ਜਲੰਧਰ, (ਖੁਰਾਣਾ)— ਨਗਰ ਨਿਗਮ ਦਾ 2017-18 ਦਾ ਬਜਟ ਪਾਸ ਕਰਨ ਲਈ ਕੌਂਸਲਰ ਹਾਊਸ ਦੀ ਮੀਟਿੰਗ 30 ਮਾਰਚ ਨੂੰ ਹੋਈ ਸੀ, ਜਿਸ ਦੌਰਾਨ ਨਵੇਂ-ਨਵੇਂ ਜਿੱਤ ਕੇ ਆਏ ਕਾਂਗਰਸੀ ਵਿਧਾਇਕਾਂ ਅਤੇ ਪੰਜਾਬ ਵਿਚ ਕਾਂਗਰਸ ਸਰਕਾਰ ਬਣਨ ਦੀ ਖੁਸ਼ੀ ਵਿਚ ਅਤਿ ਉਤਸ਼ਾਹਿਤ ਕਾਂਗਰਸੀ ਕੌਂਸਲਰਾਂ ਨੇ ਜ਼ਬਰਦਸਤ ਹੰਗਾਮਾ ਕਰਕੇ ਮੇਅਰ ਨੂੰ ਨਿਗਮ ਬਜਟ ਪਾਸ ਨਹੀਂ ਕਰਨ ਦਿੱਤਾ ਸੀ। ਬਜਟ ਪਾਸ ਨਾ ਹੋਣ ਕਾਰਨ ਸਾਰੇ ਵਿਕਾਸ ਕਾਰਜ ਰੁਕ ਗਏ ਅਤੇ ਸ਼ਹਿਰ ਦਾ ਬੁਰਾ ਹਾਲ ਹੋਣਾ ਸ਼ੁਰੂ ਹੋ ਗਿਆ, ਜਿਸ ਨੂੰ ਲੈ ਕੇ ਵਿਧਾਇਕਾਂ ਅਤੇ ਕਾਂਗਰਸੀ ਕੌਂਸਲਰਾਂ ਨੂੰ ਚਿੰਤਾ ਹੋਣੀ ਸੁਭਾਵਿਕ ਸੀ। ਕਾਂਗਰਸ ਪਾਰਟੀ ਨੇ ਆਪਣੇ ਵਲੋਂ ਭਰਪੂਰ ਕੋਸ਼ਿਸ਼ਾਂ ਕੀਤੀਆਂ ਕਿ ਮੇਅਰ ਕੌਂਸਲਰ ਹਾਊਸ ਦੀਆਂ ਮੀਟਿੰਗਾਂ ਬੁਲਾਉਣ ਪਰ ਮੇਅਰ ਨੇ ਸ਼ਰਤ ਰੱਖ ਕਰ ਦਿੱਤੀ ਕਿ ਪਹਿਲਾਂ ਕਾਂਗਰਸੀ ਹਾਊਸ ਦੀ ਮੀਟਿੰਗ ਵਿਚ ਮਰਿਆਦਾ ਵਿਚ ਰਹਿਣ ਦੀ ਗਾਰੰਟੀ ਦੇਣ, ਤਾਂ ਹੀ ਹਾਊਸ ਦੀ ਮੀਟਿੰਗ ਹੋਵੇਗੀ। ਮੇਅਰ ਦੀ ਇਸ ਸ਼ਰਤ ਤੇ ਕਾਂਗਰਸੀ ਕੌਂਸਲਰਾਂ ਦੀ ਤੇਜ਼ਤਰਾਰ ਬਿਆਨਬਾਜ਼ੀ ਕਾਰਨ ਕੌਂਸਲਰ ਹਾਊਸ ਦੀ ਮੀਟਿੰਗ ਪਿਛਲੇ 4 ਮਹੀਨੇ ਨਹੀਂ ਕੀਤੀ ਜਾ ਸਕੀ, ਜਿਸ ਨੂੰ ਲੈ ਕੇ ਕਾਂਗਰਸੀ ਵਿਧਾਇਕਾਂ ਨੇ ਬੀਤੇ ਦਿਨ ਕਮਿਸ਼ਨਰ ਸਾਹਮਣੇ ਵੀ ਆਪਣੀ ਚਿੰਤਾ ਪ੍ਰਗਟ ਕੀਤੀ ਸੀ।
ਦੂਸਰੇ ਪਾਸੇ ਮੇਅਰ ਸੁਨੀਲ ਜੋਤੀ ਨੇ ਅੱਜ ਇਸ ਵਿਸ਼ੇ 'ਤੇ ਦੁਬਾਰਾ ਅਕਾਲੀ-ਭਾਜਪਾ ਕੌਂਸਲਰਾਂ ਦੀ ਇਕ ਮੀਟਿੰਗ ਬੁਲਾਈ, ਜਿਸ ਦੌਰਾਨ ਗਠਜੋੜ ਦੇ ਕੌਂਸਲਰਾਂ ਨੇ ਮੇਅਰ ਸੁਨੀਲ ਜੋਤੀ ਨੂੰ ਕੌਂਸਲਰ ਹਾਊਸ ਦੀ ਮੀਟਿੰਗ ਬੁਲਾਉਣ ਦੇ ਸਾਰੇ ਅਧਿਕਾਰ ਸੌਂਪਦੇ ਹੋਏ ਕਿਹਾ ਕਿ ਅਕਾਲੀ-ਭਾਜਪਾ ਗਠਜੋੜ ਨੇ ਹਮੇਸ਼ਾ ਸ਼ਹਿਰ ਦੇ ਹਿੱਤਾਂ ਨੂੰ ਪਹਿਲ ਦਿੱਤੀ ਹੈ। ਜਦੋਂਕਿ ਕਾਂਗਰਸੀ ਸਿਰਫ ਰਾਜਨੀਤੀ ਕਰ ਰਹੇ ਹਨ। ਉਨ੍ਹਾਂ ਨੂੰ ਵਿਕਾਸ ਤੋਂ ਕੁਝ ਲੈਣਾ-ਦੇਣਾ ਨਹੀਂ ਹੈ। ਇਸ ਦੌਰਾਨ ਮੇਅਰ ਸੁਨੀਲ ਜੋਤੀ ਨੇ ਕਿਹਾ ਕਿ ਉਹ ਜਲਦ ਹੀ ਨਿਗਮ ਕਮਿਸ਼ਨਰ ਨਾਲ ਮੁਲਾਕਾਤ ਕਰਕੇ ਕੌਂਸਲਰ ਹਾਊਸ ਦੀ ਮੀਟਿੰਗ ਦੀ ਤਰੀਕ ਤੈਅ ਕਰਨਗੇ। ਅਕਾਲੀ-ਭਾਜਪਾ ਕੌਂਸਲਰਾਂ ਦੀ ਅੱਜ ਹੋਈ ਮੀਟਿੰਗ ਤੋਂ ਬਾਅਦ ਕੌਂਸਲਰ ਹਾਊਸ ਦੀ ਮੀਟਿੰਗ ਜਲਦ ਹੋਣ ਦੀ ਸੰਭਾਵਨਾ ਬਣ ਗਈ ਹੈ।
ਕਪੂਰਥਲਾ ਪੁਲਸ ਨੂੰ ਚਕਮਾ ਦੇਣ ਵਾਲਾ ਭੀਮਾ ਜਲੰਧਰ ਪੁਲਸ ਦੇ ਹੱਥੇ ਚੜ੍ਹਿਆ
NEXT STORY