ਜਲੰਧਰ, (ਮਹੇਸ਼ ਖੋਸਲਾ)— ਜੰਡਿਆਲਾ ਮੰਜਕੀ ਵਿਚ ਸ਼ੁੱਕਰਵਾਰ ਨੂੰ ਲੁਟੇਰਿਆਂ ਨੇ ਖਿਡੌਣਾ ਪਿਸਤੌਲ ਦਿਖਾ ਕੇ ਮਨੀ ਚੇਂਜਰ ਤੋਂ 2.50 ਲੱਖ ਰੁਪਏ ਲੁੱਟ ਲਏ। ਲੁੱਟ ਦੀ ਵਾਰਦਾਤ ਨਾਲ ਪੂਰੇ ਜੰਡਿਆਲਾ ਵਿਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਅਤੇ ਕਮਿਸ਼ਨਰੇਟ ਪੁਲਸ ਨੂੰ ਵੀ ਭਾਜੜਾਂ ਪੈ ਗਈਆਂ। ਥਾਣਾ ਸਦਰ ਅਧੀਨ ਆਉਂਦੇ ਉਪਰੋਕਤ ਖੇਤਰ ਵਿਚ ਹੋਈ ਲੁੱਟ ਦੀ ਵਾਰਦਾਤ ਦੀ ਸੂਚਨਾ ਮਿਲਦੇ ਹੀ ਮੌਕੇ 'ਤੇ ਉੱਚ ਪੁਲਸ ਅਫਸਰ ਪੁੱਜ ਗਏ, ਜਿਨ੍ਹਾਂ ਵਿਚ ਮੁੱਖ ਤੌਰ 'ਤੇ ਏ. ਸੀ. ਪੀ. ਲਖਵੀਰ ਸਿੰਘ, ਏ. ਸੀ. ਪੀ. ਸਮੀਰ ਵਰਮਾ, ਏ. ਸੀ. ਪੀ. ਗੁਰਮੇਲ ਸਿੰਘ, ਥਾਣਾ ਸਦਰ ਦੇ ਮੁਖੀ ਇੰਸ. ਸੁਖਦੇਵ ਸਿੰਘ ਔਲਖ, ਸੀ.ਆਈ.ਏ. ਦੇ ਇੰਚਾਰਜ ਇੰਸ. ਅਜੇ ਸਿੰਘ, ਜੰਡਿਆਲਾ ਪੁਲਸ ਚੌਕੀ ਦੇ ਮੁਖੀ ਮੇਜਰ ਸਿੰਘ ਰਿਆੜ ਸ਼ਾਮਲ ਸਨ।
ਲੁਟੇਰਿਆਂ ਦਾ ਸ਼ਿਕਾਰ ਹੋਏ ਮਨੀ ਚੇਂਜਰ ਤਰਸੇਮ ਸਿੰਘ ਪੁੱਤਰ ਸੇਵਾ ਸਿੰਘ ਵਾਸੀ ਨਵੀਂ ਆਬਾਦੀ ਜੰਡਿਆਲਾ ਨੇ ਪੁਲਸ ਅਫਸਰਾਂ ਨੂੰ ਦੱਸਿਆ ਕਿ ਜੰਡਿਆਲਾ ਅੱਡੇ ਵਿਚ ਉਸਦੀ ਅੰਮ੍ਰਿਤ ਇੰਟਰਪ੍ਰਾਈਜ਼ਿਜ਼ ਦੇ ਨਾਂ ਨਾਲ ਮਨੀ ਚੇਂਜਰ ਦੀ ਦੁਕਾਨ ਹੈ। ਉਸਨੇ ਦੱਸਿਆ ਕਿ ਉਹ ਰੋਜ਼ ਦੀ ਤਰ੍ਹਾਂ ਰਾਤ ਨੂੰ ਆਪਣੀ ਦੁਕਾਨ ਬੰਦ ਕਰਕੇ ਘਰ ਲਈ ਐਕਟਿਵਾ 'ਤੇ ਨਿਕਲਿਆ ਸੀ।
ਰਸਤੇ ਵਿਚ ਉਸਨੇ ਦੁੱਧ ਲਿਆ ਅਤੇ ਲਿੰਕ ਰੋਡ ਰਾਹੀਂ ਘਰ ਵੱਲ ਜਾਂਦੀ ਗਲੀ ਵਿਚ ਵੜ ਗਿਆ। ਉਥੇ ਕਾਲੇ ਰੰਗ ਦੀ ਬਾਈਕ ਸਵਾਰ ਖੜ੍ਹੇ ਤਿੰਨ ਨੌਜਵਾਨਾਂ ਨੇ ਉਸ ਘੇਰ ਲਿਆ ਅਤੇ ਪਿਸਤੌਲ ਦਿਖਾਉਂਦੇ ਹੋਏ ਉਸ ਤੋਂ ਉਸਦਾ ਬੈਗ ਖੋਹ ਲਿਆ, ਜਿਸ ਵਿਚ ਕਰੀਬ ਢਾਈ ਲੱਖ ਰੁਪਏ ਸਨ। ਉਸਨੇ ਦੱਸਿਆ ਕਿ ਉਹ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦੇ ਹੋਏ ਮੌਕੇ ਤੋਂ ਫਰਾਰ ਹੋ ਗਏ। ਉਸਨੇ ਰੌਲਾ ਵੀ ਪਾਇਆ ਪਰ ਉਹ ਕਾਫੀ ਦੂਰ ਨਿਕਲ ਚੁੱਕੇ ਹਨ। ਜਾਂਦੇ ਸਮੇਂ ਉਹ ਆਪਣਾ ਪਿਸਤੌਲ ਵੀ ਉਥੇ ਹੀ ਸੁੱਟ ਗਏ। ਪੁਲਸ ਨੇ ਜਾਂਚ ਕੀਤੀ ਤਾਂ ਉਹ ਖਿਡੌਣਾ ਪਿਸਤੌਲ ਨਿਕਲਿਆ ਜੋ ਕਿ ਪੰਛੀਆਂ ਨੂੰ ਉਡਾਉਣ ਵਾਸਤੇ ਪ੍ਰਯੋਗ ਕੀਤਾ ਜਾਂਦਾ ਹੈ ਅਤੇ ਉਸ ਨੂੰ ਏਅਰ ਪਿਸਟਲ ਵੀ ਕਹਿੰਦੇ ਹਨ। ਪੁਲਸ ਨੇ ਵਾਰਦਾਤ ਵਾਲੀ ਜਗ੍ਹਾ 'ਤੇ ਆਸ-ਪਾਸ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਵੀ ਖੰਗਾਲੀ ਹੈ ਪਰ ਲੁਟੇਰਿਆਂ ਦਾ ਕੋਈ ਸੁਰਾਗ ਪੁਲਸ ਦੇ ਹੱੱਥ ਨਹੀਂ ਲੱਗਾ ਹੈ। ਪੁਲਸ ਮੌਕੇ 'ਤੇ ਕਾਫੀ ਦੇਰ ਜਾਂਚ ਕਰਦੀ ਰਹੀ।
ਇੰਸ. ਸੁਖਦੇਵ ਸਿੰਘ ਔਲਖ ਥਾਣਾ ਸਦਰ ਮੁਖੀ ਅਤੇ ਮੇਜਰ ਸਿੰਘ ਰਿਆੜ ਇੰਚਾਰਜ ਜੰਡਿਆਲਾ ਪੁਲਸ ਚੌਕੀ ਨੇ ਦੱਸਿਆ ਕਿ ਪੁਲਸ ਨੇ ਮਨੀ ਚੇਂਜਰ ਤਰਸੇਮ ਸਿੰਘ ਦੇ ਬਿਆਨਾਂ 'ਤੇ ਥਾਣਾ ਸਦਰ ਵਿਚ ਆਈ.ਪੀ.ਸੀ. ਦੀ ਧਾਰਾ-379-ਬੀ ਦਾ ਕੇਸ ਦਰਜ ਕਰ ਲਿਆ ਹੈ। ਦੇਰ ਰਾਤ ਤੱਕ ਵੀ ਪੁਲਸ ਲੁਟੇਰਿਆਂ ਦੀ ਭਾਲ ਵਿਚ ਲੱਗੀ ਹੋਈ ਸੀ ਅਤੇ ਇਲਾਕੇ ਵਿਚ ਨਾਕਾਬੰਦੀ ਕਰ ਕੇ ਚੈਕਿੰਗ ਵੀ ਸਖਤ ਕਰ ਦਿੱਤੀ ਗਈ। ਪੁਲਸ ਵਲੋਂ ਸ਼ੱਕੀ ਲੋਕਾਂ ਤੋਂ ਨਾਕੇ 'ਤੇ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਸੀ।
10 ਤੋਲੇ ਸੋਨੇ ਦੇ ਗਹਿਣੇ ਤੇ ਹੋਰ ਸਾਮਾਨ ਚੋਰੀ
NEXT STORY