ਜਲਾਲਾਬਾਦ(ਮਿੱਕੀ) - ਸਰਕਾਰੀ ਸਕੂਲਾਂ ਅੰਦਰ ਸਿੱਖਿਆ ਪ੍ਰਣਾਲੀ ਨੂੰ ਬਿਹਤਰ ਬਣਾਉਣ ਲਈ ਵਿਭਾਗ ਵੱਲੋਂ ਸਮੇਂ-ਸਮੇਂ 'ਤੇ ਅਹਿਮ ਨਿਰਦੇਸ਼ ਜਾਰੀ ਕੀਤੇ ਜਾਂਦੇ ਹਨ ਤੇ ਇਸ ਤਹਿਤ ਹੀ ਦਫਤਰ ਡਾਇਰੈਕਟਰ ਐੱਸ. ਸੀ. ਈ. ਆਰ. ਟੀ. ਸਕੱਤਰ ਸਕੂਲ ਸਿੱਖਿਆ, ਪੰਜਾਬ ਵੱਲੋਂ ਸਮੂਹ ਜ਼ਿਲਾ ਸਿੱਖਿਆ ਅਫਸਰ (ਸੈ.ਸਿ./ਐ.ਸਿ.), ਪੰਜਾਬ ਤੇ ਰਾਜ ਦੇ ਸਮੂਹ ਸਕੂਲ ਮੁੱਖੀ ਨੂੰ ਪੱਤਰ ਜਾਰੀ ਕਰਦੇ ਹੋਏ ਸਕੂਲ ਪ੍ਰਬੰਧਾਂ ਨੂੰ ਬਿਹਤਰ ਬਣਾਉਣ ਸਬੰਧੀ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ।
ਪੱਤਰ 'ਚ ਜ਼ਿਕਰ ਕੀਤਾ ਗਿਆ ਹੈ ਕਿ ਵੱਖ-ਵੱਖ ਅਧਿਆਪਕ ਯੂਨੀਅਨਾਂ, ਸਕੂਲ ਮੁੱਖੀਆਂ, ਜ਼ਿਲਾ ਸਿੱਖਿਆ ਅਫਸਰਾਂ, ਡਾਈਟਸ ਤੇ ਆਮ ਜਨਤਾ ਵੱਲੋਂ ਪ੍ਰਾਪਤ ਹੋਈਆਂ ਸ਼ਿਕਾਇਤਾਂ, ਸੁਝਾਵਾਂ ਤੇ ਸਮੇਂ-ਸਮੇਂ 'ਤੇ ਮੀਡੀਆਂ 'ਚ ਛਪੀਆਂ ਖ਼ਬਰਾਂ ਦੇ ਮੱਦੇਨਜ਼ਰ ਵਿਭਾਗ ਵੱਲੋਂ ਫੈਸਲਾ ਕੀਤਾ ਗਿਆ ਹੈ ਕਿ ਸਕੂਲ ਮੁੱਖੀਆਂ ਦੀ ਅਗਵਾਈ ਲਈ ਹਦਾਇਤਾਂ ਜਾਰੀ ਕਰਨ ਦੀ ਸਖਤ ਲੋੜ ਹੈ। ਸਮੂਹ ਸਕੂਲ ਮੁੱਖੀਆਂ ਨੂੰ ਵੱਖ-ਵੱਖ ਮੁੱਦਿਆਂ 'ਤੇ ਜਾਰੀ ਹਦਾਇਤਾਂ ਅਨੁਸਾਰ ਤੁਰੰਤ ਕਾਰਵਾਈ ਯਕੀਨੀ ਬਣਾਉਣ ਦੇ ਹੁਕਮ ਹੋਏ ਹਨ।
ਸਕੂਲ ਮੁੱਖੀਆਂ ਦੁਆਰਾ ਕਲਾਸਾਂ ਲੈਣ ਬਾਰੇ
ਪੱਤਰ 'ਚ ਦੱਸਿਆ ਗਿਆ ਹੈ ਕਿ ਆਮ ਵੇਖਣ 'ਚ ਆਇਆ ਹੈ ਕਿ ਸਕੂਲ ਮੁੱਖੀ ਭਾਵੇਂ ਕਿ ਉਹ ਮੁੱਖ ਅਧਿਆਪਕ ਜਾਂ ਪ੍ਰਿੰਸੀਪਲ ਹੋਣ, ਵੱਲੋਂ ਆਮ ਤੌਰ 'ਤੇ ਕਲਾਸਾਂ ਨਹੀਂ ਲਈਆਂ ਜਾਂਦੀਆਂ, ਜਦੋਂ ਕਿ ਸਰਕਾਰੀ ਨਿਯਮਾਂ ਅਨੁਸਾਰ ਸਕੂਲ ਮੁੱਖੀ ਦੁਆਰਾ ਖੁਦ ਕਲਾਸਾਂ ਲੈਣੀਆਂ ਲਾਜ਼ਮੀ ਹਨ। ਸਬੰਧਤ ਸਕੂਲ ਮੁੱਖੀਆਂ ਨੂੰ ਹਦਾਇਤ ਕੀਤੀ ਜਾਂਦੀ ਹੈ ਕਿ ਉਹ ਉਸ ਵਿਸ਼ੇ ਦੇ ਪੀਰੀਅਡ ਲੈਣਗੇ, ਜਿਸ ਵਿਸ਼ੇ ਤੋਂ ਉਹ ਅਹੁਦਾ ਉਨਤ ਹੋਏ ਹਨ ਅਤੇ ਇਹ ਵੀ ਯਕੀਨੀ ਬਣਾਉਣਗੇ ਕਿ ਉਹ ਉਸ ਵਿਸ਼ੇ ਦੀਆਂ ਬੋਰਡ ਦੀਆਂ ਕਲਾਸਾਂ ਵੀ ਖੁਦ ਲੈਣਗੇ ਤੇ ਬੋਰਡ ਦੀ ਕਲਾਸ 'ਚ ਆਏ ਨਤੀਜੇ ਆਪਣੀ ਸਾਲਾਨਾ ਗੁਪਤ ਰਿਪੋਰਟ 'ਚ ਦਰਜ ਕਰਨਗੇ।
ਹਾਜ਼ਰੀ ਰਜਿਸਟਰ ਮੇਨਟੇਨ ਕਰਨ ਬਾਰੇ
ਪੱਤਰ ਅਨੁਸਾਰ ਸਕੂਲ ਮੁੱਖੀਆਂ ਵੱਲੋਂ ਬਾਕੀ ਸਟਾਫ ਵਾਂਗ ਆਪਣੀ ਖੁਦ ਦੀ ਹਾਜ਼ਰੀ, ਹਾਜ਼ਰੀ ਰਜਿਸਟਰ 'ਚ ਨਹੀਂ ਲਗਾਈ ਜਾਂਦੀ। ਇਹ ਸਰਕਾਰੀ ਨਿਯਮਾਂ ਦੀ ਉਲੰਘਣਾ ਹੈ ਤੇ ਇਹ ਮਹਿਸੂਸ ਕੀਤਾ ਜਾਂਦਾ ਹੈ ਕਿ ਸਰਕਾਰੀ ਨਿਯਮਾਂ ਅਧੀਨ ਸਕੂਲ ਮੁੱਖੀਆਂ ਵੱਲੋਂ ਅਧਿਆਪਕਾਂ ਤੋਂ ਵੱਖਰੇ ਨਵੇਂ ਨਿਯਮ/ਕਾਨੂੰਨ ਬਣਾਉਣਾ ਵਾਜਬ ਨਹੀਂ ਹੈ। ਸਬੰਧਤ ਸਕੂਲ ਮੁੱਖੀਆਂ ਨੂੰ ਹਦਾਇਤ ਕੀਤੀ ਜਾਂਦੀ ਹੈ ਕਿ ਆਪਣੇ ਸਕੂਲ 'ਚ ਆਉਣ ਤੇ ਜਾਣ ਦਾ ਸਮਾਂ ਬਾਕੀ ਸਟਾਫ ਵਾਂਗ ਹੀ ਹਾਜ਼ਰੀ ਰਜਿਸਟਰ 'ਚ ਦਰਜ ਕਰਨਾ ਯਕੀਨੀ ਬਣਾਉਣ।
ਜਾਰੀ ਕੀਤੀਆਂ ਹੋਰ ਜ਼ਰੂਰੀ ਹਦਾਇਤਾਂ
ਇਸ ਤੋਂ ਇਲਾਵਾ ਸਕੂਲਾਂ 'ਚ ਬਿਜਲੀ ਦੀ ਫਜ਼ੂਲ ਖਰਚੀ, ਦਫਤਰੀ ਕੰਮ ਕਲਰਕ ਦੁਆਰਾ ਕਰਨ ਬਾਰੇ, ਸੇਵਾ ਪੱਤਰੀ ਤੇ ਦੂਜਾ ਰਿਕਾਰਡ ਭੇਜਣ ਬਾਰੇ, ਵਿਦਿਆਰਥੀਆਂ ਨੂੰ ਸਕੂਲ ਲੀਵਿੰਗ ਸਰਟੀਫਿਕੇਟ ਜਾਰੀ ਕਰਨ ਬਾਰੇ, ਅਧਿਆਪਕਾਂ ਦੇ ਆਨ ਡਿਊਟੀ ਹੋਣ ਬਾਰੇ, ਪਾਖਾਨਿਆਂ ਦੀ ਸਾਫ-ਸਫਾਈ ਬਾਰੇ, ਮਿਡ-ਡੇ-ਮੀਲ ਰਜਿਸਟਰ-ਕਮ-ਕੈਸ਼ ਬੁੱਕ ਦੀ ਮੈਂਟੀਨੈਂਸ ਬਾਰੇ, ਮਿੱਡ-ਡੇ-ਮੀਲ ਦਾ ਖ਼ਾਤਾ ਖੁਲਵਾਉਣ ਬਾਰੇ, ਮਿੱਡ-ਡੇ-ਮੀਲ ਦੇ ਸਬੰਧ 'ਚ ਅਧਿਆਪਕਾਂ ਦੀ ਡਿਊਟੀ ਬਾਰੇ, ਅਧਿਆਪਕਾਂ ਦੁਆਰਾ ਲਈਆਂ ਜਾਣ ਵਾਲੀਆਂ ਛੁੱਟੀਆਂ ਬਾਰੇ, ਸਕੂਲ 'ਚ ਪੀਰੀਅਡਾਂ ਦੀ ਵੰਡ ਠੀਕ ਢੰਗ ਨਾਲ ਕਰਨ ਬਾਰੇ, ਸਕੂਲ ਮੁੱਖੀਆਂ ਵੱਲੋਂ ਆਪਣੇ ਪੱਧਰ 'ਤੇ ਕੀਤੀ ਜਾਣ ਵਾਲੀਆਂ ਗਤੀਵਿਧੀਆਂ ਬਾਰੇ, ਵਿਦਿਆਰਥੀਆਂ ਦੇ ਦਾਖਲੇ ਬਾਰੇ, ਕਲਾਸਾਂ 'ਚ ਅਧਿਆਪਕਾਂ ਦੁਆਰਾ ਮੋਬਾਇਲ ਦੀ ਵਰਤੋਂ ਕਰਨ ਬਾਰੇ, ਸਕੂਲ 'ਚ ਵੱਖ-ਵੱਖ ਹਾਜ਼ਰੀ ਰਜਿਸਟਰ ਨਾ ਲਗਾਉਣ ਬਾਰੇ, ਸਕੂਲ ਸਟਾਫ ਦੁਆਰਾ ਲਈਆਂ ਜਾਣ ਵਾਲੀਆਂ ਛੁੱਟੀਆਂ ਨੂੰ ਰਜਿਸਟਰ 'ਚ ਦਰਜ ਕਰਨ ਬਾਰੇ, ਆਰ. ਟੀ. ਆਈ. ਐਕਟ ਤਹਿਤ ਪਬਲਿਕ ਇੰਫੋਰਮੇਸ਼ਨ ਅਫਸਰ ਨਿਯੁਕਤ ਕਰਨ ਬਾਰੇ, ਵਿਭਾਗ ਦੀ ਵੈਬਸਾਈਟ ਤੋਂ ਪੱਤਰ ਡਾਊਨਲੋਡ ਕਰਨ ਬਾਰੇ, ਸਵੇਰ ਦੀ ਸਭਾ ਦੌਰਾਨ ਸਕੂਲ ਮੁੱਖੀਆਂ ਦੁਆਰਾ ਸੰਬੋਧਤ ਕਰਨਾ, ਮਿਡਲ ਸਕੂਲਾਂ 'ਚ ਕੰਪਿਊਟਰ ਸਿੱਖਿਆ ਆਦਿ ਬਾਰੇ ਵੀ ਹਦਾਇਤਾਂ ਜਾਰੀ ਹੋਈਆਂ ਹਨ।
ਖਾਕੀ ਮੁੜ ਦਾਗਦਾਰ : ਡਾਕਟਰ ਨੂੰ ਫਸਾਉਣ ਗਏ ਪੁਲਸ ਮੁਲਾਜ਼ਮ ਨੂੰ ਲੋਕਾਂ ਨੇ ਕੁਝ ਇਸ ਤਰ੍ਹਾਂ ਪਾਈਆਂ ਭਾਜੜਾ (ਵੀਡੀਓ)
NEXT STORY