ਬਨੂੜ (ਗੁਰਪਾਲ) : ਬਨੂੜ ਤੋਂ ਲਾਂਡਰਾਂ ਨੂੰ ਜਾਂਦੇ ਬਾਬਾ ਬੰਦਾ ਸਿੰਘ ਬਹਾਦਰ ਮਾਰਗ ’ਤੇ ਬੀਤੀ ਰਾਤ ਇਕ ਸਕੂਲ ਦੀ ਬੱਸ ਅਤੇ ਘੋੜਾ ਟਰਾਲੇ ਦੀ ਆਹਮੋ-ਸਾਹਮਣੇ ਟੱਕਰ ਹੋ ਜਾਣ ’ਤੇ ਵਾਪਰੇ ਹਾਦਸੇ ’ਚ 3 ਬੱਚਿਆਂ ਸਮੇਤ 8 ਲੋਕਾਂ ਦੇ ਗੰਭੀਰ ਰੂਪ ’ਚ ਜ਼ਖਮੀ ਹੋਣ ਦਾ ਸਮਾਚਾਰ ਹੈ। ਜਾਣਕਾਰੀ ਅਨੁਸਾਰ ਬੀਤੀ ਰਾਤ ਕ੍ਰਿਸ਼ਚੀਅਨ ਭਾਈਚਾਰੇ ਦੇ ਲੋਕ ਹੋਲੀ ਫੈਮਿਲੀ ਸਕੂਲ ਨਾਭਾ ਦੀ ਇਕ ਬੱਸ ’ਚ ਸਵਾਰ ਹੋ ਕੇ ਮੋਹਾਲੀ ਦੇ ਫੇਸ-9 ’ਚ ਹੋਏ ਧਾਰਮਿਕ ਸਮਾਗਮ ਤੋਂ 10 ਕੁ ਵਜੇ ਵਾਪਸ ਆ ਰਹੇ ਸਨ। ਸਵਾਰੀਆਂ ਨਾਲ ਭਰੀ ਬੱਸ ਲਾਂਡਰਾਂ ਤੋਂ ਬਨੂੜ ਨੂੰ ਆਉਂਦੇ ਬਾਬਾ ਬੰਦਾ ਸਿੰਘ ਬਹਾਦਰ ਮਾਰਗ ’ਤੇ ਸਥਿਤ ਪਿੰਡ ਫੌਜੀ ਕਾਲੋਨੀ ਦੇ ਸਾਹਮਣੇ ਪੁੱਜੀ ਤਾਂ ਅਚਾਨਕ ਸਾਹਮਣੇ ਆ ਰਹੇ ਇਕ ਘੋੜਾ ਟਰਾਲਾ ਨਾਲ ਟੱਕਰ ਹੋ ਗਈ।
ਟੱਕਰ ਇੰਨੀ ਭਿਆਨਕ ਸੀ ਕਿ ਬੱਸ ’ਚ ਸਵਾਰ 3 ਬੱਚਿਆਂ ਸਮੇਤ 8 ਸਵਾਰੀਆਂ ਗੰਭੀਰ ਜ਼ਖਮੀ ਹੋ ਗਈਆਂ, ਜਿਨ੍ਹਾਂ ਨੂੰ ਰਾਹਗੀਰਾਂ ਵੱਲੋਂ ਇਲਾਜ ਲਈ ਵੱਖ-ਵੱਖ ਹਸਪਤਾਲਾਂ ’ਚ ਦਾਖਲ ਕਰਵਾਇਆ ਗਿਆ। ਹਾਦਸੇ ’ਚ ਸਕੂਲ ਬੱਸ ਅਤੇ ਘੋੜਾ ਟਰਾਲਾ ਪੂਰੀ ਤਰ੍ਹਾਂ ਨੁਕਸਾਨੇ ਗਏ। ਇਸ ਸਬੰਧੀ ਏ. ਐੱਸ. ਆਈ. ਬਲਜਿੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ ਹਾਦਸੇ ’ਚ ਬੱਸ ’ਚ ਸਵਾਰ ਜ਼ਖਮੀਆਂ ਦੀ ਪਛਾਣ ਰਾਜ ਪਤਨੀ ਸੁੱਚਾ ਸਿੰਘ ਵਾਸੀ ਮਨੌਲੀ ਸੂਰਤ, ਕੁਨਾਲ (7), ਆਹਿਲ (10), ਸਮਰ (12), ਸੁੱਚਾ ਸਿੰਘ (48) ਅਤੇ ਤਿੰਨ ਹੋਰ ਵਿਅਕਤੀ ਚੰਡੀਗੜ੍ਹ ਦੇ ਸੈਕਟਰ 16 ਦੇ ਹਸਪਤਾਲ ’ਚ ਇਲਾਜ ਅਧੀਨ ਹਨ। ਉਨ੍ਹਾਂ ਦੱਸਿਆ ਕਿ ਕ੍ਰਿਸ਼ਚੀਅਨ ਭਾਈਚਾਰੇ ਦੇ ਇਹ ਸਾਰੇ ਬਨੂੜ ਤੇ ਨੇੜਲੇ ਪਿੰਡਾਂ ਦੇ ਵਸਨੀਕ ਹਨ। ਜਾਂਚ ਅਧਿਕਾਰੀ ਨੇ ਦੱਸਿਆ ਕਿ ਜ਼ਖਮੀਆਂ ਦੇ ਬਿਆਨਾਂ ਦੇ ਆਧਾਰ ’ਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।
ਹਸਪਤਾਲ ਦੀ ਚੌਥੀ ਮੰਜ਼ਿਲ ਤੋਂ ਭੇਤਭਰੇ ਹਾਲਾਤ 'ਚ ਡਿੱਗਿਆ ਨੌਜਵਾਨ, ਮੌਤ
NEXT STORY