ਜਲੰਧਰ (ਮਹੇਸ਼) : 2007 ਤੋਂ ਲੈ ਕੇ 2012 ਤੱਕ ਆਦਮਪੁਰ ਵਿਧਾਨ ਸਭਾ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਰਹੇ ਸਰਬਜੀਤ ਸਿੰਘ ਮੱਕੜ ਆਪਣੀ ਜਲੰਧਰ ਕੈਂਟ ਹਲਕੇ ਤੋਂ ਟਿਕਟ ਕੱਟੇ ਜਾਣ ’ਤੇ ਜਿਥੇ ਖੁਦ ਨਿਰਾਸ਼ ਹਨ, ਉਥੇ ਹੀ ਉਨ੍ਹਾਂ ਦੇ ਸਮਰਥਕਾਂ ਵਿਚ ਵੀ ਇਸ ਗੱਲ ਨੂੰ ਲੈ ਕੇ ਕਾਫੀ ਰੋਸ ਵੇਖਿਆ ਜਾ ਰਿਹਾ ਹੈ। ਇਹ ਵੀ ਕਿਹਾ ਜਾ ਰਿਹਾ ਹੈ ਕਿ ਜੇਕਰ ਮੱਕੜ ਪਾਰਟੀ ਲਈ ਕੀਤੇ ਫੈਸਲੇ ਨਾਲ ਨਾਰਾਜ਼ ਚੱਲਦੇ ਰਹੇ ਤਾਂ ਇਸ ਦਾ ਚੋਣਾਂ ਵਿਚ ਅਕਾਲੀ ਦਲ ਨੂੰ ਵੱਡਾ ਨੁਕਸਾਨ ਝੱਲਣਾ ਪੈ ਸਕਦਾ ਹੈ ਕਿਉਂਕਿ ਮੱਕੜ ਦਾ ਆਦਮਪੁਰ, ਕਪੂਰਥਲਾ, ਜਲੰਧਰ ਕੈਂਟ ਤੇ ਸੈਂਟਰਲ ਹਲਕਿਆਂ ਵਿਚ ਕਾਫੀ ਪ੍ਰਭਾਵ ਹੈ। ਆਦਮਪੁਰ ਵਿਚ ਸੀਟ ਜਨਰਲ ਹੋਣ ’ਤੇ ਉਹ 2 ਵਾਰ ਕਾਂਗਰਸ ਦੇ ਵਿਧਾਇਕ ਰਹੇ ਕੰਵਲਜੀਤ ਸਿੰਘ ਲਾਲੀ ਨੂੰ ਹਰਾ ਕੇ ਵਿਧਾਇਕ ਬਣੇ ਸਨ। ਉਸ ਤੋਂ ਬਾਅਦ ਆਦਮਪੁਰ ਸੀਟ ਸਾਲ 2012 ਦੀਆਂ ਚੋਣਾਂ ਵਿਚ ਐੱਸ. ਸੀ. ਕੋਟੇ ਵਿਚ ਚਲੇ ਜਾਣ ਕਾਰਨ ਉਨ੍ਹਾਂ ਨੂੰ ਕਪੂਰਥਲਾ ਸ਼ਿਫਟ ਕਰ ਦਿੱਤਾ ਗਿਆ, ਜਿਥੋਂ ਉਨ੍ਹਾਂ ਰਾਣਾ ਗੁਰਜੀਤ ਸਿੰਘ ਖ਼ਿਲਾਫ਼ ਚੋਣ ਲੜੀ। ਮੱਕੜ ਭਾਵੇਂ ਜਿੱਤ ਹਾਸਲ ਨਹੀਂ ਕਰ ਸਕੇ ਪਰ ਉਹ ਵੱਡੀ ਗਿਣਤੀ ਵਿਚ ਵੋਟਾਂ ਹਾਸਲ ਕਰਨ ਵਿਚ ਸਫਲ ਹੋ ਗਏ ਸਨ। ਸਾਲ 2017 ਦੀਆਂ ਚੋਣਾਂ ਵਿਚ ਉਨ੍ਹਾਂ ਨੂੰ ਜਲੰਧਰ ਕੈਂਟ ਹਲਕੇ ਵਿਚ ਭੇਜ ਦਿੱਤਾ ਗਿਆ। ਚੋਣਾਂ ਤੋਂ 3 ਮਹੀਨੇ ਪਹਿਲਾਂ ਕੈਂਟ ਆ ਕੇ ਉਨ੍ਹਾਂ ਸਖ਼ਤ ਮਿਹਨਤ ਕੀਤੀ ਅਤੇ 30 ਹਜ਼ਾਰ ਤੋਂ ਵੱਧ ਵੋਟਾਂ ਹਾਸਲ ਕਰਨ ਵਿਚ ਸਫਲ ਰਹੇ। ਸੈਂਟਰਲ ਹਲਕੇ ਵਿਚ ਉਨ੍ਹਾਂ ਦਾ ਕਾਰੋਬਾਰ ਹੋਣ ਕਾਰਨ ਉਹ ਲੋਕਾਂ ਵਿਚ ਆਪਣੀ ਵਿਸ਼ੇਸ਼ ਪਛਾਣ ਰੱਖਦੇ ਹਨ। ਆਦਮਪੁਰ ਤੋਂ ਜਦੋਂ ਪਵਨ ਕੁਮਾਰ ਟੀਨੂੰ ਨੇ ਚੋਣ ਲੜੀ ਸੀ ਤਾਂ ਮੱਕੜ ਨੇ ਉਨ੍ਹਾਂ ਦਾ ਚੋਣ ਮੈਦਾਨ ਵਿਚ ਜਾ ਕੇ ਸਾਥ ਦਿੱਤਾ ਸੀ ਅਤੇ ਆਪਣੇ ਸਮਰਥਕਾਂ ਨੂੰ ਉਨ੍ਹਾਂ ਨਾਲ ਚੱਲਣ ਲਈ ਵੀ ਕਿਹਾ ਸੀ। ਮੱਕੜ 2017 ਦੀਆਂ ਚੋਣਾਂ ਤੋਂ ਬਾਅਦ ਲਗਾਤਾਰ ਜਲੰਧਰ ਕੈਂਟ ਹਲਕੇ ਨਾਲ ਜੁੜੇ ਰਹੇ ਅਤੇ ਲੋਕਾਂ ਦੇ ਹੱਕਾਂ ਲਈ ਆਵਾਜ਼ ਉਠਾਉਂਦੇ ਰਹੇ। ਉਨ੍ਹਾਂ ਲੋਕਾਂ ਲਈ ਸੜਕਾਂ ’ਤੇ ਉਤਰ ਕੇ ਲੜਾਈ ਵੀ ਲੜੀ। ਉ ਹ ਹਰ ਕਿਸੇ ਦੇ ਦੁੱਖ-ਸੁੱਖ ਵਿਚ ਸ਼ਾਮਲ ਹੁੰਦੇ ਰਹੇ। ਅੱਜ ਵੀ ਉਹ ਕੈਂਟ ਹਲਕੇ ਦੇ ਵਰਕਰਾਂ ਨਾਲ ਪੂਰੀ ਤਰ੍ਹਾਂ ਜੁੜੇ ਹੋਏ ਹਨ।
ਇਹ ਵੀ ਪੜ੍ਹੋ : ਵਿਧਾਨ ਸਭਾ ਚੋਣਾਂ ਨੂੰ ਵੇਖਦਿਆਂ ਕਾਂਗਰਸ ’ਚ ਅਨੁਸ਼ਾਸਨ ਨੂੰ ਸਖਤੀ ਨਾਲ ਲਾਗੂ ਕਰੇਗਾ ਹਾਈਕਮਾਨ
ਮੱਕੜ ਵੱਲੋਂ ਸਾਢੇ 4 ਸਾਲ ਕੀਤੀ ਗਈ ਮਿਹਨਤ ਨੂੰ ਉਸ ਸਮੇਂ ਅਕਾਲੀ ਦਲ ਨੇ ਨਜ਼ਰਅੰਦਾਜ਼ ਕਰ ਦਿੱਤਾ, ਜਦੋਂ ਸ਼੍ਰੋਮਣੀ ਅਕਾਲੀ ਦਲ ਛੱਡਣ ਤੋਂ ਬਾਅਦ ਲਗਭਗ 10 ਸਾਲ ਕਾਂਗਰਸ ਵਿਚ ਰਹੇ ਸਾਬਕਾ ਵਿਧਾਇਕ ਜਗਬੀਰ ਸਿੰਘ ਬਰਾੜ ਨੂੰ ਅਕਾਲੀ ਦਲ ਵਿਚ ਸ਼ਾਮਲ ਕਰਨ ਤੋਂ ਤੁਰੰਤ ਬਾਅਦ ਉਨ੍ਹਾਂ ਨੂੰ ਜਲੰਧਰ ਕੈਂਟ ਹਲਕੇ ਦੀ ਕਮਾਨ ਸੌਂਪਦਿਆਂ ਅਕਾਲੀ-ਬਸਪਾ ਗੱਠਜੋੜ ਦਾ ਸਾਲ 2022 ਦੀਆਂ ਚੋਣਾਂ ਲਈ ਉਮੀਦਵਾਰ ਵੀ ਐਲਾਨ ਦਿੱਤਾ ਗਿਆ ਅਤੇ ਨਾਲ ਹੀ ਪਾਰਟੀ ਦਾ ਜਨਰਲ ਸਕੱਤਰ ਵੀ ਬਣਾਇਆ ਗਿਆ। ਮੱਕੜ ਦੇ ਸਮਰਥਕਾਂ ਵਿਚ ਇਸ ਗੱਲ ਨੂੰ ਲੈ ਕੇ ਗੁੱਸਾ ਹੋਰ ਵੀ ਵਧ ਗਿਆ ਕਿ ਪਾਰਟੀ ਨੇ ਬਰਾੜ ਨੂੰ ਅਕਾਲੀ ਦਲ ਵਿਚ ਸ਼ਾਮਲ ਕਰਨ ਅਤੇ ਕੈਂਟ ਹਲਕੇ ਤੋਂ ਟਿਕਟ ਦੇਣ ਸਮੇਂ ਉਨ੍ਹਾਂ (ਮੱਕੜ) ਨੂੰ ਆਪਣੇ ਭਰੋਸੇ ਵਿਚ ਵੀ ਨਹੀਂ ਲਿਆ, ਜਦੋਂ ਕਿ ਮੱਕੜ ਸ਼੍ਰੋਮਣੀ ਅਕਾਲੀ ਦਲ ਦੀ 35 ਸਾਲਾਂ ਤੋਂ ਸੇਵਾ ਕਰ ਰਹੇ ਹਨ ਅਤੇ ਪਾਰਟੀ ਦੇ ਟਕਸਾਲੀ ਆਗੂ ਹਨ। ਉਨ੍ਹਾਂ ਨੂੰ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਪਾਰਟੀ ਪ੍ਰਧਾਨ ਸੁਖਬੀਰ ਿਸੰਘ ਬਾਦਲ ਸਮੇਤ ਪੂਰੇ ਬਾਦਲ ਪਰਿਵਾਰ ਦਾ ਕਾਫੀ ਨਜ਼ਦੀਕੀ ਵੀ ਮੰਨਿਆ ਜਾਂਦਾ ਹੈ।
ਇਹ ਵੀ ਪੜ੍ਹੋ : ‘ਆਪ’ ਨੇ ਬੀ. ਏ. ਸੀ. ’ਚ ਅਗਲਾ ਇਜਲਾਸ ਘੱਟੋ- ਘੱਟ 15 ਦਿਨ ਕੀਤੇ ਜਾਣ ਦੀ ਦੁਹਰਾਈ ਮੰਗ
ਜਲੰਧਰ ਕੈਂਟ ਤੋਂ ਹੀ ਲੜਾਂਗਾ ਚੋਣ : ਮੱਕੜ
ਸਾਬਕਾ ਵਿਧਾਇਕ ਸਰਬਜੀਤ ਸਿੰਘ ਮੱਕੜ ਨੇ ਕਿਹਾ ਕਿ ਮੈਂ ਸਾਲ 2022 ਦੀਆਂ ਚੋਣਾਂ ਵਿਚ ਜਲੰਧਰ ਕੈਂਟ ਹਲਕੇ ਤੋਂ ਹੀ ਚੋਣ ਲੜਾਂਗਾ। ਮੱਕੜ ਨੇ ਕਿਹਾ ਕਿ ਉਨ੍ਹਾਂ ਨੂੰ ਪੂਰੀ ਉਮੀਦ ਹੈ ਕਿ ਪਾਰਟੀ ਆਪਣੇ ਗਲਤ ਲਏ ਫੈਸਲੇ ’ਤੇ ਮੁੜ-ਵਿਚਾਰ ਕਰਦਿਆਂ ਉਨ੍ਹਾਂ ਨੂੰ ਹੀ ਕੈਂਟ ਹਲਕੇ ਤੋਂ ਟਿਕਟ ਦੇਵੇਗੀ। ਉਨ੍ਹਾਂ ਕਿਹਾ ਕਿ ਉਹ ਜ਼ਮੀਨੀ ਪੱਧਰ ’ਤੇ ਵਰਕਰਾਂ ਨਾਲ ਜੁੜੇ ਹੋਏ ਹਨ। ਉਹ ਸਾਰੇ ਉਨ੍ਹਾਂ ਦੇ ਨਾਲ ਹਨ। ਉਨ੍ਹਾਂ ਦਾ ਵੀ ਇਹੀ ਕਹਿਣਾ ਹੈ ਕਿ ਉਹ ਕੈਂਟ ਤੋਂ ਹੀ ਚੋਣ ਲੜਨ, ਜਿੱਤ ਉਨ੍ਹਾਂ ਦੀ ਹੀ ਹੋਵੇਗੀ। ਉਨ੍ਹਾਂ ਕਿਹਾ ਕਿ ਉਹ ਅੱਜ ਵੀ ਹਲਕੇ ਵਿਚ ਪਹਿਲਾਂ ਵਾਂਗ ਜਾ ਰਹੇ ਹਨ। ਵਰਕਰ ਤੇ ਸਮਰਥਕ ਉਨ੍ਹਾਂ ਨੂੰ ਪਹਿਲਾਂ ਤੋਂ ਵੀ ਵੱਧ ਪਿਆਰ ਦੇ ਰਹੇ ਹਨ, ਇਸ ਲਈ ਉਹ ਭਵਿੱਖ ਦੇ ਆਪਣੇ ਫੈਸਲੇ ਉਨ੍ਹਾਂ ’ਤੇ ਛੱਡਦੇ ਹਨ।
ਪਾਰਟੀ ’ਚ ਰਹਿਣਗੇ ਜਾਂ ਨਹੀਂ?
ਮੱਕੜ ਨੇ ਕਿਹਾ ਕਿ ਉਹ ਸ਼੍ਰੋਮਣੀ ਅਕਾਲੀ ਦਲ ਦੇ ਵਫਾਦਾਰ ਸਿਪਾਹੀ ਹਨ। ਉਨ੍ਹਾਂ ਨਾਲ ਧੱਕੇਸ਼ਾਹੀ ਹੋਈ ਹੈ। ਪਾਰਟੀ ਨੇ ਉਨ੍ਹਾਂ ਨੂੰ ਕਾਫੀ ਠੇਸ ਪਹੁੰਚਾਈ ਹੈ ਪਰ ਅਜੇ ਤੱਕ ਉਨ੍ਹਾਂ ਅਕਾਲੀ ਦਲ ਨੂੰ ਛੱਡ ਕੇ ਕਿਸੇ ਹੋਰ ਪਾਰਟੀ ਵਿਚ ਜਾਣ ਦਾ ਮਨ ਨਹੀਂ ਬਣਾਇਆ। ਬਾਕੀ ਆਉਣ ਵਾਲਾ ਸਮਾਂ ਦੱਸੇਗਾ। ਉਨ੍ਹਾਂ ਕਿਹਾ ਕਿ ਪਾਰਟੀ ਨੂੰ ਜਲਦਬਾਜ਼ੀ ਵਿਚ ਗਲਤ ਫੈਸਲੇ ਲੈ ਕੇ ਆਪਣਾ ਨੁਕਸਾਨ ਨਹੀਂ ਕਰਨਾ ਚਾਹੀਦਾ। ਵੱਡੇ ਬਾਦਲ ਸਾਹਿਬ ਤੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਜਦੋਂ ਵੀ ਉਨ੍ਹਾਂ ਨੂੰ ਕੋਈ ਜ਼ਿੰਮੇਵਾਰੀ ਸੌਂਪੀ ਹੈ, ਨੂੰ ਉਨ੍ਹਾਂ ਪੂਰੀ ਇਮਾਨਦਾਰੀ ਨਾਲ ਨਿਭਾਇਆ ਹੈ।
ਇਹ ਵੀ ਪੜ੍ਹੋ : ‘ਭੇਦਭਾਵ ਦਾ ਵਿਰੋਧ ਕਰਨ ’ਤੇ ਹਿੰਦੂ ਦੁਕਾਨਦਾਰ ਦੀ ਕੁੱਟਮਾਰ ਕਰ ਕੇ ਹਵਾਲਾਤ ’ਚ ਕੀਤਾ ਬੰਦ’
ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ
'ਕੈਪਟਨ' ਨੇ ਲੰਚ ਬਹਾਨੇ ਮਾਝੇ ਦੇ ਦਿੱਗਜ ਕਾਂਗਰਸੀਆਂ ਨਾਲ ਕੀਤੀ ਮੁਲਾਕਾਤ
NEXT STORY