ਜਲੰਧਰ (ਪੁਨੀਤ)– ਯੂਕ੍ਰੇਨ ਵਿਚ ਵਧ ਰਹੇ ਖ਼ਤਰੇ ਨੂੰ ਵੇਖਦਿਆਂ ਉਥੇ ਫਸੇ ਹੋਏ ਵਿਦਿਆਰਥੀ ਮਹਿੰਗੇ ਭਾਅ ਟਿਕਟਾਂ ਖ਼ਰੀਦ ਕੇ ਇੰਡੀਆ ਲਈ ਰਵਾਨਾ ਹੋ ਰਹੇ ਹਨ। ਇਸੇ ਲੜੀ ਵਿਚ ਕ੍ਰੀਮੀਆ ਦੀ ਸਟੇਟ ਮੈਡੀਕਲ ਯੂਨੀਵਰਸਿਟੀ ਤੋਂ 12 ਪੰਜਾਬੀ ਵਿਦਿਆਰਥੀ ਵੀਰਵਾਰ ਰਾਤ 8 ਵਜੇ ਵਾਲੀ ਟਰੇਨ ਜ਼ਰੀਏ ਮਾਸਕੋ ਲਈ ਰਵਾਨਾ ਹੋ ਗਏ, ਜਿਨ੍ਹਾਂ ਦੀਆਂ ਦੁਬਈ ਤੋਂ ਸ਼ਨੀਵਾਰ ਦੀਆਂ ਹਵਾਈ ਟਿਕਟਾਂ ਕਨਫਰਮ ਹੋ ਚੁੱਕੀਆਂ ਹਨ।
ਕ੍ਰੀਮੀਆ ਤੋਂ ਵਿਦਿਆਰਥੀਆਂ ਨੂੰ ਟਰੇਨ ਵਿਚ ਬਿਠਾ ਕੇ ਰਵਾਨਾ ਕਰਨ ਵਾਲੇ ਐੱਚ. ਸਿੰਘ ਨੇ ਦੱਸਿਆ ਕਿ ਕ੍ਰੀਮੀਆ ਵਿਚ ਰਹਿਣ ਵਾਲੇ ਵਿਦਿਆਰਥੀਆਂ ਨੂੰ ਮੰਗਲਵਾਰ ਦੀ ਹਵਾਈ ਟਿਕਟ 55 ਹਜ਼ਾਰ ਰੁਪਏ ਮਿਲ ਰਹੀ ਸੀ ਪਰ ਉਹ ਜਲਦ ਘਰਾਂ ਨੂੰ ਰਵਾਨਾ ਹੋਣਾ ਚਾਹੁੰਦੇ ਸਨ, ਇਸ ਲਈ ਉਨ੍ਹਾਂ ਬਹੁਤ ਮਹਿੰਗੇ ਭਾਅ ਟਿਕਟਾਂ ਖ਼ਰੀਦੀਆਂ। ਯੂਨੀਵਰਸਿਟੀ ਤੋਂ ਕੈਬ ਜ਼ਰੀਏ ਉਕਤ ਵਿਦਿਆਰਥੀਆਂ ਨੂੰ ਕ੍ਰੀਮੀਆ ਦੇ ਰੇਲਵੇ ਸਟੇਸ਼ਨ ’ਤੇ ਲਿਆਂਦਾ ਗਿਆ। ਇਸ ਟਰੇਨ ਵਿਚ ਥਰਡ ਕਲਾਸ ਦੀ ਟਿਕਟ 3400 ਰੁਪਏ, ਜਦੋਂ ਕਿ ਫਸਟ ਕਲਾਸ ਦੀ ਟਿਕਟ 9 ਹਜ਼ਾਰ ਰੁਪਏ ਵਿਚ ਮਿਲ ਰਹੀ ਹੈ। ਸਿੰਘ ਨੇ ਦੱਸਿਆ ਕਿ ਇਨ੍ਹਾਂ ਪੰਜਾਬੀ ਮੂਲ ਦੇ ਵਿਦਿਆਰਥੀਆਂ ਵਿਚੋਂ 2 ਚੰਡੀਗੜ੍ਹ ਨੇੜਲੇ ਇਲਾਕੇ ਤੋਂ ਹਨ, ਜਦਕਿ ਬਾਕੀ ਸਾਰੇ ਵਿਦਿਆਰਥੀ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਨਾਲ ਸਬੰਧਤ ਹਨ। ਇਨ੍ਹਾਂ ਵਿਚ 3 ਲੜਕੀਆਂ ਵੀ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਕ੍ਰੀਮੀਆ ਤੋਂ 34 ਘੰਟੇ ਦਾ ਸਫ਼ਰ ਕਰਕੇ ਉਕਤ ਵਿਦਿਆਰਥੀ ਮਾਸਕੋ ਪਹੁੰਚਣਗੇ ਅਤੇ ਉਸ ਤੋਂ ਬਾਅਦ ਉਨ੍ਹਾਂ ਨੂੰ ਮਾਸਕੋ ਦੇ ਰੇਲਵੇ ਸਟੇਸ਼ਨ ਤੋਂ ਏਅਰਪੋਰਟ ਤੱਕ ਪਹੁੰਚਣ ਲਈ ਪ੍ਰਤੀ ਕੈਬ 3 ਹਜ਼ਾਰ ਰੁਪਏ ਖ਼ਰਚ ਕਰਨੇ ਹੋਣਗੇ।
ਇਹ ਵੀ ਪੜ੍ਹੋ: ਸਰਹੱਦ ਪਾਰ ਕਰ ਰਹੇ ਆਦਮਪੁਰ ਦੇ ਦੋ ਨੌਜਵਾਨ ਯੂਕ੍ਰੇਨ ਪੁਲਸ ਵੱਲੋਂ ਗ੍ਰਿਫ਼ਤਾਰ, ਮਾਪਿਆਂ ਦੇ ਸਾਹ ਸੂਤੇ
ਇਸ ਤੋਂ ਬਾਅਦ ਮਾਸਕੋ ਏਅਰਪੋਰਟ ’ਤੇ ਪਹੁੰਚਣ ਤੋਂ ਬਾਅਦ ਉਨ੍ਹਾਂ ਨੂੰ ਦੁਬਈ ਲਈ ਫਲਾਈਟ ਮਿਲੇਗੀ, ਜਿਸ ਜ਼ਰੀਏ ਉਹ ਅੱਗੇ ਭਾਰਤ ਵਿਚ ਦਿੱਲੀ ਦੇ ਇੰਟਰਨੈਸ਼ਨਲ ਏਅਰਪੋਰਟ ’ਤੇ ਪਹੁੰਚਣਗੇ। ਇਸ ਹਵਾਈ ਟਿਕਟ ਲਈ ਵਿਦਿਆਰਥੀਆਂ ਨੇ 90 ਹਜ਼ਾਰ ਰੁਪਏ ਅਦਾ ਕੀਤੇ ਹਨ, ਜਦਕਿ ਕਈ ਵਿਦਿਆਰਥੀਆਂ ਨੇ ਕੁਝ ਦਿਨ ਪਹਿਲਾਂ ਟਿਕਟਾਂ ਬੁੱਕ ਕਰਵਾਈਆਂ ਸਨ ਅਤੇ ਉਨ੍ਹਾਂ ਦਾ ਖ਼ਰਚਾ 40 ਹਜ਼ਾਰ ਰੁਪਏ ਦੇ ਲਗਭਗ ਰਿਹਾ ਸੀ। ਜਿਹੜੇ ਵਿਦਿਆਰਥੀਆਂ ਦੇ ਦੋਸਤ ਇੰਡੀਆ ਲਈ ਰਵਾਨਾ ਹੋ ਰਹੇ ਸਨ, ਉਨ੍ਹਾਂ ਮਹਿੰਗੇ ਭਾਅ ਟਿਕਟ ਖ਼ਰੀਦ ਕੇ ਆਪਣੇ ਦੋਸਤਾਂ ਨਾਲ ਜਾਣਾ ਉਚਿਤ ਸਮਝਿਆ।
ਕ੍ਰੀਮੀਆ ਦੀ ਯੂਨੀਵਰਸਿਟੀ ’ਚ ਖਾਲੀ ਹੋ ਰਹੇ ਹੋਸਟਲ
ਐੱਚ. ਸਿੰਘ ਨੇ ਕਿਹਾ ਕਿ ਕ੍ਰੀਮੀਆ ਯੂਨੀਵਰਸਿਟੀ ਤੋਂ ਭਾਰਤ ਜਾਣ ਵਾਲੇ ਵਿਦਿਆਰਥੀਆਂ ਦੀ ਗਿਣਤੀ ਰੋਜ਼ਾਨਾ ਵਧਦੀ ਜਾ ਰਹੀ ਹੈ, ਜਿਸ ਕਾਰਨ ਉਥੇ ਯੂਨੀਵਰਸਿਟੀ ਦੇ ਹੋਸਟਲ ਖਾਲੀ ਹੋ ਰਹੇ ਹਨ। ਬੀਤੇ ਦਿਨੀਂ ਯੂਕ੍ਰੇਨ ਵਿਚ ਕਈ ਯੂਨੀਵਰਸਿਟੀਆਂ ਹਵਾਈ ਹਮਲੇ ਵਿਚ ਨੁਕਸਾਨੀਆਂ ਗਈਆਂ ਹਨ, ਜਿਸ ਕਾਰਨ ਵਿਦਿਆਰਥੀ ਉਥੋਂ ਪਲਾਇਨ ਕਰਕੇ ਦੂਜੀਆਂ ਥਾਵਾਂ ’ਤੇ ਜਾ ਕੇ ਰਹਿਣ ਨੂੰ ਮਹੱਤਵ ਦੇ ਰਹੇ ਹਨ। ਕਈ ਵਿਦਿਆਰਥੀ ਤਿੰਨ ਦਿਨ ਪਹਿਲਾਂ ਰਵਾਨਾ ਹੋਏ ਸਨ, ਜਿਹੜੇ ਕਿ ਸ਼ੁੱਕਰਵਾਰ ਰਾਤ ਤੱਕ ਇੰਡੀਆ ਪਹੁੰਚ ਜਾਣਗੇ। ਇਨ੍ਹਾਂ ਵਿਚੋਂ 3 ਵਿਦਿਆਰਥੀਆਂ ਨੂੰ ਉਹ ਟਰੇਨ ਵਿਚ ਚੜ੍ਹਾ ਕੇ ਆਏ ਸਨ, ਜਿਨ੍ਹਾਂ ਦੀਆਂ ਟਿਕਟਾਂ ਵੀ ਕਨਫ਼ਰਮ ਹੋ ਚੁੱਕੀਆਂ ਸਨ।
ਇਹ ਵੀ ਪੜ੍ਹੋ: BBMB ਦੇ ਮੁੱਦੇ 'ਤੇ ਸੰਸਦ ਮੈਂਬਰ ਤਿਵਾੜੀ ਨੇ ਕੇਂਦਰੀ ਬਿਜਲੀ ਮੰਤਰੀ ਨੂੰ ਲਿਖਿਆ ਪੱਤਰ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਪ੍ਰੇਮ ਵਿਆਹ ਕਰਾਉਣ ਵਾਲੀ ਕੁੜੀ ਦੇ ਪਰਿਵਾਰ ਨੇ ਮੁੰਡੇ ਨੂੰ ਕੀਤਾ ਅਗਵਾ, ਘਰ 'ਚ ਬੰਨ੍ਹ ਕੇ ਕੀਤੀ ਕੁੱਟਮਾਰ
NEXT STORY