ਸੰਗਰੂਰ (ਵਿਵੇਕ ਸਿੰਧਵਾਨੀ, ਰਵੀ)-®ਆਗਾਮੀ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਜ਼ਿਲਾ ਬਰਨਾਲਾ ਦੇ ਚੋਣ ਸੁਪਰਵਾਈਜ਼ਰਾਂ, ਏ.ਐੱਮ.ਐੱਲ.ਟੀਜ਼. ਤੇ ਹੋਰ ਨੋਡਲ ਅਫ਼ਸਰਾਂ ਨੂੰ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਈ.ਵੀ.ਐੱਮ. ਤੇ ਵੀ.ਵੀ.ਪੈਟ ਮਸ਼ੀਨਾਂ ਦੀ ਸਿਖਲਾਈ ਦਿੱਤੀ ਗਈ। ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ-ਕਮ-ਜ਼ਿਲਾ ਚੋਣ ਅਫ਼ਸਰ ਬਰਨਾਲਾ ਤੇਜ ਪ੍ਰਤਾਪ ਸਿੰਘ ਫੂਲਕਾ ਨੇ ਦੱਸਿਆ ਕਿ ਇਸ ਵਿਸ਼ੇਸ਼ ਸਿਖਲਾਈ ਸੈਸ਼ਨ ’ਚ ਹਲਕਾ ਪੱਧਰ ਦੇ ਮਾਸਟਰ ਟਰੇਨਰਾਂ ਤੇ ਸੁਪਰਵਾਈਜ਼ਰਾਂ ਨੂੰ ਈ.ਵੀ.ਐੱਮ. ਤੇ ਵੀ.ਵੀ.ਪੈਟ ਦੀ ਵਿਸਥਾਰ ਵਿਚ ਸਿਖਲਾਈ ਦੇਣ ਦੇ ਨਾਲ-ਨਾਲ ਉਨ੍ਹਾਂ ਨੂੰ ਲੋਕ ਸਭਾ ਚੋਣਾਂ ਸਹੀ ਢੰਗ ਨਾਲ ਨੇਪਰੇ ਚਾਡ਼੍ਹਨ ਲਈ ਚੋਣ ਕਮਿਸ਼ਨ ਦੀਆਂ ਹਦਾਇਤਾਂ ਤੇ ਦਿਸ਼ਾ-ਨਿਰਦੇਸ਼ਾਂ ਬਾਰੇ ਵੀ ਦੱਸਿਆ ਗਿਆ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਆਮ ਚੋਣਾਂ ਨੂੰ ਹੋਰ ਵੀ ਪਾਰਦਰਸ਼ੀ ਅਤੇ ਭਰੋਸੇਯੋਗ ਬਣਾਉਣ ਲਈ ਈ. ਵੀ. ਐੱਮ. ਦੇ ਨਾਲ ਵੀ.ਵੀ.ਪੈਟ ਦੀ ਵਰਤੋਂ ਕਰਵਾਈ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਵੀ.ਵੀ.ਪੈਟ (ਵੋਟਰ ਵੈਰੀਫਾਏਬਲ ਪੇਪਰ ਆਡਿਟ ਟ੍ਰੇਲ) ਇਕ ਅਜਿਹਾ ਸਿਸਟਮ ਹੈ, ਜਿਸ ਨਾਲ ਵੋਟਰ ਇਕ ਪਰਚੀ ਦੇ ਰੂਪ ਵਿਚ ਆਪਣੇ ਵੱਲੋਂ ਪਾਏ ਗਈ ਵੋਟ ਦੀ ਪੁਸ਼ਟੀ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਵੋਟਰ ਇਸ ਪਰਚੀ ਨੂੰ ਸਿਰਫ਼ ਸਕਰੀਨ ਅੰਦਰ ਦੇਖ ਹੀ ਸਕਦਾ ਹੈ ਅਤੇ ਕਿਸੇ ਵੀ ਤਰ੍ਹਾਂ ਪਰਚੀ ਤੱਕ ਪਹੁੰਚ ਨਹੀਂ ਕਰ ਸਕਦਾ ਅਤੇ ਪਰਚੀ ਦੇ ਡਰਾਪ ਬਾਕਸ ਵਿਚ ਡਿੱਗਣ ਤੋਂ ਬਾਅਦ ਬੀਪ ਦੀ ਆਵਾਜ਼ ਆਉਂਦੀ ਹੈ, ਜਿਸ ਨਾਲ ਵੋਟ ਪਾਉਣ ਦੀ ਪ੍ਰਕਿਰਿਆ ਪੂਰੀ ਹੋ ਜਾਂਦੀ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਵਧੇਰੇ ਜਾਣਕਾਰੀ ਭਾਰਤ ਚੋਣ ਕਮਿਸ਼ਨ ਦੀ ਵੈੱਬਸਾਈਟ ਤੋਂ ਵੀ ਲਈ ਜਾ ਸਕਦੀ ਹੈ। ਤੇਜ ਪ੍ਰਤਾਪ ਸਿੰਘ ਫੂਲਕਾ ਨੇ ਕਿਹਾ ਕਿ ਭਾਰਤ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰਿਕ ਦੇਸ਼ਾਂ ’ਚੋਂ ਇਕ ਹੈ ਅਤੇ ਇਸ ਦੀ ਮਜ਼ਬੂਤੀ ਲਈ ਸਮੁੱਚੀ ਚੋਣ ਪ੍ਰਕਿਰਿਆ ਨੂੰ ਨਿਰਪੱਖ ਰੂਪ ’ਚ ਨੇਪਰੇ ਚਾਡ਼੍ਹਿਆ ਜਾਵੇ ਅਤੇ ਆਮ ਲੋਕਾਂ ਨੂੰ ਵੀ ਆਪਣੀ ਵੋਟ ਦੇ ਅਧਿਕਾਰ ਬਾਰੇ ਜਾਗਰੂਕ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਵੋਟ ਬਣਾਉਣਾ ਤੇ ਉਸ ਦਾ ਸਹੀ ਇਸਤੇਮਾਲ ਕਰਨਾ ਹਰੇਕ ਜ਼ਿੰਮੇਵਾਰ ਨਾਗਰਿਕ ਦਾ ਫਰਜ਼ ਬਣਦਾ ਹੈ, ਜਿਸ ਲਈ ਸਾਰੇ ਨਾਗਰਿਕਾਂ ਨੂੰ ਦੇਸ਼ ਦੀ ਤਰੱਕੀ ਵਿਚ ਆਪਣਾ ਯੋਗਦਾਨ ਪਾਉਣ ਲਈ ਚੋਣ ਪ੍ਰਕਿਰਿਆ ਵਿਚ ਭਾਗ ਲੈਣਾ ਚਾਹੀਦਾ ਹੈ। ਇਸ ਸਮੇਂ ਹੋਰਨਾਂ ਤੋਂ ਇਲਾਵਾ ਵਧੀਕ ਡਿਪਟੀ ਕਮਿਸ਼ਨਰ ਮੈਡਮ ਰੂਹੀ ਦੁੱਗ, ਸਹਾਇਕ ਕਮਿਸ਼ਨਰ ਡਾ. ਕਰਮਜੀਤ ਸਿੰਘ, ਚੋਣ ਤਹਿਸੀਲਦਾਰ ਮੈਡਮ ਨਰੇਸ਼ ਕਿਰਨ, ਸੰਜੈ ਸਿੰਗਲਾ ਅਤੇ ਸਬੰਧਤ ਅਧਿਕਾਰੀ/ ਕਰਮਚਾਰੀ ਹਾਜ਼ਰ ਸਨ।
ਅੱਖਾਂ ਦੇ ਕੈਂਪ ’ਚ 500 ਮਰੀਜ਼ਾਂ ਦੀ ਜਾਂਚ
NEXT STORY