ਸੰਗਰੂਰ (ਅਨੀਸ਼)-ਇਕਰਾਰਨਾਮੇ ਅਤੇ ਹੋਰ ਗੈਰ-ਕਾਨੂੰਨੀ ਕਾਗਜ਼ਾਤਾਂ ਦੀ ਦੁੱਗਣੀ ਅਸ਼ਟਾਮ ਫੀਸ ਲਾਗੂ ਹੋਣ ’ਤੇ ਲੋਕਾਂ ’ਚ ਹਾਹਾਕਾਰ ਮੱਚ ਗਈ ਹੈ। ਮਾਲ ਵਿਭਾਗ ਦੇ ਅਧਿਕਾਰੀਆਂ ਅਨੁਸਾਰ ਜ਼ਮੀਨ ਜਾਇਦਾਦ ਦੀਆਂ ਕੀਮਤਾਂ ’ਚ ਆਈ ਭਾਰੀ ਗਿਰਾਵਟ ਕਾਰਨ ਅਸ਼ਟਾਮ ਫੀਸ ਤੋਂ ਇਕੱਠਾ ਹੋਣ ਵਾਲਾ ਰੈਵੇਨਿਊ ਹਰ ਸਾਲ ਘੱਟ ਰਿਹਾ ਹੈ । ਪੰਜਾਬ ਸਰਕਾਰ ਦੇ ਮਾਲ, ਪੁਨਰਵਾਸ ਅਤੇ ਡਿਜਾਸਟਰ ਮੈਨੇਜਮੈਂਟ ਵਿਭਾਗ (ਅਸ਼ਟਾਮ ਤੇ ਰਜਿਸਟਰੀ) ਬ੍ਰਾਂਚ ਵੱਲੋਂ ਮੰਡਲ ਕਮਿਸ਼ਨਰਾਂ, ਡਿਪਟੀ ਕਮਿਸ਼ਨਰਾਂ , ਇੰਸਪੈਕਟਰ ਜਨਰਲ ਤੇ ਆਫ ਰਜਿਸਟਰੇਸ਼ਨ, ਤਹਿਸੀਲਦਾਰਾਂ ਅਤੇ ਨਾਇਬ ਤਹਿਸੀਲਦਾਰਾਂ ਨੂੰ ਜਾਰੀ ਕੀਤੇ ਗਏ ਪੱਤਰ ਅਨੁਸਾਰ ਰਾਜ ਸਰਕਾਰ ਨੇ ਭਾਰਤੀ ਸਟੈਂਪ ਐਕਟ 1899 ਤਹਿਤ ਸੋਧ ਕੀਤੀ ਹੈ, ਜਿਸ ਅਨੁਸਾਰ ਹੁਣ ਵਿੱਕਰੀ ਇਕਰਾਰਨਾਮਿਆਂ ’ਤੇ 2000 ਦੀ ਜਗ੍ਹਾ 4000 ਰੁ. ਦਾ ਅਸ਼ਟਾਮ, ਮੁਖਤਿਆਰਨਾਮੇ ’ਤੇ 1000 ਦੀ ਜਗ੍ਹਾ 2000 ਰੁ., ਗੋਦਨਾਮਾ 500 ਤੋਂ 1000 ਰੁ. ਦੀ ਅਸ਼ਟਾਮ ਫੀਸ ਅਤੇ ਹੋਰ ਕਾਨੂੰਨੀ ਹਲਫੀਆਂ ਬਿਆਨ ’ਤੇ ਲੱਗਣ ਵਾਲੀ ਅਸ਼ਟਾਮ ਫੀਸ ਦੁੱਗਣੀ ਕਰ ਦਿੱਤੀ ਗਈ ਹੈ । ਇਸ ਤੋਂ ਇਲਾਵਾ ਸੇਵਾ ਕੇਂਦਰਾਂ ’ਤੇ ਕਿਸਾਨਾਂ ਵੱਲੋਂ ਜ਼ਮੀਨ ਦਾ ਭਾਰ ਮੁਕਤ ਸਰਟੀਫਿਕੇਟ ਲੈਣ ਦੀਆਂ ਫੀਸਾਂ ਵੀ ਦੁੱਗਣੀਆਂ ਕਰ ਦਿੱਤੀਆਂ ਹਨ । ਕੀ ਕਹਿੰਦੇ ਨੇ ਆਗੂ ਇਸ ਸਬੰਧੀ ਉਦਯੋਗਪਤੀ ਹਰਬੰਸ ਸਿੰਘ ਸਲੇਮਪੁਰ, ਕਿਸਾਨ ਆਗੂ ਗੁਰਜੀਤ ਸਿੰਘ ਈਸਾਪੁਰ, ਬਲਵੰਤ ਸਿੰਘ ਮਾਹਮਦਪੁਰ ਅਤੇ ਆਮ ਆਦਮੀ ਪਾਰਟੀ ਦੇ ਸੂਬਾ ਜਨਰਲ ਸਕੱਤਰ ਪਰਮਿੰਦਰ ਸਿੰਘ ਪੁੰਨੂੰ ਨੇ ਇਸ ਲੋਕ ਵਿਰੋਧੀ ਫੈਸਲੇ ਦੀ ਨਿੰਦਾ ਕਰਦਿਆਂ ਕਿਹਾ ਕਿ ਸੂਬੇ ਅੰਦਰ ਕਾਂਗਰਸ ਦੀ ਸਰਕਾਰ ਬਣਨ ’ਤੇ ਲੋਕਾਂ ਨੂੰ ਆਸ ਬੱਝੀ ਸੀ ਕਿ ਉਹ ਲੋਕਾਂ ਨੂੰ ਰਾਹਤ ਦੇਵੇਗੀ ਪਰ ਕਾਂਗਰਸ ਸਰਕਾਰ ਵੱਲੋਂ ਪਹਿਲਾਂ ਤਾਂ ਸੇਵਾ ਕੇਂਦਰਾਂ ਦੀਆਂ ਫੀਸਾਂ ’ਚ ਭਾਰੀ ਵਾਧਾ ਕੀਤਾ ਗਿਆ ਅਤੇ ਹੁਣ ਅਸ਼ਟਾਮਾਂ ਦੇ ਰੇਟ ਦੁੱਗਣੇ ਕਰ ਦਿੱਤੇ ਹਨ, ਜਿਸ ਕਰਕੇ ਲੋਕਾਂ ’ਚ ਭਾਰੀ ਰੋਸ ਹੈ । ਆਗੂਆਂ ਨੇ ਕਿਹਾ ਕਿ ਜੇਕਰ ਸਰਕਾਰ ਨੇ ਵਧੇ ਹੋਏ ਰੇਟ ਵਾਪਸ ਨਾ ਲਏ ਤਾਂ ਉਹ ਸੰਘਰਸ਼ ਕਰਨ ਲਈ ਮਜਬੂਰ ਹੋਣਗੇ ਅਤੇ ਇਸ ਦਾ ਖਮਿਆਜ਼ਾ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿਚ ਕਾਂਗਰਸ ਪਾਰਟੀ ਨੂੰ ਭੁਗਤਣਾ ਪਵੇਗਾ ।
ਖਡ਼੍ਹੇ ਮੀਂਹ ਦੇ ਪਾਣੀ ਨਾਲ ਲੋਕਾਂ ਨੂੰ ਕਰਨਾ ਪੈ ਰਿਹੈ ਦਿੱਕਤਾਂ ਦਾ ਸਾਹਮਣਾ
NEXT STORY