ਅਬੋਹਰ, (ਸੁਨੀਲ)– ਥਾਣਾ ਖੁਈਆਂ ਸਰਵਰ ਦੇ ਮੁਖੀ ਸੁਨੀਲ ਕੁਮਾਰ ਅਤੇ ਪਟੀ ਸਦੀਕ ਚੌਕੀ ਮੁਖੀ ਪਵਨ ਕੁਮਾਰ ਨੇ ਚਿਟਫੰਡ ਕੰਪਨੀ ਦੇ ਮੈਨੇਜਰ ਨਾਲ ਲੁੱਟ-ਖੋਹ ਕਰਨ ਦੇ ਮਾਮਲੇ ਹੇਠ 3 ਮੁਲਜ਼ਮਾਂ ਨੂੰ ਕਾਬੂ ਕਰਨ ’ਚ ਸਫਲਤਾ ਹਾਸਲ ਕੀਤੀ ਹੈ। ਤਿੰਨਾਂ ਮੁਲਜ਼ਮਾਂ ਨੂੰ ਜੱਜ ਦਲੀਪ ਕੁਮਾਰ ਦੀ ਅਦਾਲਤ ’ਚ ਪੇਸ਼ ਕਰ ਕੇ 3 ਦਿਨਾਂ ਦੇ ਪੁਲਸ ਰਿਮਾਂਡ ’ਤੇ ਲਿਆ ਸੀ, ਜਦਕਿ ਤੀਜਾ ਮੁਲਜ਼ਮ ਚਿਰਾਗ ਕੁਮਾਰ ਪੁੱਤਰ ਅਜੈ ਕੁਮਾਰ ਵਾਸੀ ਨਾਥਾਂਵਾਲੀ ਨਾਬਾਲਗ ਹੋਣ ਕਾਰਨ ਜੁਵੇਨਾਈਲ ਕੋਰਟ ਫਾਜ਼ਿਲਕਾ ’ਚ ਪੇਸ਼ ਕੀਤਾ ਗਿਆ। ਮਾਣਯੋਗ ਜੱਜ ਨੇ ਉਸ ਨੂੰ ਜੇਲ ਭੇਜ ਦਿੱਤਾ, ਜਦਕਿ 2 ਮੁਲਜ਼ਮਾਂ ਵਿਨੋਦ ਕੁਮਾਰ ਪੁੱਤਰ ਰਾਜਿੰਦਰ ਕੁਮਾਰ ਵਾਸੀ ਸਤੀਪੁਰਾ ਹਨੂਮਾਨਗਡ਼੍ਹ (ਰਾਜਸਥਾਨ) ਅਤੇ ਪੰਕਜ ਉਰਫ ਹਨੀ ਪੁੱਤਰ ਚੰਦਰਭਾਨ ਵਾਸੀ ਸਾਦੁਲ ਸ਼ਹਿਰ (ਰਾਜਸਥਾਨ) ਜ਼ਿਲਾ ਗੰਗਾਨਗਰ ਨੂੰ ਤਿੰਨ ਦਿਨਾਂ ਦੇ ਪੁਲਸ ਰਿਮਾਂਡ ਤੋਂ ਬਾਅਦ ਚੌਕੀ ਮੁਖੀ ਪੱਟੀ ਸਦੀਕ ਪਵਨ ਕੁਮਾਰ ਨੇ ਜੱਜ ਦਲੀਪ ਕੁਮਾਰ ਦੀ ਅਦਾਲਤ ’ਚ ਪੇਸ਼ ਕੀਤਾ, ਜਿਥੇ ਮਾਣਯੋਗ ਜੱਜ ਨੇ ਉਨ੍ਹਾਂ ਨੂੰ ਜੇਲ ਭੇਜ ਦੇਣ ਦੇ ਹੁਕਮ ਸੁਣਾਏ।
ਮਿਲੀ ਜਾਣਕਾਰੀ ਅਨੁਸਾਰ ਮਹਿੰਦਰ ਕੁਮਾਰ ਕੰਪਨੀ ਮੈਨੇਜਰ ਦੀ ਸ਼ਿਕਾਇਤ ਦੇ ਆਧਾਰ ’ਤੇ ਪੁਲਸ ਨੇ 382 ਅਤੇ ਹੋਰ ਧਾਰਾਵਾਂ ਅਧੀਨ ਮਾਮਲਾ ਦਰਜ ਕੀਤਾ ਸੀ। ਦੋਸ਼ ਸੀ ਕਿ ਉਹ ਪਿੰਡ ਦਲਮੀਰਖੇਡ਼ਾ ਤੋਂ ਦੌਲਤਪੁਰਾ ਲਿੰਕ ਰੋਡ ਤੋਂ ਆ ਰਿਹਾ ਸੀ ਕਿ ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਉਸ ਦੀ ਕੁੱਟ-ਮਾਰ ਕਰ ਕੇ ਪੈਸੇ ਖੋਹ ਲਏ ਤੇ ਫਰਾਰ ਹੋ ਗਏ। ਥਾਣਾ ਖੁਈਆਂ ਸਰਵਰ ਦੀ ਪੁਲਸ ਨੇ ਮੈਨੇਜਰ ਦੇ ਬਿਆਨ ਦੇ ਆਧਾਰ ’ਤੇ ਮਾਮਲਾ ਦਰਜ ਕੀਤਾ। ਪੁਲਸ ਉਪ ਕਪਤਾਨ ਅਬੋਹਰ ਗੁਰਵਿੰਦਰ ਸਿੰਘ ਸੰਘਾ ਨੇ ਗੰਗਾਨਗਰ ਜ਼ਿਲੇ ਦੇ ਪੁਲਸ ਕਪਤਾਨ ਨਾਲ ਮੀਟਿੰਗ ਕਰ ਕੇ ਸੀ. ਸੀ. ਟੀ. ਵੀ. ਫੁਟੇਜ ਦੇ ਆਧਾਰ ’ਤੇ ਦੋਸ਼ੀਆਂ ਦੀ ਪਛਾਣ ਕੀਤੀ। ਦੋਵਾਂ ਪੁਲਸ ਅਧਿਕਾਰੀਆਂ ਦੀ ਮੀਟਿੰਗ ਤੋਂ ਬਾਅਦ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ। ਇਸ ਮਾਮਲੇ ’ਚ ਅਜੇ ਕੁਝ ਹੋਰ ਮੁਲਜ਼ਮਾਂ ਦਾ ਵੀ ਫਡ਼ਿਆ ਜਾਣਾ ਬਾਕੀ ਹੈ। ਮਾਮਲੇ ਦੀ ਜਾਂਚ ਜਾਰੀ ਹੈ।
ਰਾਤ 2 ਵਜੇ ਪੈਟਰੋਲ ਪੰਪ ਤੋਂ ਲੁੱਟੇ 30 ਹਜ਼ਾਰ
NEXT STORY