ਕੌਹਰੀਆਂ (ਸ਼ਰਮਾ) : ਅਕਾਲੀ ਦਲ ਤੋਂ ਬਾਗੀ ਹੋਏ ਸੁਖਦੇਵ ਸਿੰਘ ਢੀਂਡਸਾ ਅਤੇ ਉਨ੍ਹਾਂ ਦੇ ਪੁੱਤਰ ਸਾਬਕਾ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਵੱਲੋਂ ਪਿੰਡ ਛਾਜਲੀ ਵਿਖੇ ਰੱਖੀ ਗਈ ਰੈਲੀ 'ਚ ਹਜ਼ਾਰਾਂ ਲੋਕਾਂ ਦੇ ਹੋਏ ਇਕੱਠ ਨੂੰ ਸੰਬੋਧਨ ਕਰਦੇ ਹੋਏ ਪਰਮਿੰਦਰ ਢੀਂਡਸਾ ਨੇ ਕਿਹਾ ਕਿ ਅਸੀਂ ਸਿਰਫ ਇੱਜ਼ਤ ਲਈ ਸਿਆਸਤ ਕਰਦੇ ਹਾਂ, ਸੱਤਾ ਲਈ ਨਹੀਂ ਕਿਉਂਕਿ ਸਾਨੂੰ ਪ੍ਰਮਾਤਮਾ ਨੇ ਤੁਹਾਡੇ ਰਾਹੀਂ ਬਹੁਤ ਇੱਜ਼ਤ ਬਖਸ਼ੀ ਹੈ, ਤੁਸੀਂ ਮੈਨੂੰ ਲਗਾਤਾਰ ਪੰਜ ਵਾਰ ਜਿਤਾਅ ਕੇ ਵਿਧਾਨ ਸਭਾ 'ਚ ਭੇਜਿਆ ਹੈ, ਜਿਸ ਕਾਰਣ ਮੈਂ ਦੋ ਵਾਰ ਮੰਤਰੀ ਬਣਿਆ ਹੋਰ ਇਸ ਤੋਂ ਜ਼ਿਆਦਾ ਮੈਨੂੰ ਕੀ ਚਾਹੀਦਾ ਹੈ। ਹੁਣ ਪਾਰਟੀ ਦੀ ਇੱਜ਼ਤ ਬਚਾਉਣ ਲਈ ਜੋ ਵੀ ਕਰਨਾ ਪਿਆ ਜ਼ਰੂਰ ਕਰਾਂਗੇ। ਢੀਂਡਸਾ ਪਰਿਵਾਰ ਨੇ ਜੋ ਅਕਾਲੀ ਦਲ ਨੂੰ ਉਸ ਦੇ ਪੁਰਾਣੇ ਸਿਧਾਂਤਾਂ 'ਤੇ ਲਿਆਉਣ ਲਈ ਲੜਾਈ ਸ਼ੁਰੂ ਕੀਤੀ ਹੈ, ਉਸ ਨੂੰ ਨਤੀਜੇ 'ਤੇ ਲੈ ਕੇ ਜਾਂਵਾਗੇ ਅਤੇ ਬਾਦਲ ਪਰਿਵਾਰ ਨਾਲ ਸਮਝੌਤਾ ਕਰ ਕੇ ਢੀਂਡਸਾ ਪਰਿਵਾਰ ਥੁੱਕ ਕੇ ਨਹੀਂ ਚੱਟੇਗਾ।
ਉਨ੍ਹਾਂ ਕਿਹਾ ਕਿ ਇਸ ਆਪ ਮੁਹਾਰੇ ਹੋਏ ਇਕੱਠ ਨੇ ਦੱਸ ਦਿੱਤਾ ਹੈ ਕਿ ਤੁਸੀਂ ਸੱਚ ਦਾ ਸਾਥ ਦੇਣ ਲਈ ਤਿਆਰ ਬੈਠੇ ਹੋ ਜਦੋਂਕਿ ਸੁਖਬੀਰ ਬਾਦਲ ਰੈਲੀ 'ਚ ਇਕੱਠ ਕਰਨ ਲਈ ਗੋਲਕ ਦੇ ਪੈਸੇ ਦੀ ਦੁਰਵਰਤੋਂ ਕਰ ਰਿਹਾ ਹੈ ਕਿਉਂਕਿ ਐੱਸ. ਜੀ. ਪੀ. ਸੀ. ਦਾ ਪ੍ਰਧਾਨ ਪਿੰਡਾਂ 'ਚ ਸੁਨੇਹੇ ਭੇਜ ਰਿਹਾ ਹੈ ਕਿ ਜੋ ਰੈਲੀ 'ਚ ਦੋ ਬੱਸਾਂ ਲੈ ਕੇ ਜਾਵੇਗਾ ਉਸ ਪਿੰਡ ਦੇ ਗੁਰੂ ਘਰ ਨੂੰ ਦੋ ਲੱਖ ਰੁਪਏ ਦਿੱਤੇ ਜਾਣਗੇ। ਉਨ੍ਹਾਂ ਕਿਹਾ ਕਿ ਜਦੋਂ ਸਿਰਫ ਮਕਸਦ ਹੀ ਸੱਤਾ ਦੇ ਲਾਲਚ ਤੱਕ ਸੀਮਿਤ ਹੋ ਜਾਵੇ ਤਾਂ ਪਾਰਟੀ ਕਮਜ਼ੋਰ ਹੋ ਜਾਂਦੀ ਹੈ, ਜਿਵੇਂ ਬਾਦਲ ਪਰਿਵਾਰ ਸਿਰਫ ਕੇਂਦਰ 'ਚ ਆਪਣੀ ਕੁਰਸੀ ਬਚਾਉਣ ਲਈ ਹੀ ਭਾਜਪਾ ਨੂੰ ਆਪੇ ਸਮਰਥਨ ਦੇਣ ਦੀ ਗੱਲ ਕਰ ਰਿਹਾ ਹੈ।
ਇਸ ਸਮੇਂ ਛਾਜਲੀ ਦੇ ਸਰਕਲ ਪ੍ਰਧਾਨ ਅਮਰੀਕ ਸਿੰਘ ਸੰਗਤੀਵਾਲਾ ਨੇ ਢੀਂਡਸਾ ਪਰਿਵਾਰ ਦੇ ਸਮਰਥਨ 'ਚ ਆਪਣੇ ਅਹੁਦੇ ਤੋਂ ਅਸਤੀਫਾ ਦੇਣ ਦਾ ਐਲਾਨ ਕੀਤਾ। ਇਸ ਮੌਕੇ ਜਥੇ. ਗੁਰਬਚਨ ਸਿੰਘ ਬਚੀ ਸਾਬਕਾ ਏ. ਐੱਮ., ਹਰਦੇਵ ਸਿੰਘ ਰੋਗਲਾ, ਪਿਰਤਪਾਲ ਸਿੰਘ ਹਾਂਡਾ ਸਾਬਕਾ ਸ਼ਹਿਰੀ ਜ਼ਿਲਾ ਪ੍ਰਧਾਨ ਆਦਿ ਤੋਂ ਇਲਾਵਾ ਸੰਗਤ ਹਾਜ਼ਰ ਸੀ।
ਦਿੱਲੀ 'ਚ 4 ਹਲਕਿਆਂ 'ਤੇ ਟਿਕਿਆ ਭਵਿੱਖ ਦਾ ਗੱਠਜੋੜ
NEXT STORY