ਖਨੌਰੀ(ਜ.ਬ.)—ਬੀਤੀ ਸ਼ਾਮ ਪਿੰਡ ਬਨਾਰਸੀ ਦੇ ਮੌਜੂਦਾ ਸਰਪੰਚ ਰਾਜਿੰਦਰ ਕੁਮਾਰ ਪੁੱਤਰ ਲੱਛਾ ਰਾਮ ਨੇ ਫਾਹਾ ਲੈ ਲਿਆ । ਸਰਪੰਚ ਦੇ ਪਰਿਵਾਰਕ ਮੈਂਬਰਾਂ ਅਤੇ ਪਿੰਡਾਂ ਦੇ ਦਲਿਤ ਭਾਈਚਾਰੇ ਦੇ ਲੋਕਾਂ ਵੱਲੋਂ ਦੋਸ਼ੀ ਦੀ ਗ੍ਰਿਫਤਾਰੀ ਦੀ ਮੰਗ ਨੂੰ ਲੈ ਕੇ ਦਿੱਲੀ-ਲੁਧਿਆਣਾ ਰਾਸ਼ਟਰੀ ਰਾਜ ਮਾਰਗ ਨੰਬਰ 71 'ਤੇ ਵਿਸ਼ਵਕਰਮਾ ਕਬਾੜ ਟਰੱਕ ਮਾਰਕੀਟ ਵਿਖੇ ਜਾਮ ਲਾ ਕੇ ਪੁਲਸ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਮ੍ਰਿਤਕ ਦੇ ਲੜਕੇ ਰਾਮਫਲ ਸਿੰਘ ਨੇ ਦੱਸਿਆ ਕਿ ਉਸ ਦੇ ਪਿਤਾ ਰਾਜਿੰਦਰ ਕੁਮਾਰ ਪਿੰਡ ਬਨਾਰਸੀ ਦੇ ਮੌਜੂਦਾ ਸਰਪੰਚ ਸਨ ਅਤੇ ਪਿੰਡ ਦੇ ਹੀ ਸੁਰਿੰਦਰ ਕੁਮਾਰ ਉਰਫ਼ ਬਬਲੀ ਪੁੱਤਰ ਜੱਗਾ ਰਾਮ ਵੱਲੋਂ 6 ਮਹੀਨਿਆਂ ਤੋਂ ਉਸ ਦੇ ਪਿਤਾ ਨੂੰ ਪਿੰਡ 'ਚ ਕਰਵਾਏ ਗਏ ਵਿਕਾਸ ਕਾਰਜਾਂ ਸਬੰਧੀ ਪ੍ਰੇਸ਼ਾਨ ਕੀਤਾ ਜਾ ਰਿਹਾ ਸੀ। ਉਹ ਵਿਕਾਸ ਕਾਰਜਾਂ 'ਤੇ ਹੋਏ ਖ਼ਰਚੇ ਦਾ ਹਿਸਾਬ ਲੈਣ ਲਈ ਉਨ੍ਹਾਂ ਨੂੰ ਤੰਗ-ਪ੍ਰੇਸ਼ਾਨ ਕਰਦਾ ਸੀ । ਉਸ ਨੇ ਦੱਸਿਆ ਕਿ ਉਨ੍ਹਾਂ ਕਈ ਵਾਰ ਸੁਰਿੰਦਰ ਕੁਮਾਰ ਦੇ ਘਰ ਜਾ ਕੇ ਪ੍ਰੇਸ਼ਾਨ ਨਾ ਕਰਨ ਦੀ ਬੇਨਤੀ ਕੀਤੀ ਸੀ ਪਰ ਉਹ ਨਹੀਂ ਮੰਨਿਆ ਸਗੋਂ ਉਸ ਦੇ ਪਿਤਾ ਖ਼ਿਲਾਫ ਵਿਜੀਲੈਂਸ ਵਿਭਾਗ ਸੰਗਰੂਰ ਵਿਖੇ ਜਾਂਚ ਸ਼ੁਰੂ ਕਰਵਾ ਦਿੱਤੀ, ਜਿਸ ਕਾਰਨ ਉਹ ਬਹੁਤ ਪ੍ਰੇਸ਼ਾਨ ਰਹਿੰਦੇ ਸਨ। ਉਸ ਨੇ ਦੱਸਿਆ ਕਿ ਪਿਛਲੇ ਹਫ਼ਤੇ ਉਸ ਦੇ ਪਿਤਾ ਵਿਜੀਲੈਂਸ ਵਿਭਾਗ ਸੰਗਰੂਰ ਵਿਖੇ ਪੇਸ਼ੀ ਭੁਗਤ ਕੇ ਆਏ ਸਨ ਅਤੇ ਉਸ ਦਿਨ ਤੋਂ ਉਹ ਬਹੁਤ ਪ੍ਰੇਸ਼ਾਨ ਸਨ । ਸੁਰਿੰਦਰ ਕੁਮਾਰ ਵੱਲੋਂ ਕਹੀਆਂ ਹੋਈਆਂ ਗੱਲਾਂ ਅਤੇ ਉਸ ਦੇ ਪਿਤਾ ਖ਼ਿਲਾਫ਼ ਚੱਲ ਰਹੀ ਜਾਂਚ ਕਾਰਨ ਉਹ ਦਿਮਾਗ਼ੀ ਤੌਰ 'ਤੇ ਪ੍ਰੇਸ਼ਾਨ ਰਹਿਣ ਲੱਗੇ ਸਨ ਅਤੇ ਇਸੇ ਦਿਮਾਗ਼ੀ ਪ੍ਰੇਸ਼ਾਨੀ ਕਾਰਨ ਉਨ੍ਹਾਂ ਨੇ ਖੇਤਾਂ ਵਿਚ ਜਾ ਕੇ ਦਰੱਖ਼ਤ ਨਾਲ ਫਾਹਾ ਲੈ ਲਿਆ।
2 ਘੰਟੇ ਰਹੀ ਆਵਾਜਾਈ ਠੱਪ
ਮੂਨਕ ਦੇ ਸਰਕਾਰੀ ਹਸਪਤਾਲ ਵਿਖੇ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਅਤੇ ਨਾਲ ਲਗਦੇ ਪਿੰਡਾਂ ਦੇ ਦਲਿਤ ਭਾਈਚਾਰੇ ਦੇ ਲੋਕਾਂ ਨੇ ਸਰਪੰਚ ਦੀ ਲਾਸ਼ ਨੂੰ ਸੜਕ 'ਤੇ ਰੱਖ ਕੇ 2 ਘੰਟੇ ਤੱਕ ਜਾਮ ਲਾਈ ਰੱਖਿਆ ਤੇ ਮੁਲਜ਼ਮ ਦੀ ਗ੍ਰਿਫ਼ਤਾਰੀ ਦੀ ਮੰਗ ਨੂੰ ਲੈ ਕੇ ਪੁਲਸ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।
ਡੀ. ਐੱਸ. ਪੀ. ਦੇ ਭਰੋਸੇ 'ਤੇ ਖੋਲ੍ਹਿਆ ਜਾਮ
ਡੀ. ਐੈੱਸ. ਪੀ. ਮੂਨਕ ਅਜੈਪਾਲ ਸਿੰਘ ਨੇ 24 ਘੰਟਿਆਂ ਅੰਦਰ ਮੁਲਜ਼ਮ ਨੂੰ ਗ੍ਰਿਫਤਾਰ ਕਰਨ ਦਾ ਭਰੋਸਾ ਦੇ ਕੇ ਜਾਮ ਖੁੱਲ੍ਹਵਾਇਆ।
ਮੁਲਜ਼ਮ 'ਤੇ ਕੇਸ ਦਰਜ
ਇਸ ਸਬੰਧੀ ਐੈੱਸ. ਐੈੱਚ. ਓ. ਖਨੌਰੀ ਇੰਸਪੈਕਟਰ ਹਰਜਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਲੜਕੇ ਦੇ ਬਿਆਨਾਂ 'ਤੇ ਸੁਰਿੰਦਰ ਕੁਮਾਰ ਉਰਫ਼ ਬਬਲੀ ਪੁੱਤਰ ਜੱਗਾ ਰਾਮ ਵਾਸੀ ਬਨਾਰਸੀ ਖ਼ਿਲਾਫ਼ ਮੁਕੱਦਮਾ ਦਰਜ ਕਰ ਲਿਆ ਹੈ ਅਤੇ ਦੋਸ਼ੀ ਦੀ ਭਾਲ ਕੀਤੀ ਜਾ ਰਹੀ ਹੈ।
ਕਰਜ਼ਾ ਮੁਆਫੀ ਦੇ ਵਾਅਦੇ ਤੋਂ ਮੁਕਰਨ ਕਾਰਨ ਅਮਰਿੰਦਰ ਸਰਕਾਰ ਬਰਖਾਸਤ ਹੋਵੇ
NEXT STORY