ਸੰਗਰੂਰ (ਵਿਵੇਕ ਸਿੰਧਵਾਨੀ)-ਜ਼ਿਲਾ ਚੋਣ ਅਫ਼ਸਰ ਘਨਸ਼ਿਆਮ ਥੋਰੀ ਦੇ ਦਿਸ਼ਾ-ਨਿਰਦੇਸ਼ਾਂ ਹੇਠ ਲੋਕ ਸਭਾ ਹਲਕਾ ਸੰਗਰੂਰ ’ਚ ਦਿਵਿਆਂਗ ਵੋਟਰਾਂ ਨੂੰ ਵੋਟ ਪਾਉਣ ਲਈ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਜ਼ਿਲਾ ਪੱਧਰੀ ਜਾਗਰੂਕਤਾ ਸਮਾਗਮ ਕਰਵਾਇਆ ਗਿਆ। ਜ਼ਿਲਾ ਪ੍ਰਬੰਧਕੀ ਕੰਪਲੈਕਸ ਦੇ ਆਡੀਟੋਰੀਅਮ ਹਾਲ ਵਿਖੇ ਆਯੋਜਿਤ ਸਮਾਰੋਹ ਦੌਰਾਨ ਵਧੀਕ ਜ਼ਿਲਾ ਚੋਣ ਅਫ਼ਸਰ ਸ਼੍ਰੀ ਸੁਭਾਸ਼ ਚੰਦਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਦਿਵਿਆਂਗ ਵੋਟਰਾਂ ਨੂੰ ਭਾਰਤੀ ਲੋਕਤੰਤਰ ਵਿਚ ਵੋਟ ਦੇ ਮਹੱਤਵ ਬਾਰੇ ਵਿਸਥਾਰ ਵਿਚ ਜਾਣੂ ਕਰਵਾਇਆ। ਆਗਾਮੀ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਜ਼ਿਲਾ ਚੋਣ ਅਫ਼ਸਰ ਦੀਆਂ ਹਦਾਇਤਾਂ ’ਤੇ ਜ਼ਿਲਾ ਸਮਾਜਕ ਸੁਰੱਖਿਆ ਵਿਭਾਗ ਵੱਲੋਂ ਦਿਵਿਆਂਗ (ਪੀ.ਡਬਲਿਊ.ਡੀ.) ਵੋਟਰਾਂ ਨੂੰ ਜਾਗਰੂਕ ਕਰਨ ਲਈ ਭਾਵੇਂ ਪਿਛਲੇ ਕਾਫੀ ਸਮੇਂ ਤੋਂ ਜਾਗਰੂਕਤਾ ਪ੍ਰੋਗਰਾਮ ਜਾਰੀ ਹਨ ਪਰ ਇਸ ਜ਼ਿਲਾ ਪੱਧਰੀ ਸਮਾਰੋਹ ’ਚ ਦਿਵਿਆਂਗ ਵੋਟਰਾਂ ਨੂੰ ਵੱਖ-ਵੱਖ ਸੁਵਿਧਾਵਾਂ ਬਾਰੇ ਵੀ ਜਾਣਕਾਰੀ ਦਿੱਤੀ ਗਈ। ਸ਼੍ਰੀ ਸੁਭਾਸ਼ ਚੰਦਰ ਦੁਆਰਾ ਦਿਵਿਆਂਗ ਵੋਟਰਾਂ ਨੂੰ ਵੋਟ ਦੀ ਅਹਿਮੀਅਤ ਸਮਝਾਉਂਦੇ ਹੋਏ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਲਾਜ਼ਮੀ ਤੌਰ ’ਤੇ ਕਰਨ ਲਈ ਪ੍ਰੇਰਿਆ। ਉਨ੍ਹਾਂ ਨੇ ਕਿਹਾ ਕਿ ਦਿਵਿਆਂਗ ਵੋਟਰਾਂ ਦੀ ਸੁਵਿਧਾ ਲਈ ਪੋਲਿੰਗ ਬੂਥ ’ਤੇ ਰੈਂਪ ਦੇ ਨਾਲ-ਨਾਲ ਵ੍ਹੀਲਚੇਅਰ ਦਾ ਪ੍ਰਬੰਧ ਕੀਤਾ ਜਾਵੇਗਾ ਤਾਂ ਕਿ ਕਿਸੇ ਕਿਸਮ ਦੀ ਕੋਈ ਪ੍ਰੇਸ਼ਾਨੀ ਨਾ ਹੋਵੇ। ਉਨ੍ਹਾਂ ਨੇ ਜ਼ਿਲੇ ਦੇ ਸਮੂਹ ਵੋਟਰਾਂ ਨੂੰ 19 ਮਈ ਨੂੰ ਹੋਣ ਵਾਲੀਆਂ ਲੋਕ ਸਭਾ ਚੋਣਾਂ ਲਈ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਦਿਵਿਆਂਗਜਨ ਦੀ ਵੋਟ ਫੀਸਦੀ ਉਮੀਦਵਾਰ ਦੀ ਚੋਣ ਲਈ ਕਾਫੀ ਮਹੱਤਤਾ ਰੱਖਦੀ ਹੈ। ਇਸ ਮੌਕੇ ਉਨ੍ਹਾਂ ਨੇ ਜ਼ਿਲਾ ਪ੍ਰਬੰਧਕੀ ਕੰਪਲੈਕਸ ਸੰਗਰੂਰ ਵਿਖੇ ਸਥਾਪਤ ਕੀਤੇ ਗਏ ਵੋਟਰ ਹੈਲਪਲਾਈਨ ਨੰਬਰ 1950 ਬਾਰੇ ਵੀ ਦੱਸਿਆ, ਜਿਸ ’ਤੇ ਕੋਈ ਵੀ ਵੋਟਰ ਆਪਣਾ ਸੁਝਾਅ ਜਾਂ ਸ਼ਿਕਾਇਤ ਦਰਜ ਕਰਵਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਬਾਰੇ ਵੀ ਸ਼ਿਕਾਇਤ ਦਰਜ ਕਰਵਾਈ ਜਾ ਸਕਦੀ ਹੈ, ਜਿਸ ਲਈ ਸੀ-ਵਿਜ਼ਲ ਅਤੇ ‘ਸੁਵਿਧਾ ਐਪ’ ਵੀ ਚੋਣ ਕਮਿਸ਼ਨ ਵੱਲੋਂ ਜਾਰੀ ਕੀਤੀਆਂ ਗਈਆਂ ਹਨ। ਇਸ ਮੌਕੇ ਜ਼ਿਲਾ ਸਮਾਜਕ ਸੁਰੱਖਿਆ ਅਫਸਰ ਸ਼੍ਰੀ ਸਤੀਸ਼ ਕਪੂਰ ਨੇ ਜ਼ਿਲੇ ’ਚ ਬਣਾਏ ‘ਆਈਕਨ’ ਬਾਰੇ ਜਾਣੂ ਕਰਵਾਇਆ ਜੋ ਕਿ ਪ੍ਰੋਗਰਾਮ ’ਚ ਹਾਜ਼ਰ ਸਨ। ਇਨ੍ਹਾਂ ‘ਆਈਕਨ’ ਵਿਚ ਸ਼੍ਰੀ ਸਤੀਸ਼ ਗੋਇਲ ਪ੍ਰਧਾਨ ਕੰਨਫੈੱਡਰੇਸ਼ਨ ਫਾਰ ਦੀ ਚੈਲੇਂਜਡ, ਸ਼੍ਰੀ ਵਿਵੇਕ ਚੌਧਰੀ, ਸ਼੍ਰੀ ਗੁਰਪ੍ਰੀਤ ਸਿੰਘ ਈ. ਟੀ. ਟੀ. ਅਧਿਆਪਕ ਆਦਮਪਾਲ ਅਤੇ ਸ਼੍ਰੀ ਵਰਿੰਦਰ ਜੈਨ ਸਮਾਜ ਸੇਵੀ ਸ਼ਾਮਲ ਸਨ, ਜੋ ਕਿ ਖੁਦ ਦਿਵਿਆਂਗ ਹੋਣ ਦੇ ਬਾਵਜੂਦ ਹੋਰਨਾਂ ਦੀ ਭਲਾਈ ਲਈ ਕਾਰਜਸ਼ੀਲ ਰਹਿੰਦੇ ਹਨ। ਇਸ ਮੌਕੇ ਰਾਕੇਸ਼ ਵਾਲੀਆ ਜ਼ਿਲਾ ਪ੍ਰੋਗਰਾਮ ਅਫ਼ਸਰ, ਨੋਡਲ ਅਧਿਕਾਰੀ ਪੰਕਜ ਡੋਗਰਾ ਤੇ ਜਸਵੀਰ ਸਿੰਘ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ। ਸਮਾਗਮ ਦੌਰਾਨ ਸਵੀਪ ਦੀਆਂ ਗਤੀਵਿਧੀਆਂ ਬਾਰੇ ਵੀ ਜਾਣਕਾਰੀ ਪ੍ਰਦਾਨ ਕੀਤੀ ਗਈ ਅਤੇ ਲੋਕ ਸਭਾ ਹਲਕਾ ’ਚ ਕਰਵਾਈਆਂ ਜਾ ਰਹੀਆਂ ਵੱਖ-ਵੱਖ ਸਰਗਰਮੀਆਂ ਦਾ ਵੇਰਵਾ ਦੱਸਿਆ। ਇਸ ਮੌਕੇ ਕੁਲਦੀਪ ਕੁਮਾਰ, ਰਾਜ ਕੁਮਾਰ ਅਰੋਡ਼ਾ ਨੇ ਵੀ ਵਿਚਾਰ ਪ੍ਰਗਟਾਏ। ਦਿਵਿਆਂਗ ਵੋਟਰਾਂ ਨੂੰ ਈ.ਵੀ.ਐੱਮ. ਅਤੇ ਵੀ.ਵੀ.ਪੈਟ ਦੀ ਵਰਤੋਂ ਬਾਰੇ ਤਕਨੀਕੀ ਜਾਣਕਾਰੀ ਸਹਾਇਕ ਨੋਡਲ ਅਧਿਕਾਰੀ ਸਿਧਾਰਥ ਸਿੰਘ ਵੱਲੋਂ ਪ੍ਰਦਾਨ ਕੀਤੀ ਗਈ।
ਜਮਹੂਰੀ ਕਿਸਾਨ ਸਭਾ ਵੱਲੋਂ ਕੇਂਦਰ ਤੇ ਰਾਜ ਸਰਕਾਰ ਦੀਆਂ ਲੋਕ-ਮਾਰੂ ਨੀਤੀਆਂ ਖਿਲਾਫ ਧਰਨਾ
NEXT STORY