ਸ਼ੇਰਪੁਰ/ਸੰਗਰੂਰ (ਸਿੰਗਲਾ) : ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਨੇਤਾ ਅਤੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਨੇ ਹਲਕਾ ਮਹਿਲ ਕਲਾਂ ਦੇ ਪਿੰਡ ਗੰਡੇਵਾਲ ਵਿਖੇ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਬਾਦਲ ਪਰਿਵਾਰ ਨੂੰ ਖੁਸ਼ ਕਰਨ ਲਈ ਗੁਰੂ ਦੀ ਗੋਲਕ ਦੀ ਸੇਵਾ ਨੂੰ ਪਾਣੀ ਵਾਂਗ ਵਹਾ ਦਿੱਤਾ ਹੈ। ਸੁਲਤਾਨਪੁਰ ਲੋਧੀ ਵਿਖੇ ਪਹਿਲਾਂ 11 ਕਰੋੜ 50 ਲੱਖ ਰੁਪਏ ਖਰਚ ਕਰਨ ਦੀ ਗੱਲ ਸਾਹਮਣੇ ਆਈ ਸੀ ਹੁਣ ਪਤਾ ਲੱਗਿਆ ਹੈ ਕਿ ਉਸੇ ਥਾਂ 'ਤੇ 3 ਕਰੋੜ 50 ਲੱਖ ਦੇ ਹੋਰ ਪੈਸਿਆਂ ਦਾ ਭੁਗਤਾਨ ਕੀਤਾ ਗਿਆ ਹੈ। ਭਾਈ ਲੌਂਗੋਵਾਲ ਨੇ ਬਾਦਲ ਪਰਿਵਾਰ ਨੂੰ ਸਿਰਫ ਖੁਸ਼ ਕਰਨ ਲਈ 15 ਕਰੋੜ ਰੁਪਏ ਸੰਗਤ ਵੱਲੋਂ ਗੁਰੂ ਘਰਾਂ ਨੂੰ ਦਿੱਤੇ ਦਸਵੰਦ 'ਚੋਂ ਪਾਣੀ ਵਾਂਗ ਰੋੜ੍ਹ ਦਿੱਤੇ ਹਨ, ਜਦਕਿ ਇਸ ਤਰ੍ਹਾਂ ਦਾ ਸਮਾਗਮ ਕਰਵਾਉਣ ਲਈ 1 ਤੋਂ 2 ਕਰੋੜ ਰੁਪਏ ਨਾਲ ਸਾਰਿਆ ਜਾ ਸਕਦਾ ਸੀ। ਉਨ੍ਹਾਂ ਕਿਹਾ ਕਿ ਉਹ ਇਸ ਸਾਰੇ ਖਰਚੇ ਦੀ ਪੈਰਵੀ ਕਰ ਰਹੇ ਹਨ ਅਤੇ ਲੋਕਾਂ ਸਾਹਮਣੇ ਸਾਰਾ ਸੱਚ ਲਿਆਂਦਾ ਜਾਵੇਗਾ।
ਢੀਂਡਸਾ ਨੇ ਕਿਹਾ ਕਿ ਸਮਾਂ ਆਉਣ 'ਤੇ ਸ਼੍ਰੋਮਣੀ ਕਮੇਟੀ 'ਚ ਹੋਈਆਂ ਕਰੋੜਾਂ ਦੀਆਂ ਘਪਲੇਬਾਜ਼ੀਆਂ ਦੀ ਨਿਰਪੱਖ ਜਾਂਚ ਕਰਵਾਈ ਜਾਵੇਗੀ ਅਤੇ ਇਸ ਦੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਵੀ ਅਮਲ 'ਚ ਲਿਆਂਦੀ ਜਾਵੇਗੀ। ਉਨ੍ਹਾਂ ਕਿਹਾ ਕਿ ਜਿਹੜਾ ਵਿਅਕਤੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਲੜੇਗਾ, ਉਹ ਆਪਣਾ ਹਲਫੀਆ ਬਿਆਨ ਵੀ ਦੇਵੇਗਾ ਕਿ ਉਸ ਦਾ ਰਾਜਸੀ ਖੇਤਰ ਨਾਲ ਕੋਈ ਸਬੰਧ ਨਹੀਂ ਹੈ ਅਤੇ ਧਰਮ ਅਤੇ ਰਾਜਨੀਤੀ ਦਾ ਕੋਈ ਮੇਲ ਨਹੀਂ ਹੋਵੇਗਾ। ਢੀਂਡਸਾ ਨੇ ਬਾਦਲਾਂ ਵੱਲੋਂ 2 ਫਰਵਰੀ ਨੂੰ ਸੰਗਰੂਰ ਵਿਖੇ ਰੈਲੀ ਦੌਰਾਨ ਬੋਲੀ ਸ਼ਬਦਾਵਲੀ ਦਾ ਜਵਾਬ ਦਿੰਦੇ ਹੋਏ ਕਿਹਾ ਕਿ 23 ਫਰਵਰੀ ਦੀ ਸੰਗਰੂਰ ਰੈਲੀ ਦੱਸ ਦੇਵੇਗੀ ਕਿ ਅੰਤਿਮ ਅਰਦਾਸ ਕਿਸ ਦੀ ਹੋਈ ਹੈ। ਉਨ੍ਹਾਂ ਦੋਸ਼ ਲਾਇਆ ਕਿ 2 ਦੀ ਰੈਲੀ ਕਰਨ ਲਈ ਸ਼੍ਰੋਮਣੀ ਕਮੇਟੀ ਵੱਲੋਂ ਪਿੰਡਾਂ 'ਚ ਕਈ ਥਾਵਾਂ 'ਤੇ ਗੁਰੂ ਘਰਾਂ ਦੀਆਂ ਪ੍ਰਬੰਧਕ ਕਮੇਟੀਆਂ ਨੂੰ 50-50 ਹਜ਼ਾਰ ਰੁਪਏ ਦਿੱਤੇ, ਜਦਕਿ ਅੱਜ ਇਸ ਤੋਂ ਪਹਿਲਾਂ ਕਿਤੇ ਵੀ ਕਿਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕੋਈ ਪੈਸਾ ਨਹੀਂ ਦਿੱਤਾ ਗਿਆ।
ਢੀਂਡਸਾ ਨੇ ਕਿਹਾ ਕਿ 23 ਦੀ ਰੈਲੀ ਬਾਦਲਾਂ ਦੇ ਸਭ ਭਰਮ-ਭੁਲੇਖੇ ਦੂਰ ਕਰ ਦੇਵੇਗੀ। ਇਕ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਬਾਦਲਾਂ ਨਾਲ ਭਵਿੱਖ 'ਚ ਕਦੇ ਵੀ ਸਮਝੌਤਾ ਨਹੀਂ ਹੋ ਸਕਦਾ ਕਿਉਂਕਿ ਹੁਣ ਸਮਝੌਤੇ ਦੀਆਂ ਗੱਲਾਂ ਦੂਰ ਲੰਘ ਚੁੱਕੀਆਂ ਹਨ। ਦਿੱਲੀ ਵਿਖੇ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਸਮੇਂ ਜੀ. ਕੇ. ਸਿੰਘ ਹੋਰਾਂ ਨੇ ਬਾਦਲਾਂ ਨੂੰ ਪਹਿਲਾਂ ਹੀ ਕਹਿ ਦਿੱਤਾ ਸੀ ਕਿ ਤੁਸੀਂ ਇੱਥੇ ਦਖਲ-ਅੰਦਾਜ਼ੀ ਨਾ ਕਰੋ ਕਿਤੇ ਸਾਨੂੰ ਵੀ ਨਾ ਹਰਾ ਦਿਉ ਅਤੇ ਹੁਣ ਵੀ ਦਿੱਲੀ ਚੋਣਾਂ 'ਚ ਇਨ੍ਹਾਂ ਦੀ ਕੋਈ ਪੁੱਛ-ਗਿੱਛ ਕੀਤੀ ਗਈ। ਦਿੱਲੀ ਵਿਧਾਨ ਸਭਾ ਚੋਣਾਂ 'ਚ ਬਾਦਲਾਂ ਵੱਲੋਂ 4 ਉਮੀਦਵਾਰਾਂ ਨੂੰ ਚੋਣ ਲੜਾਉਣ ਦੀ ਤਿਆਰੀ ਕੀਤੀ ਗਈ ਸੀ ਜਦਕਿ ਭਾਜਪਾ ਨੇ ਇਨ੍ਹਾਂ ਨੂੰ ਮੂੰਹ ਤੱਕ ਨਹੀਂ ਲਾਇਆ, ਜਿਸ ਤੋਂ ਸਾਫ ਹੋ ਚੁੱਕਾ ਹੈ ਕਿ ਹੁਣ ਅਕਾਲੀ ਦਲ ਦੇ ਭਾਜਪਾ ਨਾਲ ਸਬੰਧ ਵੀ ਸੁਖਾਵੇਂ ਨਹੀਂ ਰਹੇ।
ਕੈਪਟਨ ਸਰਕਾਰ ਵੱਲੋਂ ਪੰਜਾਬ 'ਚ 1500 ਸਕੂਲਾਂ ਨੂੰ ਬੰਦ ਕਰਨ ਦੀ ਚੱਲ ਰਹੀ ਚਰਚਾ 'ਤੇ ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਪੰਜਾਬ ਵਿਚ ਬੁਰੀ ਤਰ੍ਹਾਂ ਫੇਲ ਹੋ ਚੁੱਕੀ ਹੈ ਅਤੇ ਲੋਕਾਂ ਨਾਲ ਕੀਤਾ ਇਕ ਵੀ ਵਾਅਦਾ ਪੂਰਾ ਨਹੀਂ ਕਰ ਸਕੀ। ਇਸ ਸਮੇਂ ਰਜਿੰਦਰ ਸਿੰਘ ਕਾਂਝਲਾ ਸੀਨੀਅਰ ਮੀਤ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ, ਸਾਬਕਾ ਚੇਅਰਮੈਨ ਹਾਜ਼ੀ ਮੁਹੰਮਦ ਤੁਫੈਲ ਮਲਿਕ ਮਾਲੇਰਕੋਟਲਾ ਆਦਿ ਤੋਂ ਇਲਾਵਾ ਵੱਡੀ ਗਿਣਤੀ 'ਚ ਅਕਾਲੀ ਦਲ ਦੇ ਆਗੂ ਅਤੇ ਵਰਕਰ ਹਾਜ਼ਰ ਸਨ।
ਫਿਲਮ 'ਸ਼ੂਟਰ' ਨੂੰ ਲੈ ਕੇ ਵਿਵਾਦਾਂ 'ਚ ਘਿਰੇ ਨਿਰਮਾਤਾ ਕੇ. ਵੀ. ਢਿੱਲੋਂ, FIR ਦਰਜ
NEXT STORY