ਰੋਪੜ (ਕੈਲਾਸ਼)-ਆਸ਼ਾ ਵਰਕਰਜ਼ ਤੇ ਫੈਸਿਲੀਟੇਟਰ ਯੂਨੀਅਨ ਪੰਜਾਬ ਵਲੋਂ ਅੱਜ ਸਿਵਲ ਹਸਪਤਾਲ ਰੂਪਨਗਰ ’ਚ ਮਹਿਲਾ ਰੋਗਾਂ ਦੇ ਮਾਹਿਰ ਡਾਕਟਰ ਦੇ ਵਿਰੁੱਧ ਰੋਸ ਧਰਨਾ ਦਿੱਤਾ ਗਿਆ। ਆਸ਼ਾ ਵਰਕਰਾਂ ਨੇ ਦੋਸ਼ ਲਾਇਆ ਕਿ ਮਹਿਲਾ ਡਾਕਟਰ ਵਲੋਂ ਆਸ਼ਾ ਵਰਕਰਾਂ ਨਾਲ ਮਾੜਾ ਵਿਵਹਾਰ ਕੀਤਾ ਜਾਂਦਾ ਹੈ। ਪੰਜਾਬ ਯੂਨੀਅਨ ਦੀ ਜਨਰਲ ਸਕੱਤਰ ਰਣਜੀਤ ਕੌਰ ਵੀ ਰੋਸ ਧਰਨੇ ’ਚ ਸ਼ਾਮਲ ਹੋਈ। ਸੰਬੋਧਨ ਕਰਦੇ ਹੋਏ ਰਣਜੀਤ ਕੌਰ ਨੇ ਕਿਹਾ ਕਿ ਉਹ ਮੁਸ਼ਕਿਲ ਨਾਲ ਗ੍ਰਾਮੀਣ ਖੇਤਰ ਦੀਆਂ ਔਰਤਾਂ ਨੂੰ ਸਿਵਲ ਹਸਪਤਾਲ ’ਚ ਪ੍ਰਸੂਤਾ ਲਈ ਤਿਆਰ ਕਰ ਕੇ ਲੈ ਕੇ ਆਉਂਦੀਆਂ ਹਨ ਉਨ੍ਹਾਂ ਦੀ ਮਿਹਨਤ ਕਾਰਨ ਜੱਚਾ-ਬੱਚਾ ਦੀ ਮੌਤ ਦਰ ’ਚ ਕਮੀ ਆਈ ਹੈ ਇਸ ਦੇ ਇਲਾਵਾ ਉਨ੍ਹਾਂ ਨੂੰ ਇਸ ਦੇ ਬਦਲੇ ਗਣਤੰਤਰ ਦਿਵਸ ’ਤੇ ਸਨਮਾਨਤ ਵੀ ਕੀਤਾ ਗਿਆ। ਪਰ ਸਿਵਲ ਹਸਪਤਾਲ ’ਚ ਤਾਇਨਾਤ ਮਹਿਲਾ ਰੋਗਾਂ ਦੇ ਮਾਹਿਰ ਡਾ. ਹਰਪ੍ਰੀਤ ਪਾਬਲਾ ਉਨ੍ਹਾਂ ਨੂੰ ਇਸ ਮਾਮਲੇ ’ਚ ਸਹਿਯੋਗ ਕਰਨ ਦੀ ਬਜਾਏ ਉਨ੍ਹਾਂ ਨਾਲ ਮਾੜਾ ਵਿਵਹਾਰ ਕਰਦੀ ਹੈ। ਡਾ. ਪਾਬਲਾ ਵਲੋਂ ਆਪਣਾ ਇਕ ਨਿੱਜੀ ਹਸਪਤਾਲ ਵੀ ਗਿਆਨੀ ਜ਼ੈਲ ਸਿੰਘ ਨਗਰ ’ਚ ਖੋਲ੍ਹਿਆ ਗਿਆ ਹੈ ਅਤੇ ਉਹ ਪ੍ਰਸੂਤਾ ਲਈ ਮਰੀਜ਼ਾਂ ਤੋਂ ਆਪਣੇ ਮਨਮਰਜ਼ੀ ਦੇ ਸਕੈਨ ਸੈਂਟਰਾਂ ਤੋਂ ਸਕੈਨ ਕਰਵਾਉਣ ਲਈ ਵੀ ਕਹਿੰਦੀ ਹੈ। ਅੱਜ ਮਜਬੂਰਨ ਉਨ੍ਹਾਂ ਨੂੰ ਮਹਿਲਾ ਡਾਕਟਰ ਦੇ ਵਿਰੁੱਧ ਰੋਸ ਧਰਨਾ ਦੇਣਾ ਪਿਆ। ਇਸ ਮੌਕੇ ਆਸ਼ਾ ਵਰਕਰਾਂ ਨੇ ਉੱਚ ਪੱਧਰ ’ਤੇ ਮਾਮਲੇ ਦੀ ਜਾਂਚ ਕਰਵਾਉਣ ਦੀ ਮੰਗ ਕੀਤੀ। ਸਿਵਲ ਹਸਪਤਾਲ ਦੇ ਪ੍ਰਬੰਧਕਾਂ ਵਲੋਂ ਧਰਨੇ ਨੂੰ ਰੋਕਣ ਲਈ ਸਿਟੀ ਥਾਣਾ ਰੂਪਨਗਰ ਤੋਂ ਪੁਲਸ ਮੰਗਵਾਈ ਗਈ ਅਤੇ ਐੱਸ.ਐੱਚ.ਓ. ਦੇ ਦਖਲ ਦੇ ਬਾਅਦ ਧਰਨੇ ਨੂੰ ਸਮਾਪਤ ਕੀਤਾ ਗਿਆ। ਕੀ ਕਹਿਣੈ ਡਾਕਟਰ ਦਾ-ਇਸ ਸਬੰਧ ’ਚ ਜਦੋਂ ਮਹਿਲਾ ਰੋਗਾਂ ਦੇ ਮਾਹਿਰ ਡਾ. ਹਰਪ੍ਰੀਤ ਪਾਬਲਾ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਮਾਮਲਾ ਤਾਂ ਇਕ ਮਰੀਜ਼ ਨੂੰ ਰੈਫਰ ਕਰਨ ਨੂੰ ਲੈ ਕੇ ਵਿਗਡ਼ਿਆ ਹੈ ਕਿਉਂਕਿ ਗਰਭਵਤੀ ਔਰਤ ਨੂੰ ਸਿਵਲ ਹਸਪਤਾਲ ਰੂਪਨਗਰ ’ਚ ਪ੍ਰਸੂਤਾ ਲਈ ਭਰਤੀ ਕੀਤਾ ਗਿਆ। ਉਸ ਦੇ ਪਲੇਟਲੈੱਟਸ ਬਹੁਤ ਘੱਟ ਸਨ ਜਿਸ ਕਾਰਨ ਉਸ ਨੂੰ ਸੈਕਟਰ 32 ਮੈਡੀਕਲ ਕਾਲਜ ’ਚ ਰੈਫਰ ਕਰਨਾ ਪਿਆ ਉਥੋਂ ਵੀ ਉਸ ਨੂੰ ਪੀ.ਜੀ.ਆਈ. ਰੈਫਰ ਕਰ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਕੋਈ ਆਪਣਾ ਨਿੱਜੀ ਹਸਪਤਾਲ ਨਹੀਂ ਹੈ ਅਤੇ ਨਾ ਹੀ ਕਿਸੇ ਆਸ਼ਾ ਵਰਕਰ ਨੂੰ ਨਿੱਜੀ ਹਸਪਤਾਲ ’ਚ ਭੇਜਣ ਲਈ ਕਹਿੰਦੀ ਹੈ ਅਤੇ ਦੂਜੇ ਪਾਸੇ ਉਨ੍ਹਾਂ ਦੇ ਹਸਪਤਾਲ ਆਉਣ ਦੇ ਬਾਅਦ ਆਸ਼ਾ ਵਰਕਰਾਂ ਨੂੰ ਹੋਣ ਵਾਲੀ ਕਮਾਈ ’ਤੇ ਵੀ ਰੋਕ ਲੱਗੀ ਹੈ। ਜਿਸ ਕਾਰਨ ਉਨ੍ਹਾਂ ’ਤੇ ਆਸ਼ਾ ਵਰਕਰਾਂ ਵਲੋਂ ਝੂਠੇ ਇਲਜ਼ਾਮ ਲਾਏ ਜਾ ਰਹੇ ਹਨ। ਉਨ੍ਹਾਂ ਨੇ ਕਿਸੇ ਵੀ ਆਸ਼ਾ ਵਰਕਰ ਨਾਲ ਮਾੜਾ ਵਿਵਹਾਰ ਨਹੀਂ ਕੀਤਾ। ਕੀ ਕਹਿੰਦੇ ਨੇ ਹਸਪਤਾਲ ਦੇ ਐੱਸ.ਐੱਮ.ਓ.- ਜਦੋਂ ਸਿਵਲ ਹਸਪਤਾਲ ਦੇ ਐੱਸ.ਐੱਮ.ਓ. ਡਾ. ਤਰਸੇਮ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਆਸ਼ਾ ਵਰਕਰਾਂ ਨੇ ਅੱਜ ਬਿਨਾਂ ਸਿਹਤ ਪ੍ਰਸ਼ਾਸਨ ਨੂੰ ਸੂਚਿਤ ਕੀਤੇ ਹਸਪਤਾਲ ’ਚ ਰੋਸ ਧਰਨਾ ਦਿੱਤਾ ਅਤੇ ਕਰੀਬ ਡੇਢ ਘੰਟਾ ਕੰਮਕਾਜ ਪ੍ਰਭਾਵਿਤ ਕੀਤਾ। ਉਨ੍ਹਾਂ ਨੂੰ ਮਜਬੂਰਨ ਧਰਨੇ ਨੂੰ ਰੋਕਣ ਲਈ ਪੁਲਸ ਨੂੰ ਸੂਚਿਤ ਕਰਨਾ ਪਿਆ। ਉਨ੍ਹਾਂ ਆਸ਼ਾ ਵਰਕਰਾਂ ਨੂੰ ਕਿਹਾ ਕਿ ਜੇਕਰ ਉਨ੍ਹਾਂ ਨੂੰ ਕਿਸੇ ਡਾਕਟਰ ਦੇ ਵਿਰੁੱਧ ਸ਼ਿਕਾਇਤ ਹੈ ਤਾਂ ਉਨ੍ਹਾਂ ਨੂੰ ਲਿਖਤੀ ਰੂਪ ’ਚ ਦਿੱਤਾ ਜਾਵੇ ਤਾਂ ਕਿ ਸਬੰਧਤ ਖਿਲਾਫ ਬਣਦੀ ਕਾਰਵਾਈ ਕੀਤੀ ਜਾ ਸਕੇ। ਉਨ੍ਹਾਂ ਕੋਲ ਕੋਈ ਸ਼ਿਕਾਇਤ ਨਹੀਂ ਆਈ ਹੈ।
ਲਡ਼ੋਆ ਪੰਚਾਇਤ ਵਲੋਂ ਵਿਕਾਸ ਕਾਰਜ ਆਰੰਭ
NEXT STORY