ਨਵਾਂਸ਼ਹਿਰ, (ਤ੍ਰਿਪਾਠੀ)- ਜਾਅਲੀ ਵੀਜ਼ਾ ਲਾ ਕੇ ਵਿਦੇਸ਼ ਭੇਜਣ ਦੇ ਦੋਸ਼ 'ਚ ਪੁਲਸ ਨੇ ਮਹਿਲਾ ਸਮੇਤ 3 ਏਜੰਟਾਂ ਖਿਲਾਫ਼ ਮਾਮਲਾ ਦਰਜ ਕੀਤਾ ਹੈ।
ਐੱਸ.ਐੱਸ.ਪੀ. ਨੂੰ ਦਿੱਤੀ ਸ਼ਿਕਾਇਤ 'ਚ ਅਮਨਿੰਦਰ ਸਿੰਘ ਪੁੱਤਰ ਪਲਮਿੰਦਰ ਸਿੰਘ ਵਾਸੀ ਬਲਾਚੌਰ ਨੇ ਦੱਸਿਆ ਕਿ ਉਸ ਨੂੰ ਜਾਣਕਾਰੀ ਮਿਲੀ ਸੀ ਕਿ ਏਜੰਟ ਸੁਨੀਲ ਕੁਮਾਰ ਤੇ ਗੁਰਵਿੰਦਰ ਕੌਰ ਨੌਜਵਾਨਾਂ ਨੂੰ ਵਰਕ ਪਰਮਿਟ 'ਤੇ ਦੁਬਈ ਭੇਜਦੇ ਹਨ ਇਸ ਲਈ ਉਸ ਨੇ ਉਕਤ ਸੁਨੀਲ ਕੁਮਾਰ ਦੇ ਮੋਬਾਇਲ 'ਤੇ ਸੰਪਰਕ ਕੀਤਾ ਤਾਂ ਉਸ ਨੇ ਭਰੋਸਾ ਦਿੱਤਾ ਕਿ ਦੁਬਈ ਭੇਜਣ ਲਈ ਕੁੱਲ 80 ਹਜ਼ਾਰ ਰੁਪਏ ਲੱਗਣਗੇ ਤੇ 10-15 ਦਿਨਾਂ 'ਚ ਹੀ ਉਸ ਦਾ ਕੰਮ ਹੋ ਜਾਵੇਗਾ। ਸ਼ਿਕਾਇਤਕਰਤਾ ਨੇ ਦੱਸਿਆ ਕਿ ਏਜੰਟ ਦੇ ਕਹਿਣ 'ਤੇ ਉਸ ਨੇ ਉਸ ਦੇ ਦੱਸੇ ਬੈਂਕ ਖਾਤੇ 'ਚ ਰਾਸ਼ੀ ਜਮ੍ਹਾ ਕਰਵਾ ਦਿੱਤੀ। ਕੁਝ ਦਿਨਾਂ ਬਾਅਦ ਉਕਤ ਏਜੰਟ ਨੇ ਉਸ ਨੂੰ ਦੱਸਿਆ ਕਿ ਵੀਜ਼ਾ ਲੱਗ ਗਿਆ ਹੈ ਤੇ ਉਸ ਨੇ ਏਜੰਟ ਗੁਰਵਿੰਦਰ ਕੌਰ ਤੋਂ ਫਤਿਹਗੜ੍ਹ ਚੂੜੀਆਂ ਤੋਂ ਵੀਜ਼ਾ ਕੁਲੈਕਟ ਕਰਨ ਲਈ ਕਿਹਾ।
ਸ਼ਿਕਾਇਤਕਰਤਾ ਨੇ ਦੱਸਿਆ ਕਿ ਉਕਤ ਮੈਡਮ ਨੇ 20 ਹਜ਼ਾਰ ਰੁਪਏ ਲੈਣ ਦੇ ਬਾਅਦ ਉਸ ਨੂੰ ਵੀਜ਼ੇ ਦੀ ਕਾਪੀ ਦਿੱਤੀ ਤੇ ਅਗਲੇ ਦਿਨ ਅੰਮ੍ਰਿਤਸਰ ਤੋਂ ਫਲਾਈਟ ਲੈਣ ਲਈ ਕਿਹਾ। ਅਗਲੇ ਦਿਨ ਉਹ ਸਮੇਂ 'ਤੇ ਏਅਰਪੋਰਟ ਪਹੁੰਚ ਗਿਆ, ਜਿਥੇ ਉਕਤ ਮੈਡਮ ਵੀ ਹਾਜ਼ਰ ਸੀ ਤੇ ਨਵਾਂਸ਼ਹਿਰ ਦੇ ਹੀ 3-4 ਲੜਕੇ ਹੋਰ ਸਨ, ਜਿਨ੍ਹਾਂ ਦਾ ਵੀਜ਼ਾ ਵੀ ਉਕਤ ਏਜੰਟਾਂ ਨੇ ਹੀ ਲਾਇਆ ਸੀ। ਜਦੋਂ ਉਨ੍ਹਾਂ ਦੀ ਫਲਾਈਟ ਦੁਬਈ ਏਅਰਪੋਰਟ 'ਤੇ ਉੱਤਰੀ ਤਾਂ ਉਥੇ ਉਨ੍ਹਾਂ ਨੂੰ ਪਤਾ ਲੱਗਾ ਕਿ ਉਨ੍ਹਾਂ ਦਾ ਵੀਜ਼ਾ ਜਾਅਲੀ ਹੈ, ਜਿਸ 'ਤੇ ਏਅਰਪੋਰਟ ਅਥਾਰਟੀ ਨੇ ਉਨ੍ਹਾਂ ਨੂੰ ਵਾਪਸ ਇੰਡੀਆ ਭੇਜ ਦਿੱਤਾ।
ਵਾਪਸ ਆ ਕੇ ਜਦੋਂ ਏਜੰਟਾਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਪੈਸੇ ਵਾਪਸ ਕਰਨ ਦਾ ਭਰੋਸਾ ਦਿੱਤਾ ਪਰ ਬਾਅਦ ਵਿਚ ਫੋਨ ਚੁੱਕਣਾ ਬੰਦ ਕਰ ਦਿੱਤਾ। ਥਾਣਾ ਸਿਟੀ ਨਵਾਂਸ਼ਹਿਰ ਦੀ ਪੁਲਸ ਨੇ ਉਕਤ ਦੋਵਾਂ ਤੋਂ ਇਲਾਵਾ ਗੁਰਦੀਪ ਸਿੰਘ ਪੁੱਤਰ ਸੁਰਿੰਦਰ ਕੁਮਾਰ ਵਾਸੀ ਦੌਲਤਪੁਰ ਤੇ ਸੁਖਵਿੰਦਰ ਕੁਮਾਰ ਦੀ ਸ਼ਿਕਾਇਤ 'ਤੇ ਵੀ 3.80 ਲੱਖ ਰੁਪਏ ਦੀ ਠੱਗੀ ਕਰਨ ਵਾਲੇ ਏਜੰਟ ਸੁਨੀਲ ਕੁਮਾਰ ਵਾਸੀ ਮੇਹਟਾ ਥਾਣਾ ਸਦਰ ਫਗਵਾੜਾ, ਗੁਰਵਿੰਦਰ ਕੌਰ ਪਤਨੀ ਅਮਰੀਕ ਸਿੰਘ ਵਾਸੀ ਫਤਿਹਗੜ੍ਹ ਚੂੜੀਆਂ ਜ਼ਿਲਾ ਗੁਰਦਾਸਪੁਰ ਤੇ ਸੁਖਦੇਵ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਵੇਰਕਾ ਜ਼ਿਲਾ ਅੰਮ੍ਰਿਤਸਰ ਖਿਲਾਫ਼ ਮਾਮਲਾ ਦਰਜ ਕਰ ਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਐਕਸ-ਰੇ ਮਸ਼ੀਨ ਖਰਾਬ, ਲੋਕ ਮਹਿੰਗੇ ਰੇਟਾਂ 'ਤੇ ਐਕਸ-ਰੇ ਕਰਵਾਉਣ ਲਈ ਮਜਬੂਰ
NEXT STORY