ਪਠਾਨਕੋਟ (ਸ਼ਾਰਦਾ)- ਪੰਜਾਬ ਵਿਚ 4 ਜ਼ਿਮਨੀ ਚੋਣਾਂ ਦੇ ਨਤੀਜੇ ਆਉਣ ’ਤੇ ਹਰ ਕੋਈ ਹੈਰਾਨ ਹੋ ਗਿਆ ਕਿਉਂਕਿ ਇਨ੍ਹਾਂ ਨਤੀਜਿਆਂ ਵਿਚੋਂ ਤਿੰਨ ਸੀਟਾਂ ’ਤੇ 'ਆਮ ਆਦਮੀ ਪਾਰਟੀ' (ਆਪ) ਨੇ ਜਿੱਤ ਦਰਜ ਕੀਤੀ ਹੈ, ਜਦਕਿ ਬਰਨਾਲਾ ਦੀ ਸੀਟ ’ਤੇ ਕਾਂਗਰਸ ਨੇ ਕਬਜ਼ਾ ਕੀਤਾ।
ਇਹ ਜ਼ਿਮਨੀ ਚੋਣ ਕੁਝ ਖਾਸ ਸਿਆਸੀ ਕਾਰਨਾਂ ਕਾਰਨ ਮਹੱਤਵਪੂਰਨ ਸਾਬਿਤ ਹੋਈ, ਜਿਨ੍ਹਾਂ ਵਿਚ ਸਭ ਤੋਂ ਵੱਡਾ ਕਾਰਨ ਇਹ ਸੀ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਆਪਣੀ ਪਾਰਟੀ ਨੂੰ ਕਿਸੇ ਵੀ ਚੋਣ ਪ੍ਰਕਿਰਿਆ ’ਚ ਸ਼ਾਮਲ ਨਾ ਕਰਨ ਦਾ ਫੈਸਲਾ ਕੀਤਾ ਸੀ। ਇਹ ਫੈਸਲਾ ਕਾਫੀ ਹਦ ਤੱਕ ਹੈਰਾਨ ਕਰਨ ਵਾਲਾ ਸੀ ਪਰ ਇਹ ਸਪੱਸ਼ਟ ਹੋ ਗਿਆ ਕਿ ਇਸ ਫੈਸਲੇ ਨੇ 'ਆਮ ਆਦਮੀ ਪਾਰਟੀ' ਨੂੰ ਇਕ ਵੱਡਾ ਫਾਇਦਾ ਦਿੱਤਾ ਅਤੇ ਕਾਂਗਰਸ ਨੂੰ ਕਾਫ਼ੀ ਨੁਕਸਾਨ ਪਹੁੰਚਾਇਆ ਹੈ।
ਅਕਾਲੀ ਦਲ ਦਾ ਚੋਣ ਨਾ ਲੜਨਾ ਸਿਆਸੀ ਸਮਝਦਾਰੀ
ਅਕਾਲੀ ਦਲ ਨੇ 4 ਜ਼ਿਮਨੀ ਚੋਣਾਂ ’ਚੋਂ ਕਿਸੇ ’ਚ ਵੀ ਹਿੱਸਾ ਨਾ ਲੈਣ ਦਾ ਫੈਸਲਾ ਕੀਤਾ ਸੀ। ਇਸ ਦਾ ਮੁੱਖ ਕਾਰਨ ਇਹ ਸੀ ਕਿ ਸੁਖਬੀਰ ਸਿੰਘ ਬਾਦਲ ਨੂੰ ਤਨਖਾਹੀਆ ਐਲਾਨਿਆ ਗਿਆ ਸੀ, ਜਿਸ ਕਰ ਕੇ ਉਨ੍ਹਾਂ ਦੀ ਪਾਰਟੀ ਲਈ ਚੋਣ ’ਚ ਸ਼ਾਮਲ ਹੋਣਾ ਉਚਿਤ ਨਹੀਂ ਸੀ। ਇਸ ਫੈਸਲੇ ਨੇ ਇਹ ਦਿਖਾ ਦਿੱਤਾ ਕਿ ਅਕਾਲੀ ਦਲ ਦੇ ਆਹੁਦੇਦਾਰ ਕਾਂਗਰਸ ਜਾਂ ਭਾਜਪਾ ਨਾਲ ਹੱਥ ਮਿਲਾਉਣ ਦੀ ਬਜਾਏ 'ਆਮ ਆਦਮੀ ਪਾਰਟੀ' ਨੂੰ ਅਪ੍ਰਤੱਖ ਤੌਰ ’ਤੇ ਸਮਰਥਨ ਦੇ ਗਏ। ਇਸ ਦਾ ਨਤੀਜਾ ਇਹ ਨਿਕਲਿਆ ਕਿ 'ਆਮ ਆਦਮੀ ਪਾਰਟੀ' ਨੇ ਤਿੰਨ ਸੀਟਾਂ ’ਤੇ ਜਿੱਤ ਹਾਸਲ ਕੀਤੀ, ਜਦਕਿ ਕਾਂਗਰਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ।
ਇਹ ਵੀ ਪੜ੍ਹੋ- ਜ਼ਿਮਨੀ ਚੋਣਾਂ ਦੇ ਨਤੀਜਿਆਂ ਮਗਰੋਂ ਬੋਲੇ ਰਵਨੀਤ ਬਿੱਟੂ ; 'ਆਪਾਂ ਦੋਵੇਂ ਰੁੱਸ ਬੈਠੇ ਤਾਂ ਮਨਾਊ ਕੌਣ ਵੇ...''
'ਆਮ ਆਦਮੀ ਪਾਰਟੀ' ਦੀ ਕਾਮਯਾਬੀ
‘ਆਪ’ ਨੇ ਡੇਰਾ ਬਾਬਾ ਨਾਨਕ, ਗਿੱਦੜਬਾਹਾ ਅਤੇ ਚੱਬੇਵਾਲ ਜਿਹੀਆਂ ਮੁੱਖ ਸੀਟਾਂ ’ਤੇ ਜਿੱਤ ਹਾਸਲ ਕੀਤੀ ਹੈ। ਉੱਥੇ ਹੀ ਡੇਰਾ ਬਾਬਾ ਨਾਨਕ ਵਿਚ ਭਾਜਪਾ ਨੂੰ ਸਿਰਫ 6,449 ਵੋਟਾਂ ਮਿਲੀਆਂ, ਜਦਕਿ ਅਕਾਲੀ ਦਲ ਬੈਕਗਰਾਊਂਡ ਵਾਲੇ ਰਵੀਕਰਨ ਸਿੰਘ ਕਾਹਲੋਂ ਨੂੰ 20,000 ਵੋਟ ਮਿਲਣ ਦੀ ਆਸ ਸੀ, ਜੇ ਅਕਾਲੀ ਵਰਕਰ ਉਨ੍ਹਾਂ ਦੇ ਨਾਲ ਹੁੰਦੇ। ਗਿੱਦੜਬਾਹਾ ’ਚ ਭਾਜਪਾ ਨੂੰ 12,174 ਵੋਟ ਮਿਲੇ, ਜਦਕਿ ਮਨਪ੍ਰੀਤ ਸਿੰਘ ਬਾਦਲ ਨੂੰ 25,000 ਤੋਂ 30,000 ਵੋਟਾਂ ਦੀ ਉਮੀਦ ਸੀ। ਇਨ੍ਹਾਂ ਨਤੀਜਿਆਂ ਨਾਲ ਇਹ ਸਪੱਸ਼ਟ ਹੋ ਗਿਆ ਕਿ ਅਕਾਲੀ ਦਲ ਦਾ ਮੁੱਖ ਵੋਟਬੈਂਕ 'ਆਮ ਆਦਮੀ ਪਾਰਟੀ' ਦੇ ਹੱਕ ’ਚ ਸ਼ਿਫਟ ਹੋ ਗਿਆ ਹੈ।
ਕਾਂਗਰਸ ਦੀ ਹਾਰ : ਪਾਰਟੀ ਦੀ ਅੰਦਰੂਨੀ ਕਮਜ਼ੋਰੀਆਂ
ਇਨ੍ਹਾਂ ਜ਼ਿਮਨੀ ਚੋਣਾਂ ਨੇ ਕਾਂਗਰਸ ਦੀਆਂ ਅੰਦਰੂਨੀ ਕਮਜ਼ੋਰੀਆਂ ਨੂੰ ਵੀ ਉਜਾਗਰ ਕੀਤਾ ਹੈ। ਕਾਂਗਰਸ ਦੇ ਸੂਬਾ ਪ੍ਰਧਾਨ ਰਾਜਾ ਵੜਿੰਗ ਦੀ ਪਤਨੀ ਅੰਮ੍ਰਿਤਾ ਵੜਿੰਗ ਅਤੇ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਦੀ ਪਤਨੀ ਜਤਿੰਦਰ ਕੌਰ ਰੰਧਾਵਾ ਨੂੰ ਵੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਇਹ ਹਾਰ ਕਾਂਗਰਸ ਲਈ ਇਕ ਵੱਡਾ ਝਟਕਾ ਹੈ ਕਿਉਂਕਿ ਇਹ ਦੋਵੇਂ ਮਹਾਰਥੀ ਆਗੂ ਪੰਜਾਬ ਦੀ ਸਿਆਸਤ ’ਚ ਅਹਿਮ ਸਥਾਨ ਰੱਖਦੇ ਹਨ। ਕਾਂਗਰਸ ਪਾਰਟੀ ’ਚ ਵਧ ਰਹੀ ਧੜੇਬੰਦੀ ਅਤੇ ਸੰਸਥਾਗਤ ਕਮਜ਼ੋਰੀਆਂ ਇਸ ਹਾਰ ਦਾ ਮੁੱਖ ਕਾਰਨ ਬਣੀਆਂ ਹਨ।
ਇਹ ਵੀ ਪੜ੍ਹੋ- ਰਾਜਾ ਵੜਿੰਗ ਨੇ ਲਈ 3 ਸੀਟਾਂ 'ਤੇ ਕਾਂਗਰਸ ਦੀ ਹਾਰ ਦੀ ਜ਼ਿੰਮੇਵਾਰੀ, ਪਤਨੀ ਅੰਮ੍ਰਿਤਾ ਵੜਿੰਗ ਵੀ ਹੋ ਗਏ ਭਾਵੁਕ
ਅਕਾਲੀ ਦਲ ਅਤੇ ਭਾਜਪਾ ਵਿਚਕਾਰ ਦੂਰੀਆਂ ਦੋਵਾਂ ਪਾਰਟੀਆਂ ਲਈ ਸਾਬਿਤ ਹੋਈਆਂ ਖ਼ਤਰਨਾਕ
ਇਨ੍ਹਾਂ ਜ਼ਿਮਨੀ ਚੋਣਾਂ ਦੇ ਨਤੀਜੇ ਤੋਂ ਇਹ ਵੀ ਸਪੱਸ਼ਟ ਹੋ ਗਿਆ ਕਿ ਜਦੋਂ ਦੋ ਪਾਰਟੀਆਂ ਦੋਸਤ ਤੋਂ ਦੁਸ਼ਮਣ ਬਣ ਜਾਂਦੀਆਂ ਹਨ ਤਾਂ ਉਹ ਆਪਣੀਆਂ ਦੂਰੀਆਂ ’ਤੇ ਜ਼ੋਰ ਦਿੰਦੀਆਂ ਹਨ। ਅਕਾਲੀ ਦਲ ਅਤੇ ਭਾਜਪਾ ਵਿਚਕਾਰ ਪਿਛਲੇ ਕੁਝ ਸਮੇਂ ਤੋਂ ਤਣਾਅ ਪੈਦਾ ਹੋ ਚੁੱਕਾ ਹੈ। ਦੋਵਾਂ ਪਾਰਟੀਆਂ ਦੇ ਵਰਕਰ ਹੁਣ ਇਕ ਦੂਜੇ ਨੂੰ ਪਸੰਦ ਨਹੀਂ ਕਰਦੇ ਅਤੇ ਦੋਵਾਂ ਪਾਰਟੀਆਂ ਵੱਲੋਂ ਇਕ ਦੂਜੇ ਦੀ ਹਾਰ ’ਤੇ ਖੁਸ਼ੀ ਪ੍ਰਗਟਾਈ ਜਾ ਰਹੀ ਹੈ। ਅਕਾਲੀ ਦਲ ਨੇ ਜਿੱਥੇ ਆਪਣੇ ਫੈਸਲੇ ਨਾਲ 'ਆਮ ਆਦਮੀ ਪਾਰਟੀ' ਦਾ ਸਮਰਥਨ ਕੀਤਾ, ਉਥੇ ਹੀ ਭਾਜਪਾ ਨੂੰ ਆਪਣੀ ਪੋਜ਼ੀਸ਼ਨ ਦੁਬਾਰਾ ਸੰਭਾਲਣ ਵਿਚ ਮਸ਼ਕਲਾਂ ਆ ਰਹੀਆਂ ਹਨ।
'ਆਮ ਆਦਮੀ ਪਾਰਟੀ' ਲਈ ਸੁਨਹਿਰੀ ਮੌਕਾ
ਇਸ ਜ਼ਿਮਨੀ ਚੋਣ ਨਾਲ 'ਆਮ ਆਦਮੀ ਪਾਰਟੀ' ਦੀ ਸਥਿਤੀ ਇਕ ਵਾਰ ਫਿਰ ਮਜ਼ਬੂਤ ਹੋਈ ਹੈ। 2022 ਵਿਚ ਜਦੋਂ 'ਆਮ ਆਦਮੀ ਪਾਰਟੀ' ਨੇ ਪੰਜਾਬ ਵਿਚ ਸੱਤਾ 'ਚ ਆਈ ਸੀ, ਉਦੋਂ ਉਸ ਨੇ ਅਕਾਲੀ ਦਲ ਨੂੰ ਧੱਕਾ ਦੇ ਕੇ ਇਕ ਸਾਫ਼ ਅਤੇ ਸਪੱਸ਼ਟ ਜਿੱਤ ਹਾਸਲ ਕੀਤੀ ਸੀ। ਹੁਣ ਇਨ੍ਹਾਂ ਚੋਣਾਂ ਨੇ ਇਹ ਦਿਖਾ ਦਿੱਤਾ ਹੈ ਕਿ ਜੇ ਅਕਾਲੀ ਦਲ ਕਮਜ਼ੋਰ ਰਿਹਾ ਤਾਂ 'ਆਮ ਆਦਮੀ ਪਾਰਟੀ' ਦਾ ਮੁਕਾਬਲਾ ਸਿੱਧਾ ਕਾਂਗਰਸ ਨਾਲ ਹੋਵੇਗਾ, ਜਿਸ ਨਾਲ ਪਾਰਟੀ ਨੂੰ ਵਧੀਆ ਫਾਇਦਾ ਮਿਲ ਸਕਦਾ ਹੈ।
ਇਹ ਵੀ ਪੜ੍ਹੋ- ਜ਼ਿਮਨੀ ਚੋਣਾਂ 'ਚ ਕਾਂਗਰਸ ਹੱਥੋਂ ਖੁੱਸ ਗਈਆਂ 3 ਸੀਟਾਂ, ਰਾਜਾ ਵੜਿੰਗ ਨੂੰ ਵੀ ਭੁਗਤਣਾ ਪੈ ਸਕਦੈ ਖ਼ਾਮਿਆਜ਼ਾ
ਭਾਜਪਾ ਲਈ ਚੁਣੌਤੀਆਂ
ਪੰਜਾਬ ਵਿਚ ਭਾਜਪਾ ਲਈ ਸਿਆਸੀ ਤੌਰ ’ਤੇ ਮੁਸ਼ਕਲਾਂ ਜਾਰੀ ਹਨ। ਜੇਕਰ ਅਕਾਲੀ ਦਲ ਦਾ ਸਮਰਥਨ ਨਾ ਮਿਲੇ ਤਾਂ ਭਾਜਪਾ ਨੂੰ ਇੱਥੇ ਆਪਣੀ ਮਜ਼ਬੂਤੀ ਸਥਾਪਿਤ ਕਰਨ ਵਿਚ ਕਾਫੀ ਸਮਾਂ ਲੱਗ ਸਕਦਾ ਹੈ। ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਭਾਜਪਾ ਨੂੰ ਪੰਜਾਬ ਵਿਚ ਆਪਣੀ ਰਣਨੀਤੀ ਨੂੰ ਦੁਬਾਰਾ ਤਿਆਰ ਕਰਨ ਦੀ ਲੋੜ ਹੈ, ਖਾਸ ਤੌਰ ’ਤੇ ਜਦੋਂ ਉਹ ਅਕਾਲੀ ਦਲ ਨਾਲ ਸਿਆਸੀ ਤੌਰ ’ਤੇ ਦੂਰ ਹੋ ਚੁੱਕੀ ਹੈ।
ਇਸ ਜਿਮਨੀ ਚੋਣ ਨੇ ਪੰਜਾਬ ਦੀ ਸਿਆਸਤ ’ਚ ਵੱਡੇ ਬਦਲਾਵਾਂ ਦੀ ਸੰਭਾਵਨਾ ਨੂੰ ਜਨਮ ਦਿੱਤਾ ਹੈ। ਜੇ ਅਕਾਲੀ ਦਲ ਕਮਜ਼ੋਰ ਰਹਿੰਦਾ ਹੈ ਤਾਂ 'ਆਮ ਆਦਮੀ ਪਾਰਟੀ' ਦੀ ਸਥਿਤੀ ਮਜ਼ਬੂਤ ਹੋ ਸਕਦੀ ਹੈ, ਜਦਕਿ ਕਾਂਗਰਸ ਨੂੰ ਆਪਣੀਆਂ ਅੰਦਰੂਨੀ ਕਮਜ਼ੋਰੀਆਂ ’ਤੇ ਧਿਆਨ ਦੇਣਾ ਪਵੇਗਾ। ਇਸ ਦੇ ਨਾਲ ਹੀ ਭਾਜਪਾ ਨੂੰ ਵੀ ਆਪਣੀ ਰਣਨੀਤੀ ਨੂੰ ਸਮਝਦਾਰੀ ਨਾਲ ਤਿਆਰ ਕਰਨ ਦੀ ਲੋੜ ਹੈ ਤਾਂ ਕਿ ਉਹ 2027 ’ਚ ਹੋਣ ਵਾਲੇ ਵਿਧਾਨ ਸਭਾ ਚੋਣਾਂ ’ਚ ਚੰਗਾ ਪ੍ਰਦਰਸ਼ਨ ਕਰ ਸਕੇ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਪੈਟਰੋਲ ਪੰਪ ਦੇ ਮੈਨੇਜਰ ਨਾਲ ਵਾਪਰ ਗਿਆ ਬੇਹੱਦ ਦਰਦਨਾਕ ਹਾਦਸਾ, ਨਹੀਂ ਸੋਚਿਆ ਹੋਣਾ ਕਿ ਇੰਝ ਆਵੇਗੀ ਮੌਤ
NEXT STORY