ਮਾਛੀਵਾੜਾ ਸਾਹਿਬ (ਟੱਕਰ) : ਹਲਕਾ ਸਮਰਾਲਾ ਵਿਚ ਵਿਧਾਨ ਸਭਾ ਚੋਣਾਂ ਦੌਰਾਨ ਕੁੱਲ 14 ਉਮੀਦਵਾਰ ਚੋਣ ਲੜ ਰਹੇ ਹਨ ਪਰ ਸਖ਼ਤ ਮੁਕਾਬਲਾ 6 ਉਮੀਦਵਾਰਾਂ ਵਿਚ ਦੇਖਣ ਨੂੰ ਮਿਲ ਰਿਹਾ ਹੈ ਅਤੇ ਨਵੇਂ ਗਠਿਤ ਸੰਯੁਕਤ ਸਮਾਜ ਮੋਰਚੇ ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਵੱਲੋਂ ਇਸ ਹਲਕੇ ਤੋਂ ਚੋਣ ਲੜਨ ਕਾਰਨ ਸਮੂਹ ਪੰਜਾਬ ਵਾਸੀਆਂ ਦੀਆਂ ਨਜ਼ਰਾਂ ਇਸ ਸੀਟ ’ਤੇ ਟਿਕੀਆਂ ਹੋਈਆਂ ਹਨ। ਹਲਕਾ ਸਮਰਾਲਾ ਤੋਂ ਇਸ ਵਾਰ ਕਾਂਗਰਸ ਪਾਰਟੀ ਦੇ ਵਿਧਾਇਕ ਅਮਰੀਕ ਸਿੰਘ ਢਿੱਲੋਂ ਦੀ ਬਜਾਏ ਇੱਥੋਂ ਉਮੀਦਵਾਰ ਰਾਜਾ ਗਿੱਲ ਨੂੰ ਚੋਣ ਮੈਦਾਨ ਵਿਚ ਉਤਾਰਿਆ ਗਿਆ ਹੈ, ਜਦੋਂ ਕਿ ਢਿੱਲੋਂ ਆਜ਼ਾਦ ਉਮੀਦਵਾਰ ਵੱਜੋਂ ਮੈਦਾਨ ਵਿਚ ਨਿੱਤਰੇ ਹਨ। ਅਕਾਲੀ ਦਲ-ਬਸਪਾ ਗਠਜੋੜ ਵੱਲੋਂ ਪਰਮਜੀਤ ਸਿੰਘ ਢਿੱਲੋਂ, ‘ਆਪ’ ਵੱਲੋਂ ਜਗਤਾਰ ਸਿੰਘ ਦਿਆਲਪੁਰਾ, ਭਾਜਪਾ ਗਠਜੋੜ ਵੱਲੋਂ ਰਣਜੀਤ ਸਿੰਘ ਜੀਤਾ ਗਹਿਲੇਵਾਲ ਅਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਕਿਸਾਨ ਆਗੂ ਵਰਿੰਦਰ ਸਿੰਘ ਸੇਖੋਂ ਦੇ ਮੈਦਾਨ ਵਿਚ ਆਉਣ ਕਾਰਨ ਮੁਕਾਬਲਾ ਸਖ਼ਤ ਰੂਪ ਧਾਰਨ ਕਰਦਾ ਜਾ ਰਿਹਾ ਹੈ। ਸਾਰੀਆਂ ਹੀ ਸਿਆਸੀ ਪਾਰਟੀਆਂ ਦੇ ਆਗੂ ਵਿਕਾਸ ਦੇ ਮੁੱਦੇ ਨੂੰ ਪ੍ਰਮੁੱਖ ਰੱਖ ਕੇ ਚੋਣਾਂ ਲੜ ਰਹੇ ਹਨ, ਜਿਸ ਵਿਚ ਇਤਿਹਾਸਕ ਸ਼ਹਿਰ ਮਾਛੀਵਾੜਾ ਦੀ ਦਿੱਖ ਨੂੰ ਸੁੰਦਰ ਬਣਾਉਣਾ, ਸਮਰਾਲਾ ਸ਼ਹਿਰ ਵਿਚ ਸੀਵਰੇਜ ਸਮੱਸਿਆ ਦਾ ਹੱਲ ਕਰਨਾ ਦੱਸਿਆ ਜਾ ਰਿਹਾ ਹੈ, ਉੱਥੇ ਸਿਆਸੀ ਆਗੂ ਪਿਛਲੀ ਕਾਂਗਰਸ ਸਰਕਾਰ ਦੌਰਾਨ ਹਲਕੇ ਵਿਚ ਵਿਕਾਸ ਨਾ ਹੋਣ ਦਾ ਢਿੰਡੋਰਾ ਤਾਂ ਪਿੱਟ ਰਹੇ ਹਨ।
ਇਹ ਵੀ ਪੜ੍ਹੋ : ਜਲੰਧਰ 'ਚ 9 ਸਾਲਾ ਬੱਚੀ ਨਾਲ ਹੈਵਾਨੀਅਤ, ਖੂਨ ਨਾਲ ਲੱਥਪਥ ਮਾਸੂਮ ਨੂੰ ਖੂਹ ਨੇੜੇ ਛੱਡ ਭੱਜਿਆ ਦਰਿੰਦਾ
ਨਾਲ ਹੀ ਕਾਂਗਰਸ ਪਾਰਟੀ ਦੇ ਨਵੇਂ ਉਮੀਦਵਾਰ ਰਾਜਾ ਗਿੱਲ ਵੀ ਇਹ ਕਹਿ ਰਹੇ ਹਨ ਕਿ ਪਿਛਲੇ 5 ਸਾਲਾਂ ’ਚ ਕਾਂਗਰਸ ਦੇ ਵਿਧਾਇਕ ਨੇ ਵੀ ਵਰਕਰਾਂ ਨੂੰ ਅਣਗੌਲਿਆਂ ਕਰ ਵਿਕਾਸ ਪੱਖੋਂ ਜਿਆਦਾ ਕੰਮ ਨਹੀਂ ਕੀਤੇ। ਦੂਸਰੇ ਪਾਸੇ ਆਜ਼ਾਦ ਚੋਣ ਲੜ ਰਹੇ ਅਮਰੀਕ ਸਿੰਘ ਢਿੱਲੋਂ ਆਪਣੇ 5 ਸਾਲਾਂ ਕਾਰਜਕਾਲ ਦੌਰਾਨ ਕਰਵਾਏ ਵਿਕਾਸ ਕਾਰਜਾਂ ਨੂੰ ਲੈ ਕੇ ਵੋਟ ਮੰਗ ਰਹੇ ਹਨ, ਉੱਥੇ ਉਹ ਪਾਰਟੀ ਦੇ ਨਵੇਂ ਉਮੀਦਵਾਰ ਤੋਂ ਇਲਾਵਾ ਆਪਣੇ ਰਿਸ਼ਤੇ ’ਚ ਲੱਗਦੇ ਪੋਤੇ ਅਕਾਲੀ ਉਮੀਦਵਾਰ ਪਰਮਜੀਤ ਢਿੱਲੋਂ ’ਤੇ ਵੀ ਦੂਸ਼ਣਬਾਜ਼ੀ ਕਰਨ ਤੋਂ ਗੁਰੇਜ਼ ਨਹੀਂ ਕਰਦੇ। ਇਸ ਤੋਂ ਇਲਾਵਾ ਆਮ ਆਦਮੀ ਪਾਰਟੀ ਦਾ ਉਮੀਦਵਾਰ ਜਗਤਾਰ ਸਿੰਘ ਦਿਆਲਪੁਰਾ ਅਤੇ ਉਸ ਨਾਲ ਚੋਣ ਮੁਹਿੰਮ ’ਚ ਸਾਥ ਦੇ ਰਹੇ ਸਾਬਕਾ ਵਿਧਾਇਕ ਜਗਜੀਵਨ ਸਿੰਘ ਖੀਰਨੀਆਂ ਹਲਕਾ ਸਮਰਾਲਾ ਵਿਚ ਬਦਲਾਅ ਦਾ ਨਾਅਰਾ ਲਗਾ ਕੇ ਵੋਟਰਾਂ ਨੂੰ ਆਪਣੇ ਨਾਲ ਲਾਮਬੰਦ ਕਰ ਰਹੇ ਹਨ ਅਤੇ ਵਿਕਾਸ ਪੱਖੋਂ ਪੱਛੜ ਗਏ ਹਲਕਾ ਸਮਰਾਲਾ ਦੀ ਨੁਹਾਰ ਬਦਲਣ ਦੇ ਵੀ ਦਾਅਵੇ ਕਰ ਰਹੇ ਹਨ। ਸੰਯੁਕਤ ਸਮਾਜ ਮੋਰਚੇ ਦੇ ਮੁਖੀ ਬਲਬੀਰ ਸਿੰਘ ਰਾਜੇਵਾਲ ਵੀ ਚੋਣ ਮੁਹਿੰਮ ਨੂੰ ਪੂਰੇ ਜ਼ੋਰਾਂ-ਸ਼ੋਰਾਂ ਨਾਲ ਚਲਾ ਰਹੇ ਹਨ। ਉਹ ਜਿੱਥੇ ਪਿੰਡਾਂ ’ਚ ਕਿਸਾਨਾਂ, ਮਜ਼ਦੂਰਾਂ ਅਤੇ ਐੱਸ. ਸੀ. ਵਰਗ ਦੇ ਹਿੱਤਾਂ ’ਤੇ ਪਹਿਰਾ ਦੇਣ ਦੀ ਗੱਲ ਕਰਦੇ ਹਨ, ਉੱਥੇ ਸ਼ਹਿਰੀ ਵਪਾਰੀਆਂ ਤੇ ਆੜ੍ਹਤੀਆਂ ਨੂੰ ਵੀ ਜਾਗਰੂਕ ਕਰਦੇ ਹਨ ਕਿ ਕਿਸ ਤਰ੍ਹਾਂ ਸਰਕਾਰਾਂ ਹੁਣ ਤੱਕ ਲੁੱਟਦੀਆਂ ਆ ਰਹੀਆਂ ਹਨ।
ਇਹ ਵੀ ਪੜ੍ਹੋ : 'ਸੋਨੀਆ ਗਾਂਧੀ' ਨੂੰ ਛੱਡ ਸਾਰੀਆਂ ਪਾਰਟੀਆਂ ਦੇ ਪ੍ਰਧਾਨਾਂ ਨੇ ਆਪਣੇ ਉਮੀਦਵਾਰਾਂ ਦੇ ਹੱਕ 'ਚ ਕੀਤਾ ਪ੍ਰਚਾਰ
ਅਕਾਲੀ ਗਠਜੋੜ ਦੇ ਉਮੀਦਵਾਰ ਪਰਮਜੀਤ ਢਿੱਲੋਂ ਵੀ ਵਿਕਾਸ ਦਾ ਨਾਅਰਾ ਦਿੰਦੇ ਹੋਏ ਵੋਟਾਂ ਮੰਗ ਰਹੇ ਹਨ ਪਰ ਨਾਲ ਹੀ ਉਹ ਕਾਂਗਰਸ ਉਮੀਦਵਾਰ ਰਾਜਾ ਗਿੱਲ ਅਤੇ ਆਪਣੇ ਰਿਸ਼ਤੇ ’ਚ ਲੱਗਦੇ ਦਾਦੇ ਢਿੱਲੋਂ ਤੋਂ ਇਲਾਵਾ ਆਮ ਆਦਮੀ ਪਾਰਟੀ ’ਤੇ ਵੀ ਖੂਬ ਨਿਸ਼ਾਨੇ ਬੰਨ੍ਹਦੇ ਹਨ। ਕਾਂਗਰਸ ਪਾਰਟੀ ਦੇ ਉਮੀਦਵਾਰ ਰੁਪਿੰਦਰ ਸਿੰਘ ਰਾਜਾ ਗਿੱਲ ਨੇ ਕੇਵਲ 15 ਦਿਨਾਂ ਵਿਚ ਆਪਣੀ ਚੋਣ ਮੁਹਿੰਮ ਨੂੰ ਇੰਨੇ ਯੋਜਨਾਬੱਧ ਢੰਗ ਨਾਲ ਚਲਾਇਆ ਕਿ ਉਹ ਆਪਣੇ ਵਿਰੋਧੀਆਂ ਨੂੰ ਸਖ਼ਤ ਟੱਕਰ ਦੇ ਰਹੇ ਹਨ ਅਤੇ ਉਨ੍ਹਾਂ ਵੱਲੋਂ ਵੀ ਦਾਅਵਾ ਕੀਤਾ ਜਾ ਰਿਹਾ ਹੈ ਕਿ ਇੱਕ ਵਾਰ ਮੌਕਾ ਦੇ ਕੇ ਦੇਖੋ, ਜਿੱਥੇ ਉਹ ਹਲਕਾ ਸਮਰਾਲਾ ਦੀ ਕਾਇਆ-ਕਲਪ ਕਰਨਗੇ, ਉੱਥੇ ਉਹ ਸਰਕਾਰੀ ਦਫ਼ਤਰਾਂ ’ਚੋਂ ਭ੍ਰਿਸ਼ਟਾਚਾਰ ਵੀ ਖ਼ਤਮ ਕਰ ਦੇਣਗੇ। ਭਾਜਪਾ ਉਮੀਦਵਾਰ ਰਣਜੀਤ ਸਿੰਘ ਜੀਤਾ ਗਹਿਲੇਵਾਲ ਦੀ ਚੋਣ ਮੁਹਿੰਮ ਨੂੰ ਭਖਾਉਣ ਲਈ ਬੇਸ਼ੱਕ ਕੇਂਦਰੀ ਮੰਤਰੀ ਵੀ ਜ਼ੋਰ ਲਗਾ ਰਹੇ ਹਨ ਪਰ ਉਹ ਸਿਰਫ ਸ਼ਹਿਰੀ ਖੇਤਰ ਤੋਂ ਇਲਾਵਾ ਕੁੱਝ ਕੁ ਪਿੰਡਾਂ ਤੱਕ ਹੀ ਆਪਣੀ ਚੋਣ ਮੁਹਿੰਮ ਨੂੰ ਹੁਲਾਰਾ ਦੇ ਸਕੇ ਹਨ। ਕੁੱਲ ਮਿਲਾ ਕੇ ਹਲਕਾ ਸਮਰਾਲਾ ਵਿਚ ਇਸ ਵਾਰ 6 ਕੋਣਾ ਸਖ਼ਤ ਮੁਕਾਬਲਾ ਦੇਖਣ ਨੂੰ ਮਿਲ ਰਿਹਾ ਹੈ ਅਤੇ ਹਲਕੇ ਦੇ ਵੋਟਰ ਵੀ ਇੰਨੇ ਸੂਝਵਾਨ ਹੋ ਗਏ ਹਨ ਕਿ ਉਹ ਹਰੇਕ ਉਮੀਦਵਾਰ ਦੀ ਮੀਟਿੰਗ ’ਚ ਸ਼ਮੂਲੀਅਤ ਕਰ ਉਨ੍ਹਾਂ ਨੂੰ ਭੰਬਲਭੂਸੇ ਵਿਚ ਪਾਈ ਬੈਠੇ ਹਨ ਕਿ ਇਹ ਵੋਟ ਆਖ਼ਰ ਕਿਸ ਦੇ ਹੱਕ ਵਿਚ ਭੁਗਤੇਗੀ। ਹਲਕਾ ਸਮਰਾਲਾ ’ਚ ਇਸ ਵਾਰ ਕਿਸੇ ਵੀ ਪਾਰਟੀ ਦੇ ਹੱਕ ਵਿਚ ਲਹਿਰ ਦਿਖਾਈ ਨਹੀਂ ਦੇ ਰਹੀ ਅਤੇ 10 ਮਾਰਚ ਨੂੰ ਨਤੀਜੇ ਬੜੇ ਹੀ ਰੌਚਕ ਨਿਕਲ ਸਕਦੇ ਹਨ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਕੈਮਰਿਆਂ ਦੀ ਨਿਗਰਾਨੀ ’ਚ ਹੋਣਗੇ ਜ਼ਿਲ੍ਹੇ ਦੇ 9 ਵਿਧਾਨ ਸਭਾ ਹਲਕਿਆਂ ਦੇ 1975 ਪੋਲਿੰਗ ਸਟੇਸ਼ਨ: ਡਿਪਟੀ ਕਮਿਸ਼ਨਰ
NEXT STORY