ਰੂਪਨਗਰ (ਵਿਜੇ)— ਜ਼ਿਲੇ 'ਚ ਦਿਨੋ-ਦਿਨ ਡੇਂਗੂ ਦਾ ਕਹਿਰ ਵਧਦਾ ਜਾ ਰਿਹਾ ਹੈ। ਹਾਲ ਹੀ ਵਿਚ ਤਿੰਨ ਡੇਂਗੂ ਦੇ ਮਰੀਜ਼ ਸਾਹਮਣੇ ਆਏ ਹਨ। ਜ਼ਿਲਾ ਸਿਹਤ ਵਿਭਾਗ ਡੇਂਗੂ ਦੀ ਰੋਕਥਾਮ ਕਰਨ 'ਚ ਅਸਫਲ ਰਿਹਾ ਹੈ। ਜ਼ਿਲੇ 'ਚ ਸਵੱਛ ਭਾਰਤ ਅਭਿਆਨ ਤਹਿਤ ਸਿਰਫ ਖਾਨਾਪੂਰਤੀ ਹੀ ਹੋ ਰਹੀ ਹੈ, ਜਦਕਿ ਜ਼ਿਲੇ 'ਚ ਥਾਂ-ਥਾਂ ਗੰਦਗੀ ਫੈਲੀ ਹੋਈ ਹੈ। ਡੇਂਗੂ ਦੀ ਰੋਕਥਾਮ ਲਈ ਜ਼ਿਲਾ ਸਿਹਤ ਵਿਭਾਗ ਵੱਲੋਂ ਵਿਸ਼ੇਸ਼ ਪ੍ਰੋਗਰਾਮ ਸ਼ੁਰੂ ਨਹੀਂ ਕੀਤੇ ਗਏ ਅਤੇ ਨਾ ਹੀ ਲੋਕਾਂ ਨੂੰ ਡੇਂਗੂ ਪ੍ਰਤੀ ਜਾਗਰੂਕ ਕੀਤਾ ਗਿਆ। ਹਾਲ ਹੀ ਵਿਚ ਪਾਜ਼ੇਟਿਵ ਪਾਏ ਗਏ ਤਿੰਨ ਮਰੀਜ਼ਾਂ ਦੀ ਪਛਾਣ ਕੁਲਵੀਰ ਸਿੰਘ (22) ਪੁੱਤਰ ਕਰਨੈਲ ਸਿੰਘ ਵਾਸੀ ਕੁਰਾਲੀ, ਵੀਰ ਦਵਿੰਦਰ ਸਿੰਘ ਪੁੱਤਰ ਜਗਮੀਤ ਸਿੰਘ ਵਾਸੀ ਸੋਲਖੀਆਂ, ਵਰਿੰਦਰ ਗੁਪਤਾ (44) ਪੁੱਤਰ ਵਿਸ਼ਨੂੰ ਪ੍ਰਸਾਦ ਵਾਸੀ ਭਰਤਗੜ੍ਹ ਵਜੋਂ ਹੋਈ ਹੈ।
ਡੇਂਗੂ ਦੇ ਵਾਰਡ ਨੇੜੇ ਗੰਦਗੀ ਦੀ ਭਰਮਾਰ
ਸਿਵਲ ਹਸਪਤਾਲ ਦੇ ਡੇਂਗੂ ਦੇ ਵਾਰਡ ਨੇੜੇ ਕਾਫੀ ਗੰਦਗੀ ਹੈ। ਸਿਵਲ ਹਸਪਤਾਲ ਦੇ ਹੋਰ ਕਈ ਵਾਰਡਾਂ 'ਚ ਵੀ ਗੰਦਗੀ ਦੇਖਣ ਨੂੰ ਮਿਲੀ। ਸਿਹਤ ਵਿਭਾਗ ਦੀਆਂ ਲੱਖ ਕੋਸ਼ਿਸ਼ਾਂ ਤੋਂ ਬਾਅਦ ਵੀ ਡੇਂਗੂ ਕਾਬੂ 'ਚ ਨਹੀਂ ਹੈ ਤੇ ਨਾ ਹੀ ਮਰੀਜ਼ਾਂ ਦਾ ਇਲਾਜ ਸਹੀ ਢੰਗ ਨਾਲ ਹੋ ਰਿਹਾ ਹੈ। ਬੀਤੇ ਦਿਨੀਂ ਸ੍ਰੀ ਚਮਕੌਰ ਸਾਹਿਬ ਤੋਂ ਇਕ ਨੌਜਵਾਨ ਸਿਵਲ ਹਸਪਤਾਲ ਰੂਪਨਗਰ ਰੈਫਰ ਕੀਤਾ ਗਿਆ ਸੀ, ਜਿਸ ਨੂੰ ਬੁਖਾਰ ਸੀ ਤੇ ਦੇਖਭਾਲ ਨਾ ਹੋਣ ਕਾਰਨ ਉਸ ਦੀ ਮੌਤ ਹੋ ਗਈ ਸੀ। ਲੋਕਾਂ ਦਾ ਕਹਿਣਾ ਹੈ ਕਿ ਉਸ ਦੀ ਮੌਤ ਡੇਂਗੂ ਕਾਰਨ ਹੋਈ ਸੀ ਪਰ ਸਿਹਤ ਵਿਭਾਗ ਨੇ ਇਸ ਖਬਰ ਦਾ ਖੰਡਨ ਕੀਤਾ ਸੀ ਅਤੇ ਕਿਹਾ ਸੀ ਕਿ ਉਸ ਦੀ ਮੌਤ ਕਿਸੇ ਹੋਰ ਕਾਰਨ ਹੋਈ।
ਇਸ ਸਾਲ ਹੁਣ ਤੱਕ 117 ਡੇਂਗੂ ਦੇ ਮਰੀਜ਼ ਆਏ ਸਾਹਮਣੇ
ਜ਼ਿਲੇ 'ਚ ਡੇਂਗੂ ਦੇ ਮਰੀਜ਼ਾਂ ਦੀ ਇਸ ਸਾਲ ਦੀ ਗਿਣਤੀ ਜਿੱਥੇ 117 ਤੱਕ ਪੁੱਜ ਗਈ ਹੈ, ਉਥੇ ਹੀ ਇਕ ਮਹੀਨੇ ਵਿਚ ਹੀ ਡੇਂਗੂ ਦੇ 59 ਮਾਮਲੇ ਸਾਹਮਣੇ ਆ ਚੁੱਕੇ ਹਨ। ਸਿਹਤ ਵਿਭਾਗ ਦੇ ਅੰਕੜਿਆਂ ਅਨੁਸਾਰ ਸਾਲ 2016 'ਚ ਡੇਂਗੂ ਦੇ ਕੁੱਲ 440 ਮਾਮਲੇ ਸਾਹਮਣੇ ਆਏ ਸਨ, ਜਿਨ੍ਹਾਂ 'ਚ ਕਿਸੇ ਵੀ ਮਰੀਜ਼ ਦੀ ਮੌਤ ਨਹੀਂ ਹੋਈ ਸੀ। ਸਾਲ 2017 'ਚ ਡੇਂਗੂ ਦੇ ਕੁੱਲ 377 ਮਰੀਜ਼ਾਂ ਦੀ ਪੁਸ਼ਟੀ ਹੋਈ, ਜਦਕਿ 1 ਮਰੀਜ਼ ਦੀ ਮੌਤ ਹੋਈ। ਭਾਵੇਂ ਸਰਕਾਰੀ ਅੰਕੜਿਆਂ 'ਚ ਜ਼ਿਲੇ 'ਚ ਡੇਂਗੂ ਨਾਲ ਮਰਨ ਵਾਲਿਆਂ ਦੀ ਗਿਣਤੀ ਨਾ ਦੇ ਬਰਾਬਰ ਹੈ ਪਰ ਗੈਰ-ਸਰਕਾਰੀ ਅੰਕੜਿਆਂ ਅਨੁਸਾਰ ਮਰੀਜ਼ਾਂ ਅਤੇ ਡੇਂਗੂ ਨਾਲ ਮਰਨ ਵਾਲੇ ਵਿਅਕਤੀਆਂ ਦੀ ਗਿਣਤੀ ਵੱਧ ਹੋ ਸਕਦੀ ਹੈ।
5 ਸਾਲ ਤੋਂ ਘੱਟ ਉਮਰ ਦੇ 3 ਬੱਚੇ ਵੀ ਹਨ ਪੀੜਤ
ਬੀਤੇ ਮਹੀਨੇ ਨਵਾਂਸ਼ਹਿਰ 'ਚ ਹੋਈ ਇਕ ਮੌਤ ਦਾ ਕਾਰਨ ਸੈੱਲਾਂ ਦਾ ਘੱਟ ਹੋਣਾ ਦੱਸਿਆ ਜਾ ਰਿਹਾ ਹੈ। ਇਸੇ ਤਰ੍ਹਾਂ ਹੋਰ ਵੀ ਕਈ ਮਾਮਲੇ ਹਨ, ਜਿਨ੍ਹਾਂ ਸੰਬੰਧੀ ਵਿਭਾਗ ਕੋਲ ਕੋਈ ਜਾਣਕਾਰੀ ਨਹੀਂ ਹੈ। ਜ਼ਿਲਾ ਐਪੀਡੀਮਾਲੌਜਿਸਟ ਡਾ. ਜਗਦੀਸ਼ ਸਿੰਘ ਨੇ ਦੱਸਿਆ ਕਿ ਇਸ ਸਾਲ ਹੁਣ ਤੱਕ ਜ਼ਿਲੇ 'ਚ ਡੇਂਗੂ ਦੇ ਮਰੀਜ਼ਾਂ ਦੀ ਗਿਣਤੀ 117 ਤੱਕ ਪੁੱਜ ਗਈ ਹੈ, ਜਿਸ ਵਿਚ 8 ਮਰੀਜ਼ ਸ਼ੁੱਕਰਵਾਰ ਨੂੰ ਹੀ ਰਜਿਸਟਰਡ ਹੋਏ ਹਨ। ਇਸ ਸਾਲ ਡੇਂਗੂ ਦੇ ਮਰੀਜ਼ਾਂ 'ਚ 5 ਸਾਲ ਤੋਂ ਘੱਟ ਉਮਰ ਦੇ 3 ਬੱਚੇ ਵੀ ਸ਼ਾਮਲ ਹਨ।
ਸੇਵਾਮੁਕਤ ਐੈੱਸ. ਪੀ. ਦੀ ਅਚਾਨਕ ਗੋਲੀ ਚੱਲਣ ਨਾਲ ਮੌਤ
NEXT STORY