ਸੰਗਰੂਰ (ਰਾਜੇਸ਼ ਕੋਹਲੀ) : ਫਤਿਹਵੀਰ ਦੀ ਮੌਤ ਤੋਂ ਬਾਅਦ ਵੀ ਸੰਗਰੂਰ ਪ੍ਰਸ਼ਾਸਨ ਸੁੱਤਾ ਪਿਆ ਹੈ। ਕਿਉਂਕਿ ਸੰਗਰੂਰ ਦੇ ਧੂਰੀ ਵਿਚ ਬੱਸ ਸਟੈਂਡ ਨੇੜੇ ਇਕ 650 ਫੁੱਟ ਡੂੰਘਾ ਬੋਰਵੈੱਲ ਖੁੱਲ੍ਹਾ ਪਿਆ ਹੈ, ਜੋ ਮੌਤ ਨੂੰ ਸੱਦਾ ਦੇ ਰਿਹਾ ਹੈ। ਬੇਸ਼ੱਕ ਇਸ ਬੋਰ ਨੂੰ ਢੱਕਿਆ ਹੋਇਆ ਹੈ ਪਰ ਇਹ ਲੋਹੇ ਦੀ ਪਲੇਟ ਕਦੇ ਵੀ ਖਿਸਕ ਸਕਦੀ ਹੈ।
ਉਥੇ ਮੌਜੂਦ ਲੋਕਾਂ ਦਾ ਕਹਿਣਾ ਹੈ ਕਿ ਇਹ ਬੋਰ ਪਿਛਲੇ ਕਾਫੀ ਸਮੇਂ ਤੋਂ ਇਸੇ ਤਰ੍ਹਾਂ ਖੁੱਲਾ ਹੋਇਆ ਹੈ, ਜਿਸ ਸਬੰਧੀ ਧੂਰੀ ਪ੍ਰਸ਼ਾਸਨ ਨੂੰ ਜਾਣੂ ਕਰਵਾਇਆ ਹੋਇਆ ਹੈ। ਇਕ ਪਾਸੇ ਜਿੱਥੇ ਸਰਕਾਰ ਵੱਲੋਂ ਵਾਟਰ ਵਰਕਸ 'ਤੇ ਪੇਂਟ ਕਰਵਾ ਕੇ ਸਵੱਛ ਧੂਰੀ ਸੋਹਣਾ ਧੂਰੀ ਤਾਂ ਲਿਖਵਾ ਦਿੱਤਾ ਗਿਆ ਹੈ, ਉਥੇ ਹੀ ਇਸ ਬੋਰ ਨੂੰ ਬੰਦ ਕਰਾਉਣ ਵੱਲ ਕਿਸੇ ਦਾ ਧਿਆਨ ਨਹੀਂ ਗਿਆ। ਹੁਣ ਦੇਖਣਾ ਇਹ ਹੋਵੇਗਾ ਕਿ ਇੱਥੋਂ ਤਾਂ ਪ੍ਰਸ਼ਾਸਨ ਕਦੋਂ ਜਾਗਦਾ ਹੈ ਅਤੇ ਇਨ੍ਹਾਂ ਖੁੱਲ੍ਹੇ ਪਏ ਬੋਰਾਂ ਵੱਲ ਕਦੋਂ ਧਿਆਨ ਦਿੰਦਾ ਹੈ।
ਦੱਸ ਦੇਈਏ ਕਿ ਫਤਿਹਵੀਰ ਸਿੰਘ 6 ਜੂਨ ਨੂੰ ਆਪਣੇ ਖੇਤ ਵਿਚ ਬਣੇ ਹੋਏ ਬੋਰਵੈੱਲ ਵਿਚ ਡਿੱਗ ਪਿਆ ਸੀ, ਹਾਲਾਂਕਿ ਉਸ ਦੀ ਮਾਂ ਨੇ ਉਸ ਨੂੰ ਫੜਨ ਦੀ ਕੋਸ਼ਿਸ਼ ਕੀਤੀ ਪਰ ਉਹ ਅਸਫਲ ਹੋ ਗਈ। ਫਤਿਹਵੀਰ ਨੂੰ ਬਚਾਉਣ ਲਈ 6 ਦਿਨ ਤੱਕ ਰੈਸਕਿਊ ਆਪਰੇਸ਼ਨ ਚੱਲਿਆ। 11 ਜੂਨ ਨੂੰ ਤੜਕੇ ਸਵੇਰੇ ਸਵਾ 5 ਵਜੇ ਦੇ ਕਰੀਬ ਫਤਿਹਵੀਰ ਨੂੰ ਬਾਹਰ ਤਾਂ ਕੱਢ ਲਿਆ ਗਿਆ ਸੀ ਪਰ ਉਦੋਂ ਤੱਕ ਉਹ ਦੁਨੀਆ ਨੂੰ ਅਲਵਿਦਾ ਆਖ ਚੁੱਕਾ ਸੀ।
ਪੰਜਾਬ 'ਚ ਮੁੜ ਵਧੇਗਾ ਪਾਰਾ, ਮੌਸਮ ਵਿਭਾਗ ਦੀ ਕਿਸਾਨਾਂ ਨੂੰ ਅਪੀਲ
NEXT STORY