨ ਪਹਿਲਾਂ ਵੀ ਇਸ ਨੂੰ ਚੋਰੀ ਕਰਦਿਆਂ ਰੰਗੇ ਹੱਥੀਂ ਫੜ ਕੇ ਇਲਾਕਾ ਪੁਲਸ ਦੇ ਹਵਾਲੇ ਕੀਤਾ ਸੀ। ਉਦੋਂ ਪੁਲਸ ਨੇ ਬਿਨਾਂ ਕਾਰਵਾਈ ਕੀਤੇ ਉਸ ਨੂੰ ਇਹ ਕਹਿ ਕੇ ਛੱਡ ਦਿੱਤਾ ਸੀ ਕਿ ਉਸ ਕੋਲੋਂ ਚੋਰੀ ਦਾ ਕੋਈ ਸਾਮਾਨ ਬਰਾਮਦ ਨਹੀਂ ਹੋਇਆ, ਜਿਸ ਕਾਰਨ ਉਸ ਨੂੰ ਛੱਡਣਾ ਪਿਆ।
ਮੋਟਰਸਾਈਕਲ ਸਵਾਰ ਪਤੀ-ਪਤਨੀ ਨੂੰ ਮਾਰੀ ਟੱਕਰ, ਪਤੀ ਦੀ ਮੌਤ
NEXT STORY