ਰੂਪਨਗਰ (ਕੈਲਾਸ਼)— ਸੁਰੱਖਿਆ ਦੇ ਮੱਦੇਨਜ਼ਰ ਅੱਜਕਲ੍ਹ ਸੀ. ਸੀ. ਟੀ. ਵੀ. ਕੈਮਰੇ ਤੀਜੀ ਅੱਖ ਦਾ ਕੰਮ ਕਰਦੇ ਹਨ ਪਰ ਸ਼ਹਿਰ ਦੇ ਮਹੱਤਵਪੂਰਨ ਸਥਾਨਾਂ ਜਿੱਥੇ ਅਕਸਰ ਲੋਕਾਂ ਦੀ ਭੀੜ ਰਹਿੰਦੀ ਹੈ, ਸੀ.ਸੀ.ਟੀ.ਵੀ. ਕੈਮਰੇ ਦੀ ਸੁਵਿਧਾ ਤੋਂ ਵਾਂਝੇ ਹਨ। ਵਧ ਰਹੀਆਂ ਕ੍ਰਾਈਮ ਦੀਆਂ ਘਟਨਾਵਾਂ, ਲੋਕਾਂ ਨਾਲ ਦਿਨ ਦਿਹਾੜੇ ਹੋ ਰਹੀ ਲੁੱਟਮਾਰ ਅਤੇ ਝਪਟਮਾਰੀ ਦੇ ਮਾਮਲਿਆਂ ਨੂੰ ਲੈ ਕੇ ਸ਼ਹਿਰ ਦੇ ਲੋਕਾਂ 'ਚ ਅਕਸਰ ਡਰ ਦਾ ਮਾਹੌਲ ਬਣਿਆ ਰਹਿੰਦਾ ਹੈ, ਜਿਸ 'ਚ ਸੀ.ਸੀ.ਟੀ.ਵੀ. ਕੈਮਰੇ ਇਕ ਮਹੱਤਵਪੂਰਨ ਭੂਮਿਕਾ ਨਿਭਾ ਸਕਦੇ ਹਨ ਪਰ ਇਸ ਪਾਸੇ ਪ੍ਰਸ਼ਾਸਨਕ ਅਧਿਕਾਰੀਆਂ ਵੱਲੋਂ ਕਿਸੇ ਵੀ ਯੋਜਨਾ ਨੂੰ ਅਮਲੀ ਜਾਮਾ ਨਹੀਂ ਪਹਿਣਾਇਆ ਗਿਆ।
ਇਥੋਂ ਤੱਕ ਕਿ ਉੱਚ ਅਧਿਕਾਰੀਆਂ ਦੇ ਦਫਤਰਾਂ ਦੇ ਅੰਦਰ ਭਾਵੇਂ ਸੀ. ਸੀ. ਟੀ. ਵੀ. ਕੈਮਰੇ ਸਥਾਪਤ ਕੀਤੇ ਗਏ ਹਨ ਪਰ ਦਫਤਰਾਂ ਦੇ ਬਾਹਰ ਮੁੱਖ ਦਰਵਾਜ਼ੇ 'ਤੇ ਕੈਮਰੇ ਦੀ ਸੁਵਿਧਾ ਉਪਲਬੱਧ ਨਹੀਂ ਹੈ। ਜਦੋਂ ਵੀ ਕੋਈ ਸ਼ਹਿਰ 'ਚ ਚੋਰੀ ਜਾਂ ਲੁੱਟਮਾਰ ਦੀ ਵਾਰਦਾਤ ਹੁੰਦੀ ਹੈ ਤਾਂ ਪੁਲਸ ਵੱਲੋਂ ਸਬੰਧਤ ਸ਼ਰਾਰਤੀ ਅਨਸਰਾਂ ਨੂੰ ਲੱਭਣ ਲਈ ਲੋਕਾਂ ਦੀਆਂ ਦੁਕਾਨਾਂ ਦੇ ਬਾਹਰ ਲੱਗੇ ਸੀ. ਸੀ. ਟੀ. ਵੀ. ਕੈਮਰੇ ਖੰਗਾਲਣੇ ਸ਼ੁਰੂ ਕਰ ਦਿੱਤੇ ਜਾਂਦੇ ਹਨ।

ਰੇਲਵੇ ਸਟੇਸ਼ਨ ਅਤੇ ਬੱਸ ਸਟੈਂਡ ਸੀ. ਸੀ. ਟੀ. ਵੀ. ਕੈਮਰੇ ਤੋਂ ਵਾਂਝੇ
ਸੂਤਰਾਂ ਮੁਤਾਬਿਕ ਜ਼ਿਲਾ ਹੈਡਕੁਆਰਟਰ 'ਤੇ ਸਥਾਪਿਤ ਰੇਲਵੇ ਸਟੇਸ਼ਨ ਜਿੱਥੇ ਮੌਜੂਦਾ ਸਮੇਂ 'ਚ ਲਗਭਗ 24 ਯਾਤਰੀ ਰੇਲ ਗੱਡੀਆਂ ਆਉਂਦੀਆਂ-ਜਾਂਦੀਆਂ ਹਨ ਅਤੇ ਯਾਤਰੀਆਂ ਦੀ ਭੀੜ ਲੱਗੀ ਰਹਿੰਦੀ ਹੈ। ਇਸ ਦੇ ਬਾਵਜੂਦ ਕਿਸੇ ਵੀ ਪ੍ਰਸ਼ਾਸਨਕ ਅਧਿਕਾਰੀ ਨੇ ਰੇਲਵੇ ਸਟੇਸ਼ਨ 'ਤੇ ਸੀ. ਸੀ. ਟੀ. ਵੀ. ਕੈਮਰੇ ਲਾਉਣ ਲਈ ਧਿਆਨ ਨਹੀਂ ਦਿੱਤਾ।
ਇਥੋਂ ਤੱਕ ਕਿ ਸਟੇਸ਼ਨ 'ਤੇ ਬਣੇ ਗਵਰਨਮੈਂਟ ਰੇਲਵੇ ਪੁਲਸ ਚੌਕੀ ਅਤੇ ਰੇਲਵੇ ਪੁਲਸ ਫੋਰਸ ਦੇ ਦਫਤਰ ਸੀ. ਸੀ. ਟੀ. ਵੀ. ਕੈਮਰੇ ਤੋਂ ਸੱਖਣੇ ਹਨ।
ਡੀ. ਸੀ. ਦਫਤਰ ਦੇ ਬਾਹਰ ਵੀ ਨਹੀਂ ਹੈ ਇਹ ਸਹੂਲਤ
ਕੁਝ ਮਹੀਨੇ ਪਹਿਲਾਂ ਡਿਪਟੀ ਕਮਿਸ਼ਨਰ ਦਫਤਰ ਦੇ ਬਾਹਰ ਵਕੀਲਾਂ ਅਤ ਹੋਰ ਲੋਕਾਂ ਦਾ ਝਗੜਾ ਹੋ ਗਿਆ ਸੀ, ਜਿਸ ਨੂੰ ਲੈ ਕੇ ਵਕੀਲਾਂ ਨੇ ਮਾਮਲਾ ਦਰਜ ਕਰਵਾਉਣ ਲਈ ਲਗਾਤਾਰ ਇਕ ਮਹੀਨਾ ਹੜਤਾਲ ਵੀ ਕੀਤੀ ਪਰ ਸਬੰਧਤ ਜਗ੍ਹਾਂ 'ਤੇ ਸੀ. ਸੀ. ਟੀ. ਵੀ. ਕੈਮਰੇ ਨਾ ਹੋਣ ਕਾਰਨ ਵਕੀਲਾਂ ਵੱਲੋਂ ਲਾਏ ਜਾ ਰਹੇ ਦੋਸ਼ਾਂ ਦੀ ਪੁਸ਼ਟੀ ਨਹੀਂ ਹੋ ਸਕੀ ।
ਖਜ਼ਾਨਾ ਦਫਤਰ ਵੀ ਹੈ ਸੀ. ਸੀ. ਟੀ. ਵੀ. ਕੈਮਰੇ ਤੋਂ ਸੱਖਣਾ
ਸੂਤਰਾਂ ਅਨੁਸਾਰ ਜ਼ਿਲਾ ਹੈਡਕੁਆਰਟਰ 'ਤੇ ਸਥਿਤ ਖਜ਼ਾਨਾ ਦਫਤਰ ਜਿਸ 'ਚ ਆਰੋਪੀਆਂ ਦੇ ਰਿਕਾਰਡ ਅਤੇ ਲੁੱਟਮਾਰ ਦੀ ਰਾਸ਼ੀ ਰੱਖੀ ਜਾਂਦੀ ਹੈ 'ਚ ਵੀ ਸੀ. ਸੀ. ਟੀ. ਵੀ. ਕੈਮਰੇ ਨਹੀਂ ਲੱਗੇ । ਚਾਹੇ ਖਜ਼ਾਨਾ ਦਫਤਰ ਦੀ ਰਖਵਾਲੀ ਲਈ 24 ਘੰਟੇ ਇਕ ਗਾਰਡ ਤਾਇਨਾਤ ਰਹਿੰਦਾ ਹੈ ਪਰ ਇਸ ਦੇ ਬਾਵਜੂਦ ਘਟਨਾ ਦਾ ਪਤਾ ਲਾਉਣ ਲਈ ਅਤੇ ਸ਼ਰਾਰਤੀ ਅਨਸਰਾਂ ਤੱਕ ਪਹੁੰਚਣ ਲਈ ਸੀ. ਸੀ. ਟੀ. ਵੀ. ਕੈਮਰੇ ਬਹੁਤ ਜ਼ਰੂਰੀ ਹਨ।

ਬੇਲਾ ਚੌਕ ਵਿਚ ਸਥਾਪਿਤ ਕੈਮਰੇ ਅਣਦੇਖੀ ਕਾਰਣ ਪਏ ਹਨ ਬੰਦ
ਇਕ ਸਮਾਜ ਸੇਵੀ ਸੰਸਥਾ ਦੇ ਪ੍ਰਧਾਨ ਨੇ ਬੇਲਾ ਚੌਕ 'ਚ ਹਾਈ ਪਾਵਰ ਜ਼ੋਰ ਦੇ ਲੱਗਭਗ 7-8 ਸੀ. ਸੀ. ਟੀ. ਵੀ. ਕੈਮਰੇ ਲਗਵਾਏ ਸਨ ਪਰ ਉਕਤ ਸੀ. ਸੀ. ਟੀ. ਵੀ. ਕੈਮਰੇ ਅਣਦੇਖੀ ਦੇ ਚਲਦਿਆਂ ਬੰਦ ਹੋ ਚੁੱਕੇ ਹਨ ਅਤੇ ਇਸ ਵੱਲ ਵੀ ਕਿਸੇ ਨੇ ਧਿਆਨ ਨਹੀਂ ਦਿੱਤਾ।
ਵਿੱਦਿਅਕ ਸੰਸਥਾਵਾਂ ਦੇ ਬਾਹਰ ਵੀ ਨਹੀਂ ਹਨ ਕੈਮਰੇ
ਸੂਤਰਾਂ ਅਨੁਸਾਰ ਸ਼ਹਿਰ 'ਚ ਚੱਲ ਰਹੇ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਅਤੇ ਸਰਕਾਰੀ ਕਾਲਜ ਤੋਂ ਇਲਾਵਾ ਦੂਜੀਆਂ ਵਿੱਦਿਅਕ ਸੰਸਥਾਵਾਂ ਦੇ ਬਾਹਰ ਗੇਟ 'ਤੇ ਵੀ ਸੀ. ਸੀ. ਟੀ. ਵੀ. ਕੈਮਰੇ ਦੀ ਸੁਵਿਧਾ ਮੌਜੂਦ ਨਹੀਂ ਹੈ। ਕਾਲਜ ਅਤੇ ਹਾਈ ਸਕੂਲਾਂ ਦੇ ਬਾਹਰ ਕੁਝ ਸ਼ਰਾਰਤੀ ਅਨਸਰ ਅਕਸਰ ਛੇੜਛਾੜ ਲਈ ਘੁੰਮਦੇ ਰਹਿੰਦੇ ਹਨ ਪਰ ਅਕਸਰ ਸੀ. ਸੀ. ਟੀ. ਵੀ. ਕੈਮਰੇ ਦੀ ਸੁਵਿਧਾ ਨਾ ਹੋਣ ਨਾਲ ਅਪਰਾਧੀਆਂ ਤੱਕ ਪਹੁੰਚ ਪਾਉਣਾ ਇਕ ਕਠਿਨ ਕਾਰਜ ਬਣਦਾ ਜਾਂਦਾ ਹੈ।
ਨਗਰ ਕੌਂਸਲ ਨੂੰ ਇਸ ਸਬੰਧੀ ਯੋਜਨਾ ਤਿਆਰ ਕਰਨੀ ਚਾਹੀਦੀ ਐ
ਸ਼ਹਿਰ ਦੀਆਂ ਮਹੱਤਵਪੂਰਨ ਥਾਵਾਂ ਅਤੇ ਭੀੜਭਾੜ ਵਾਲੇ ਖੇਤਰਾਂ 'ਚ ਸੀ. ਸੀ. ਟੀ. ਵੀ. ਕੈਮਰੇ ਲਾਉਣ ਲਈ ਨਗਰ ਕੌਂਸਲ ਨੂੰ ਪਹਿਲ ਕਰਨ ਦੀ ਜ਼ਰੂਰਤ ਹੈ। ਸ਼ਹਿਰ ਦੇ ਸਮਾਜਸੇਵੀਆਂ ਨੇ ਨਗਰ ਕੌਂਸਲ ਦੇ ਪ੍ਰਧਾਨ ਪਰਮਜੀਤ ਸਿੰਘ ਮਾਕੜ ਅਤੇ ਕੌਂਸਲ ਦੇ ਈ. ਓ. ਭਜਨ ਚੰਦ ਨੂੰ ਅਪੀਲ ਕੀਤੀ ਕਿ ਸ਼ਹਿਰ ਦੇ ਮਹੱਤਵਪੂਰਨ ਸਥਾਨਾਂ 'ਤੇ ਸੀ. ਸੀ. ਟੀ. ਵੀ. ਕੈਮਰੇ ਸਥਾਪਿਤ ਕੀਤੇ ਜਾਣ ਜਿਸ ਨਾਲ ਲੋਕਾਂ 'ਚ ਸੁਰੱਖਿਆ ਦੀ ਭਾਵਨਾ ਵਧੇਗੀ ਅਤੇ ਸ਼ਰਾਰਤੀ ਅਨਸਰਾਂ ਦੀ ਪਛਾਣਣ 'ਚ ਆਸਾਨੀ ਹੋਵੇਗੀ।
ਦੂਜੇ ਪਾਸੇ ਨਗਰ ਕੌਂਸਲ ਦੇ ਪ੍ਰਧਾਨ ਪਰਮਜੀਤ ਸਿੰਘ ਮਾਕੜ ਨੇ ਸੰਪਰਕ ਕਰਨ 'ਤੇ ਦੱਸਿਆ ਕਿ ਅਜੇ ਤੱਕ ਸ਼ਹਿਰ 'ਚ ਨਗਰ ਕੌਂਸਲ ਵੱਲੋਂ ਕੋਈ ਸੀ. ਸੀ. ਟੀ. ਵੀ. ਕੈਮਰਾ ਸਥਾਪਤ ਨਹੀਂ ਕੀਤਾ ਗਿਆ ਪਰ ਇਸ 'ਤੇ ਵਿਚਾਰ ਕੀਤਾ ਜਾ ਸਕਦਾ ਹੈ।
ਆਵਾਰਾ ਕੁੱਤਿਆਂ ਦਾ ਕਹਿਰ, ਇਕੋਂ ਰਾਤ ਕਾਲਾ ਹਿਰਨ ਤੇ ਨੀਲ ਗਊ ਨੂੰ ਬਣਾਇਆ ਸ਼ਿਕਾਰ
NEXT STORY