ਰੂਪਨਗਰ : ਬੀਤੇ ਦਿਨ ਰੂਪਨਗਰ ਦੇ ਸਰਕਾਰੀ ਪਸ਼ੂ ਹਸਪਤਾਲ ਡਿਸਪੈਂਸਰੀ ਦੇ ਮੁੱਖ ਗੇਟ ਨੂੰ ਤਾਲਾ ਲੱਗਾ ਹੋਣ ਕਾਰਨ ਹਸਪਤਾਲ ਜਾਣ ਲਈ ਕੰਧ ਟੱਪਣ ਸਮੇਂ ਬੰਗਾਲਾ ਬਸਤੀ ਦੀ ਗਰਭਵਤੀ ਬੀਬੀ ਦੇ 2 ਨਵਜੰਮੇ ਬੱਚਿਆਂ ਦੀ ਮੌਤ ਹੋ ਗਈ ਸੀ। ਅਜੇ ਤੱਕ ਇਸ ਮਾਮਲੇ ਸਬੰਧੀ ਰੂਪਨਗਰ ਪ੍ਰਸ਼ਾਸਨ ਵੱਲੋਂ ਇਨ੍ਹਾਂ ਗ਼ਰੀਬਾਂ ਨੂੰ ਕੋਈ ਰਸਤਾ ਮੁਹੱਈਆ ਨਹੀਂ ਕਰਵਾਇਆ ਗਿਆ। ਇਸ ਦੇ ਵਿਰੋਧ ਵਿਚ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਵੱਲੋਂ ਇਨ੍ਹਾਂ ਗ਼ਰੀਬਾਂ ਨੂੰ ਰਸਤਾ ਦਿਵਾਉਣ ਦੇ ਲਈ ਪ੍ਰਸ਼ਾਸਨ ਦੇ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ।
ਜਾਣਕਾਰੀ ਮੁਤਾਬਕ ਇਕ ਹਫ਼ਤਾ ਪਹਿਲਾਂ ਝੁੱਗੀ-ਝੌਂਪੜੀ ਵਿੱਚ ਰਹਿੰਦੇ ਗ਼ਰੀਬ ਪਰਿਵਾਰ ਦੀ ਇਕ ਗਰਭਵਤੀ ਬੀਬੀ ਦੇ ਕੰਧ ਟੱਪਣ ਕਾਰਨ ਨਵਜੰਮੇ ਬੱਚਿਆਂ ਦੀ ਮੌਤ ਹੋ ਗਈ ਸੀ ਕਿਉਂਕਿ ਗਰਭਵਤੀ ਬੀਬੀ ਨੂੰ ਹਸਪਤਾਲ ਲਿਜਾਣ ਲਈ ਜੋ ਰਾਸਤਾ ਹੈ, ਉਹ ਸਰਕਾਰੀ ਪਸ਼ੂ ਡਿਸਪੈਂਸਰੀ ਦੀ ਚਾਰਦੀਵਾਰੀ 'ਚੋਂ ਹੋ ਕੇ ਨਿਕਲਦਾ ਹੈ ਅਤੇ ਸਰਕਾਰੀ ਪਸ਼ੂ ਡਿਸਪੈਂਸਰੀ ਦੇ ਗੇਟ ਨੂੰ ਕਰੀਬ ਪਿਛਲੇ 6 ਮਹੀਨੇ ਤੋਂ ਡਾਕਟਰ ਵੱਲੋਂ ਤਾਲਾ ਲਗਾਇਆ ਜਾ ਰਿਹਾ ਹੈ। ਤਾਲਾ ਲੱਗਾ ਹੋਣ ਕਾਰਨ ਗਰਭਵਤੀ ਨੂੰ ਕੰਧ ਤੋਂ ਟਪਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਮੌਕੇ ਤੇ ਉਸ ਦੀ ਡਲਿਵਰੀ ਹੋ ਗਈ, ਜਿਸ ਦੌਰਾਨ ਇੱਕ ਬੱਚੇ ਦੀ ਮੌਕੇ 'ਤੇ ਮੌਤ ਹੋ ਗਈ ਸੀ, ਜਦੋਂ ਕਿ ਦੂਜੇ ਬੱਚੇ ਦੀ ਵੀ 3-4 ਦਿਨ ਬਾਅਦ ਮੌਤ ਹੋ ਗਈ।
ਇਸ ਦੇ ਬਾਅਦ ਵੀ ਰੂਪਨਗਰ ਪ੍ਰਸ਼ਾਸਨ ਵੱਲੋਂ ਸਰਕਾਰੀ ਪਸ਼ੂ ਡਿਸਪੈਂਸਰੀ ਤੋਂ ਗ਼ਰੀਬਾਂ ਨੂੰ ਰਸਤਾ ਮੁਹੱਈਆ ਨਹੀਂ ਕਰਵਾਇਆ ਗਿਆ। ਇਸ ਕਾਰਨ ਇਨ੍ਹਾਂ ਗ਼ਰੀਬਾਂ ਨੂੰ ਵੱਡੀਆਂ ਸਮੱਸਿਆਵਾਂ ਨਾਲ ਜੂਝਣਾ ਪੈ ਰਿਹਾ ਹੈ ਅਤੇ ਹੁਣ ਵੀ ਇਨ੍ਹਾਂ ਗ਼ਰੀਬ ਪਰਿਵਾਰਾਂ ਦੇ ਵਿਚ ਪੰਜ ਗਰਭਵਤੀ ਜਨਾਨੀਆਂ ਹਨ, ਜਿਨ੍ਹਾਂ ਨੂੰ ਹਸਪਤਾਲ ਜਾਣ-ਆਉਣ ਦੇ ਵਿਚ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਦੋਂ ਇਨ੍ਹਾਂ ਗ਼ਰੀਬਾਂ ਦੀ ਪ੍ਰਸ਼ਾਸਨ ਨੇ ਕੋਈ ਸਾਰ ਨਹੀਂ ਲਈ ਤਾਂ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਵੱਲੋਂ ਇਨ੍ਹਾਂ ਗ਼ਰੀਬਾਂ ਦਾ ਸਾਥ ਦਿੰਦੇ ਹੋਏ ਰੂਪਨਗਰ ਪ੍ਰਸ਼ਾਸਨ ਦੇ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ।
ਬੇਅਦਬੀ ਕਾਂਡ ਦੀਆਂ ਜਾਂਚ ਟੀਮਾਂ 'ਤੇ ਭਰੋਸਾ ਪਰ ਕੈਪਟਨ ਦੀ ਨੀਅਤ 'ਤੇ ਸ਼ੱਕ : ਜਥੇਦਾਰ ਦਾਦੂਵਾਲ
NEXT STORY