ਗੁਰਦਾਸਪੁਰ, (ਵਿਨੋਦ)- ਭੈਣੀ ਮੀਆਂ ਖਾਂ ਪੁਲਸ ਸਟੇਸ਼ਨ ਅਧੀਨ ਪਿੰਡ ਮੁੰਨਣ ਕਲਾਂ ਦੀ ਅਕਾਲੀ ਦਲ ਨਾਲ ਸਬੰਧਤ ਮਹਿਲਾ ਸਰਪੰਚ ਗੁਰਪ੍ਰੀਤ ਕੌਰ ਨੇ ਇਕ ਕਾਂਗਰਸੀ ਨੇਤਾ, ਪੁਲਸ ਸਟੇਸ਼ਨ ਕਾਹਨੂੰਵਾਨ, ਭੈਣੀ ਮੀਆਂ ਖਾਂ ਅਤੇ ਧਾਰੀਵਾਲ ਬੀਤੀ ਰਾਤ ਘਰ ਵਿਚ ਜਬਰੀ ਦਾਖ਼ਲ ਹੋ ਕੇ ਬਦਸਲੂਕੀ, ਧੱਕੇ ਮਾਰਨ, ਗਾਲੀ-ਗਲੋਚ ਕਰਨ ਸਮੇਤ ਉਨ੍ਹਾਂ ਦੇ ਡਰਾਈਵਰ ਨਾਲ ਕੁੱਟ-ਮਾਰ ਕਰਨ ਦੇ ਦੋਸ਼ ਲਾਏ।
ਮਹਿਲਾ ਸਰਪੰਚ ਗੁਰਪ੍ਰੀਤ ਕੌਰ ਦੇ ਡਰਾਈਵਰ ਲੱਕੀ ਨੇ ਦੱਸਿਆ ਕਿ ਉਹ ਗੁਰਦਾਸਪੁਰ ਤੋਂ ਕਿਸੇ ਰਿਸ਼ਤੇਦਾਰ ਨੂੰ ਰੋਟੀ ਦੇ ਕੇ ਘਰ ਵਾਪਸ ਜਾ ਰਿਹਾ ਸੀ ਕਿ ਜਦੋਂ ਉਹ ਪਿੰਡ ਮੁੰਨਣ ਕਲਾਂ ਵਿਚ ਹਰਪ੍ਰੀਤ ਕੌਰ ਦੇ ਘਰ ਅੱਗੇ ਖੜ੍ਹਾ ਸੀ ਤਾਂ ਇਕ ਕਾਂਗਰਸੀ ਨੇਤਾ ਅਤੇ ਤਿੰਨ ਪੁਲਸ ਸਟੇਸ਼ਨਾਂ ਦੀ ਪੁਲਸ ਨੇ ਉਸ ਨੂੰ ਗੱਡੀ ਹੇਠਾਂ ਉਤਰਦੇ ਹੀ ਘੇਰ ਲਿਆ ਅਤੇ ਕੰਵਲਪ੍ਰੀਤ ਸਿੰਘ ਕਾਕੀ ਤੇ ਹਰਪ੍ਰੀਤ ਸਿੰਘ ਬਾਰੇ ਪੁੱਛਣ ਲੱਗੇ। ਜਦੋਂ ਉਸ ਨੇ ਜਾਣਕਾਰੀ ਦੇਣ ਤੋਂ ਇਨਕਾਰ ਕਰ ਦਿੱਤਾ ਤਾਂ ਉਨ੍ਹਾਂ ਨੇ ਉਸ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ। ਉਸ ਦਾ ਰੌਲਾ ਸੁਣ ਕੇ ਲੋਕ ਮੌਕੇ 'ਤੇ ਇਕੱਠੇ ਹੋ ਗਏ।
ਸਰਪੰਚ ਗੁਰਪ੍ਰੀਤ ਕੌਰ ਨੇ ਦੱਸਿਆ ਕਿ ਇਸ ਦੌਰਾਨ ਪੁਲਸ ਅਤੇ ਕਾਂਗਰਸੀ ਨੇਤਾ ਉਨ੍ਹਾਂ ਦੇ ਘਰ ਆ ਗਏ ਅਤੇ ਕੰਵਲਪ੍ਰੀਤ ਸਿੰਘ ਕਾਕੀ ਤੇ ਹਰਪ੍ਰੀਤ ਸਿੰਘ ਬਾਰੇ ਪੁੱਛਗਿੱਛ ਕਰਨ ਲੱਗੇ। ਜਦੋਂ ਉਨ੍ਹਾਂ ਨੇ ਜਾਣਕਾਰੀ ਨਾ ਹੋਣ ਦੀ ਗੱਲ ਕੀਤੀ ਤਾਂ ਕਾਂਗਰਸੀ ਨੇਤਾ ਨੇ ਉਨ੍ਹਾਂ ਨੂੰ ਧੱਕੇ ਮਾਰੇ ਅਤੇ ਚੰਗੀ ਤਰ੍ਹਾਂ ਸਬਕ ਸਿਖਾਉਣ ਦੀ ਧਮਕੀ ਵੀ ਦਿੱਤੀ। ਉਨ੍ਹਾਂ ਕਿਹਾ ਕਿ ਪੁਲਸ ਲੱਕੀ ਨੂੰ ਉਸ ਦੀ ਇਨੋਵਾ ਗੱਡੀ ਸਮੇਤ ਲੈ ਕੇ ਚਲੀ ਗਈ। ਡਰਾਈਵਰ ਲੱਕੀ ਨੇ ਦੱਸਿਆ ਕਿ ਥਾਣਾ ਮੁਖੀ ਧਾਰੀਵਾਲ ਅਤੇ ਕਾਹਨੂੰਵਾਨ ਨੇ ਉਸ ਦੀ ਕੁੱਟ-ਮਾਰ ਕੀਤੀ ਅਤੇ ਕੰਵਲਪ੍ਰੀਤ ਸਿੰਘ ਕਾਕੀ ਬਾਰੇ ਪੁੱਛਦੇ ਰਹੇ ਅਤੇ ਬਾਅਦ ਵਿਚ ਰਾਤ 1.30 ਵਜੇ ਘਰ ਵਾਲਿਆਂ ਦੇ ਹਵਾਲੇ ਕਰ ਦਿੱਤਾ ਜਦਕਿ ਗੱਡੀ ਪੁਲਸ ਸਟੇਸ਼ਨ ਵਿਚ ਹੀ ਰੱਖ ਲਈ।
ਸਰਪੰਚ ਗੁਰਪ੍ਰੀਤ ਕੌਰ ਦੇ ਪਤੀ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਕਾਂਗਰਸੀ ਨੇਤਾ, ਉਨ੍ਹਾਂ ਨਾਲ ਨਿੱਜੀ ਰੰਜਿਸ਼ ਰੱਖਦੇ ਹਨ। ਉਨ੍ਹਾਂ ਵੱਲੋਂ 181 'ਤੇ ਇਸ ਘਟਨਾ ਬਾਰੇ ਜਾਣਕਾਰੀ ਦਿੱਤੀ ਗਈ। ਉਨ੍ਹਾਂ ਨੇ ਮਾਣਯੋਗ ਪੰਜਾਬ ਅਤੇ ਹਾਈਕੋਰਟ, ਹਿਊਮਨ ਰਾਈਟਸ ਕਮਿਸ਼ਨ ਪੰਜਾਬ ਤੇ ਡੀ. ਜੀ. ਪੀ. ਪੰਜਾਬ ਨੂੰ ਲਿਖਤੀ ਸ਼ਿਕਾਇਤ ਕੀਤੀ ਹੈ।
ਜਦੋਂ ਕਾਂਗਰਸੀ ਨੇਤਾ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਹ ਰਾਤ ਸਮੇਂ ਆਪਣੇ ਘਰ ਵਿਚ ਸੀ। ਉਨ੍ਹਾਂ ਕਿਹਾ ਕਿ ਵਿਜੀਲੈਂਸ ਦੇ ਬਿਆਨਾਂ ਦੇ ਆਧਾਰ 'ਤੇ ਕੰਵਲਪ੍ਰੀਤ ਸਿੰਘ ਕਾਕੀ ਤੇ ਉਨ੍ਹਾਂ ਦੇ ਸਾਥੀਆਂ 'ਤੇ ਨਾਜਾਇਜ਼ ਮਾਈਨਿੰਗ ਦਾ ਮਾਮਲਾ ਦਰਜ ਕਰਵਾਇਆ ਗਿਆ ਸੀ।
ਕੀ ਕਹਿਣਾ ਹੈ ਪੁਲਸ ਅਧਿਕਾਰੀਆਂ ਦਾ
ਇਸ ਸਬੰਧੀ ਜਦੋਂ ਪੁਲਸ ਸਟੇਸ਼ਨ ਪ੍ਰਮੁੱਖ ਸੁਰਿੰਦਰ ਪਾਲ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਰਾਤ ਸਮੇਂ ਰੁਟੀਨ ਵਿਚ ਗੱਡੀ ਜ਼ਰੂਰ ਚੈੱਕ ਕੀਤੀ ਸੀ ਪਰ ਉਹ ਕਿਸੇ ਦੇ ਘਰ ਵਿਚ ਨਹੀਂ ਗਏ। ਧਾਰੀਵਾਲ ਪੁਲਸ ਮੁਖੀ ਅਮਨਦੀਪ ਸਿੰਘ ਨੇ ਕਿਹਾ ਕਿ ਸਾਰੇ ਦੋਸ਼ ਬੇਬੁਨਿਆਦ ਹਨ ਅਤੇ ਇਸ ਮਾਮਲੇ ਵਿਚ ਮੇਰਾ ਕੋਈ ਲੈਣਾ-ਦੇਣਾ ਨਹੀਂ ਹੈ। ਪੁਲਸ ਸਟੇਸ਼ਨ ਭੈਣੀ ਮੀਆਂ ਖਾਂ ਦੇ ਮੁਖੀ ਦਾ ਕਹਿਣਾ ਹੈ ਕਿ ਕੰਵਲਪ੍ਰੀਤ ਸਿੰਘ ਕਾਕੀ ਦੇ ਮਾਈਨਿੰਗ ਦੇ ਦਰਜ ਮਾਮਲੇ ਵਿਚ ਪੁਲਸ ਉਸ ਦੀ ਤਲਾਸ਼ ਕਰ ਰਹੀ ਹੈ ਅਤੇ ਉਸ ਦੀ ਗ੍ਰਿਫ਼ਤਾਰੀ ਲਈ ਪੁਲਸ ਛਾਪੇਮਾਰੀ ਕਰ ਰਹੀ ਹੈ। ਸਰਪੰਚ ਗੁਰਪ੍ਰੀਤ ਕੌਰ ਦੇ ਪਰਿਵਾਰ ਵੱਲੋਂ ਲਾਏ ਜਾ ਰਹੇ ਦੋਸ਼ ਝੂਠੇ ਹਨ। ਉਨ੍ਹਾਂ ਕਿਹਾ ਕਿ ਕੰਵਲਪ੍ਰੀਤ ਸਿੰਘ ਕਾਕੀ ਕੇਸ ਤੋਂ ਇਨ੍ਹਾਂ ਲੋਕਾਂ ਦਾ ਕੋਈ ਸਬੰਧ ਨਹੀਂ ਹੈ। ਇਹ ਲੋਕ ਕੇਵਲ ਪੁਲਸ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।
ਮਜ਼ਦੂਰ ਦਿਵਸ 'ਤੇ ਵਿਸ਼ੇਸ਼, “ਜਿੱਥੇ ਮੇਰੇ ਵੀਰ ਦੀਆਂ ਤੱਤੀਆਂ ਤ੍ਰੇਲ਼ੀਆਂ ਦਾ ਚੱਪਾ ਟੁੱਕ ਮੁੱਲ ਨਾ ਪਵੇ”
NEXT STORY