ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ, ਖੁਰਾਣਾ) : ਸ਼ਹਿਰ ਦੇ ਰਘੂਨਾਥ ਮੰਦਰ ਦੇ ਨਾਲ ਚੱਕੀ ਤੇ ਕੋਹਲੂ ਨਾਲ ਸਰੋਂ ਤੇਲ ਕੱਢਣ ਦਾ ਕੰਮ ਕਰਨ ਵਾਲੇ ਦੁਕਾਨਦਾਰ ਦੀ ਛੱਤ ਡਿੱਗਣ ਨਾਲ ਮੌਤ ਹੋ ਗਈ। ਇਸ ਹਾਦਸੇ ਦੌਰਾਨ ਦੁਕਾਨ ਅੰਦਰ ਮੌਜੂਦ ਇਕ ਗ੍ਰਾਹਕ ਤੇ ਮਜਦੂਰ ਜ਼ਖਮੀ ਹੋ ਗਏ। ਜਾਣਕਾਰੀ ਅਨੁਸਾਰ ਰਿਖੀ ਰਾਮ ਸਟ੍ਰੀਟ ਦੇ ਨਿਵਾਸੀ ਅਤੇ ਮੰਦਰ ਦੇ ਨਾਲ ਬੋਹੜ ਵਾਲੀ ਚੱਕੀ ਦੇ ਦੁਕਾਨਦਾਰ ਜਗਦੀਸ਼ ਕੁਮਾਰ ਉਰਫ ਨੀਲਾ ਕੁੱਬਾ ਪੁੱਤਰ ਰਾਜਕੁਮਾਰ ਆਪਣੀ ਦੁਕਾਨ ’ਤੇ ਗ੍ਰਾਹਕ ਲਈ ਕੋਹਲੂ ਤੋਂ ਤੇਲ ਕੱਢ ਰਿਹਾ ਸੀ। ਇਸ ਸਮੇਂ ਦੁਕਾਨ ’ਤੇ ਉਸਦਾ ਬੇਟਾ ਵੀ ਮੌਜੂਦ ਸੀ। ਜਦਕਿ ਦੁਕਾਨ ’ਤੇ ਦੋ ਮਜਦੂਰ ਵੀ ਛੱਤ ਰਿਪੇਅਰਿੰਗ ਦਾ ਕੰਮ ਕਰ ਰਹੇ ਸਨ। ਅਚਾਨਕ ਛੱਤ ਥੱਲੇ ਡਿਗ ਗਈ। ਜਿਸਦੇ ਚੱਲਦਿਆਂ ਦੁਕਾਨਦਾਰ ਨੀਲਾ ਕੁੱਬਾ ਮਲਬੇ ਹੇਠਾਂ ਆ ਗਿਆ ਅਤੇ ਗ੍ਰਾਹਕ ਰਮੇਸ਼ ਕੁਮਾਰ ਵਾਸੀ ਗੋਬਿੰਦ ਨਗਰੀ ਦੀ ਬਾਂਹ ਅਤੇ ਲੱਤ ’ਤੇ ਸੱਟਾਂ ਆਈਆਂ। ਜਿਸਨੂੰ ਪ੍ਰਾਈਵੇਟ ਹਸਪਤਾਲ ’ਚ ਦਾਖਲ ਕਰਾਇਆ ਗਿਆ ਹੈ। ਇਸ ਦੌਰਾਨ ਇਕ ਮਜਦੂਰ ਵੀ ਜ਼ਖਮੀ ਹੋ ਗਿਆ।
ਮੌਕੇ ’ਤੇ ਮੌਜੂਦ ਮੰਦਰ ਦੇ ਪੁਜਾਰੀ ਪੰ. ਆਦੇਸ਼ ਸ਼ਰਮਾ ਮੰਨੂ ਸਮੇਤ ਹੋਰ ਸੇਵਾਦਾਰਾਂ ਨੇ ਨੀਲਾ ਕੁੱਬਾ ਨੂੰ ਮਲਬੇ ’ਚੋਂ ਕੱਢਿਆ ਤੇ ਜਲਾਲਾਬਾਦ ਰੋਡ ਸਥਿਤ ਦਿੱਲੀ ਹਸਪਤਾਲ ਲੈ ਗਏ ਪਰ ਉੱਥੇ ਜਾਣ ਤੱਕ ਉਸਦੀ ਮੌਤ ਹੋ ਚੁੱਕੀ ਸੀ। ਮੌਕੇ ’ਤੇ ਥਾਣਾ ਸਿਟੀ ਦੇ ਏ. ਐੱਸ. ਆਈ. ਜਗਦੀਸ਼ ਕੁਮਾਰ ਟੀਮ ਸਮੇਤ ਪਹੁੰਚੇ ਅਤੇ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਲੈ ਗਏ। ਏ. ਐੱਸ. ਆਈ ਜਗਦੀਸ਼ ਕੁਮਾਰ ਨੇ ਦੱਸਿਆ ਕਿ ਪੋਸਟਮਾਰਟਮ ਮਗਰੋਂ ਲਾਸ਼ ਨੂੰ ਵਾਰਿਸਾਂ ਹਵਾਲੇ ਕਰ ਦਿੱਤਾ ਜਾਵੇਗਾ। ਇਸ ਮੌਕੇ ਸਾਬਕਾ ਵਿਧਾਇਕ ਕੰਵਰਜੀਤ ਸਿੰਘ ਰੋਜ਼ੀ ਬਰਕੰਦੀ, ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਰਾਸੇਸ਼ ਗੋਰਾ ਪਠੇਲਾ, ਨਗਰ ਕੌਂਸਲ ਪ੍ਰਧਾਨ ਕ੍ਰਿਸ਼ਨ ਕੁਮਾਰ ਸ਼ੰਮੀ ਤੇਰੀਆ ਸਮੇਤ ਸ਼ਹਿਰ ਦੇ ਹੋਰ ਪਤਵੰਤੇ ਸੱਜਣ ਤੇ ਧਾਰਮਿਕ, ਸਮਾਜਿਕ ਜਥੇਬੰਦੀਆਂ ਦੇ ਆਗੂ ਵੀ ਮੌਕੇ ’ਤੇ ਪਰਿਵਾਰ ਨਾਲ ਦੁੱਖ ’ਚ ਖੜ੍ਹੇ ਨਜ਼ਰ ਆਏ।
ਹਵਾਲਾਤੀ ’ਤੇ ਕਾਤਲਾਨਾ ਹਮਲਾ, 4 ਖਿਲਾਫ ਇਰਾਦਾ ਕਤਲ ਦਾ ਕੇਸ ਦਰਜ
NEXT STORY