ਸੰਗਰੂਰ (ਪ.ਪ.)-ਟਰਾਈਡੈਂਟ ਫੈਕਟਰੀ ਧੌਲਾ ਦੀ ਸਟੇਟ ਬੈਂਕ ਆਫ਼ ਇੰਡੀਆ ਦੀ ਬ੍ਰਾਂਚ ਦੀ ਪਿਛਲੀ ਰਾਤ ਚੋਰਾਂ ਵੱਲੋਂ ਤਾਲੇ ਤੋਡ਼ ਕੇ ਚੋਰੀ ਕਰਨ ਦੀ ਕੋਸ਼ਿਸ਼ ਕਰਨ ਦੀ ਖ਼ਬਰ ਮਿਲੀ ਹੈ। ਜਾਣਕਾਰੀ ਅਨੁਸਾਰ ਬਰਨਾਲਾ ਮਾਨਸਾ ਮੁੱਖ ਰੋਡ ’ਤੇ ਟਰਾਈਡੈਂਟ ਫੈਕਟਰੀ ਧੌਲਾ ਵਿਖੇ ਸਥਿਤ ਸਟੇਟ ਬੈਂਕ ਆਫ਼ ਇੰਡੀਆ ਦੀ ਬੈਂਕ ਬ੍ਰਾਂਚ ਦੇ ਪਿਛਲੀ ਰਾਤ ਤਾਲੇ ਤੇ ਗੇਟ ਨੂੰ ਲੱਗਿਆ ਸ਼ਟਰ ਤੋਡ਼ ਕੇ ਅਣਪਛਾਤੇ ਵਿਅਕਤੀ ਬੈਂਕ ਬ੍ਰਾਂਚ ਅੰਦਰ ਦਾਖਲ ਹੋਏ, ਜਿਨ੍ਹਾਂ ਨੇ ਬ੍ਰਾਂਚ ਦੇ ਸਾਰੇ ਕਮਰਿਆਂ ਤੇ ਬੈਂਕ ਦੇ ਸਾਮਾਨ ਦੀ ਫਰੋਲਾ-ਫਰਾਲੀ ਕੀਤੀ ਪਰ ਬ੍ਰਾਂਚ ’ਚੋਂ ਕੁਝ ਵੀ ਚੋਰੀ ਹੋਣ ਦੀ ਪੁਸ਼ਟੀ ਨਹੀਂ ਹੋਈ। ਸੰਪਰਕ ਕਰਨ ’ਤੇ ਬੈਂਕ ਬ੍ਰਾਂਚ ਮੈਨੇਜਰ ਮੋਨਿਕ ਸਿੰਗਲਾ ਨੇ ਦੱਸਿਆ ਕਿ ਅਣਪਛਾਤੇ ਵਿਅਕਤੀਆਂ ਨੇ ਪਿਛਲੀ ਰਾਤ ਬ੍ਰਾਂਚ ਦੇ ਮੁੱਖ ਗੇਟ ਨੂੰ ਲੱਗਿਆ ਸ਼ਟਰ ਅਤੇ ਤਾਲੇ ਤੋਡ਼ ਦਿੱਤੇ ਹਨ। ਅੰਦਰ ਦਾਖਲ ਹੋ ਕੇ ਅਣਪਛਾਤੇ ਵਿਅਕਤੀਆਂ ਵੱਲੋਂ ਭੰਨ-ਤੋਡ਼ ਕਰ ਕੇ ਰਕਮ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਗਈ। 25 ਅਗਸਤ 2014 ਨੂੰ ਵੀ ਅਣਪਛਾਤੇ ਵਿਅਕਤੀਆਂ ਨੇ ਉਕਤ ਬ੍ਰਾਂਚ ’ਚੋਂ ਕੰਪਿਊਟਰਾਂ ਦੀਆਂ ਐੱਲ. ਸੀਡੀਆਂ ਚੋਰੀ ਕੀਤੀਆਂ ਸਨ, ਜਿਸ ਸਬੰਧੀ ਉਸ ਸਮੇਂ ਪੁਲਸ ਥਾਣਾ ਤਪਾ ਨੂੰ ਸੂਚਨਾ ਦਿੱਤੀ ਗਈ ਸੀ। ਪੁਲਸ ਥਾਣਾ ਰੂਡ਼ੇਕੇ ਕਲਾਂ ਦੇ ਮੁੱਖ ਅਫ਼ਸਰ ਗਮਦੂਰ ਸਿੰਘ, ਸਹਾਇਕ ਥਾਣੇਦਾਰ ਬਲਦੇਵ ਸਿੰਘ ਨੇ ਪੁਲਸ ਪਾਰਟੀ ਸਮੇਤ ਬੈਂਕ ਬ੍ਰਾਂਚ ਪਹੁੰਚ ਕੇ ਮੌਕਾ ਦੇਖਿਆ। ਪੁਲਸ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਮਾਮਲਾ ਜਲਦ ਹੀ ਸੁਲਝਾ ਲਿਆ ਜਾਵੇਗਾ।
ਕਾਲਜਾਂ ਅੱਗੇ ਬੱਸਾਂ ਨਾ ਰੁਕਣ ’ਤੇ ਵਿਦਿਆਰਥੀਆਂ ਵੱਲੋਂ ਧਰਨਾ
NEXT STORY