ਚੰਡੀਗੜ੍ਹ (ਕਮਲ) - ਪੰਜਾਬ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਅਕਾਲੀ ਦਲ ਦੇ ਦੋ ਆਗੂਆਂ ਵਲੋਂ ਲੁਧਿਆਣਾ ਵਿਖੇ ਭਾਰਤ ਦੇ ਮਰਹੂਮ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੇ ਬੁੱਤ 'ਤੇ ਕਾਲਖ ਮਲੇ ਜਾਣ ਦੀ ਘਟਨਾ ਨੂੰ ਘਿਨਾਉਣੀ ਹਰਕਤ ਕਰਾਰ ਦਿੰਦਿਆਂ ਇਸ ਦੀ ਸਖਤ ਸ਼ਬਦਾਂ 'ਚ ਨਿੰਦਾ ਕੀਤੀ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦੀ ਸੂਬੇ ਅੰਦਰ ਹੋਂਦ ਖਤਮ ਹੋ ਚੁੱਕੀ ਹੈ, ਜਿਸ ਕਰਕੇ ਉਹ ਅਜਿਹੀਆਂ ਕਰਤੂਤਾਂ ਕਰ ਰਹੇ ਹਨ। ਧਰਮਸੋਤ ਨੇ ਕਿਹਾ ਕਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਨੂੰ ਲੈ ਕੇ ਰੋਸ ਵਜੋਂ ਸੂਬੇ ਦੇ ਲੋਕਾਂ ਨੇ ਸਮੁੱਚੇ ਬਾਦਲ ਪਰਿਵਾਰ ਨੂੰ ਜਿਸ ਤਰ੍ਹਾਂ ਨਕਾਰਿਆ ਹੈ, ਉਸ ਤੋਂ ਖਫਾ ਅਕਾਲੀ ਵਰਕਰ ਅਜਿਹੀਆਂ ਕੋਝੀਆਂ ਹਰਕਤਾਂ ਕਰ ਰਹੇ ਹਨ, ਜੋ ਗੈਰ ਕਾਨੂੰਨੀ ਤੇ ਗੈਰ ਲੋਕਤੰਤਰਿਕ ਹੈ।
ਉਨ੍ਹਾਂ ਕਿਹਾ ਕਿ 84 ਦੇ ਦੋਸ਼ੀਆਂ ਨੂੰ ਕਾਨੂੰਨ ਮੁਤਾਬਕ ਸਜ਼ਾਵਾਂ ਦੇਣ ਦੀ ਪ੍ਰਕਿਰਿਆ ਮਾਨਯੋਗ ਅਦਾਲਤ 'ਚ ਚੱਲ ਰਹੀ ਹੈ, ਜਿਸ ਦੇ ਦੋਸ਼ੀ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਅਕਾਲੀ ਆਗੂ ਮਨਜੀਤ ਸਿੰਘ ਸਿਰਸਾ ਵਲੋਂ ਬੁੱਤ 'ਤੇ ਕਾਲਖ ਮਲਣ ਵਾਲਿਆਂ ਨੂੰ ਅਕਾਲੀ ਆਗੂ ਮੰਨੇ ਜਾਣ ਤੋਂ ਇਨਕਾਰ ਕੀਤੇ ਜਾਣ 'ਤੇ ਧਰਮਸੋਤ ਨੇ ਕਿਹਾ ਕਿ ਕਾਲਖ ਮਲਣ ਵਾਲਿਆਂ 'ਚੋਂ ਇਕ ਯੂਥ ਅਕਾਲੀ ਦਲ ਦਾ ਸੀਨੀਅਰ ਮੀਤ ਪ੍ਰਧਾਨ ਗੁਰਮੀਤ ਸਿੰਘ ਗੋਸ਼ਾ ਤੇ ਦੂਜਾ ਮੀਤ ਪ੍ਰਧਾਨ ਮੀਤਪਾਲ ਸਿੰਘ ਦੁੱਗਰੀ ਹੈ। ਧਰਮਸੋਤ ਨੇ ਕਿਹਾ ਕਿ ਕਾਲਖ ਮਲਣ ਵਾਲਿਆਂ ਨੂੰ ਅਕਾਲੀ ਆਗੂ ਨਾ ਮੰਨ ਕੇ ਕੇਵਲ ਸਿੱਖ ਕਹਿਣਾ ਲੋਕਾਂ ਦੀਆਂ ਅੱਖਾਂ 'ਚ ਘੱਟਾ ਪਾਉਣ ਵਾਲੀ ਬਿਆਨਬਾਜ਼ੀ ਹੈ। ਧਰਮਸੋਤ ਨੇ ਇਸ ਸਾਰੇ ਮਾਮਲੇ ਲਈ ਬਾਦਲ ਪਿਉ-ਪੁੱਤ ਨੂੰ ਜ਼ਿੰਮੇਵਾਰ ਦੱਸਦਿਆਂ ਕਿਹਾ ਕਿ ਇਹ ਸਭ ਕੁਝ ਅਕਾਲੀ ਵਰਕਰਾਂ ਵੱਲੋਂ ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਸਿੰਘ ਬਾਦਲ ਦੇ ਇਸ਼ਾਰੇ 'ਤੇ ਹੀ ਕੀਤਾ ਗਿਆ ਹੈ।
ਐੱਨ. ਜੀ. ਟੀ. 'ਤੇ ਪ੍ਰਦੂਸ਼ਣ ਰੋਕਥਾਮ ਬੋਰਡ ਦੀ ਬਾਜ਼ ਅੱਖ
NEXT STORY