ਮੋਰਿੰਡਾ, (ਧੀਮਾਨ)- ਬੇਸ਼ੱਕ ਜ਼ਿਲਾ ਪ੍ਰਸ਼ਾਸਨ ਵਲੋਂ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਤਰ੍ਹਾਂ-ਤਰ੍ਹਾਂ ਦੇ ਸਮਾਗਮ, ਸੈਮੀਨਾਰ ਤੇ ਕੈਂਪਾਂ ਆਦਿ ਰਾਹੀਂ ਲੋਕਾਂ ਨੂੰ ਆਪਣੇ ਆਲੇ-ਦੁਆਲੇ ਦੀ ਸਾਫ-ਸਫਾਈ ਰੱਖਣ ਲਈ ਜਾਗਰੂਕ ਕੀਤਾ ਜਾਂਦਾ ਹੈ ਤੇ ਨਗਰ ਕੌਂਸਲਾਂ ਨੂੰ ਨਾਲੇ-ਨਾਲੀਆਂ ਤੇ ਸੀਵਰੇਜ ਆਦਿ ਦੀ ਸਫਾਈ ਸਬੰਧੀ ਵਿਸ਼ੇਸ਼ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਪਰ ਸ਼ਹਿਰ ਵਿਚ ਕੁਝ ਅਜਿਹੇ ਇਲਾਕੇ ਵੀ ਹਨ, ਜਿਥੇ ਲੋਕਾਂ ਨੂੰ ਸੀਵਰੇਜ ਦੇ ਗਟਰਾਂ ਆਦਿ ਤਕ ਦੀ ਸਫਾਈ ਆਪ ਕਰਨੀ ਪੈ ਰਹੀ ਹੈ।
ਇਸ ਸਬੰਧੀ ਬੱਸ ਸਟੈਂਡ ਦੇ ਪਿੱਛੇ ਮਿਊਂਸੀਪਲ ਪਾਰਕ ਦੇ ਨਾਲ ਸਡ਼ਕ ’ਤੇ ਸੀਵਰੇਜ ਦੇ ਗਟਰ ਦੀ ਸਫਾਈ ਕਰਦੇ ਸ਼ੇਖਰ, ਵਿਜੇ, ਸ਼ੁਭਮ, ਲਖਵੀਰ, ਕਾਲਾ, ਪੀਟਰ, ਰਸੀਦ, ਕਬੀਰ ਤੇ ਰਾਜਨ ਆਦਿ ਨੇ ਕਿਹਾ ਕਿ ਉਹ ਬੱਸ ਅੱਡੇ ਦੇ ਪਿੱਛੇ ਰਹਿੰਦੇ ਹਨ। ਉਨ੍ਹਾਂ ਦੇ ਘਰਾਂ ਵਿਚ ਪਾਣੀ ਅਕਸਰ ਖਡ਼੍ਹਾ ਰਹਿੰਦਾ ਹੈ। ਉਨ੍ਹਾਂ ਦੇ ਮੁਹੱਲੇ ਦੇ ਘਰਾਂ ਦੀ ਗੰਦੇ ਪਾਣੀ ਦੀ ਨਿਕਾਸੀ ਦੇ ਪੁਖਤਾ ਪ੍ਰਬੰਧ ਨਾ ਹੋਣ ਕਾਰਨ ਥੋਡ਼੍ਹੀ ਜਿਹੀ ਬਾਰਿਸ਼ ਨਾਲ ਹੀ ਘਰਾਂ ’ਚ ਪਾਣੀ ਜਮ੍ਹਾ ਹੋ ਜਾਂਦਾ ਹੈ। ਉਨ੍ਹਾਂ ਕਿਹਾ ਕਿ ਉਹ ਨਗਰ ਕੌਂਸਲ ਵਿਖੇ ਜਾ ਕੇ ਅਨੇਕਾਂ ਵਾਰ ਗੰਦੇ ਪਾਣੀ ਦੀ ਨਿਕਾਸੀ ਦੀ ਮੰਗ ਕਰ ਚੁੱਕੇ ਹਨ ਪਰ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ।
ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਬੱਦਲ ਆਉਂਦਿਆਂ ਚਿੰਤਾ ਸਤਾਉਣ ਲਗਦੀ ਹੈ ਕਿ ਹੁਣ ਫਿਰ ਉਨ੍ਹਾਂ ਦੇ ਘਰਾਂ ਵਿਚ ਪਾਣੀ ਵਡ਼ ਜਾਏਗਾ। ਇਸੇ ਬਸਤੀ ਦੀ ਅੌਰਤ ਸੋਨੂੰ ਨੇ ਕਿਹਾ ਕਿ ਉਨ੍ਹਾਂ ਦੇ ਘਰ ’ਚ ਤੇ ਗਲੀ ਵਿਚ ਗੰਦਾ ਪਾਣੀ ਖਡ਼੍ਹਾ ਰਹਿੰਦਾ ਹੈ। ਉਸ ਨੇ ਤੇ ਮੁਹੱਲੇ ਦੀਆਂ ਦੂਸਰੀਆਂ ਅੌਰਤਾਂ ਨੇ ਕਿਹਾ ਕਿ ਉਨ੍ਹਾਂ ਦੀ ਬਸਤੀ ਵਿਚ ਕੈਂਪ ਲਾਉਣ ਵਾਲੇ ਤਾਂ ਬਥੇਰੇ ਆ ਜਾਂਦੇ ਹਨ ਪਰ ਉਨ੍ਹਾਂ ਦੀਆਂ ਸਮੱਸਿਆਵਾਂ ਦੇ ਹੱਲ ਸਬੰਧੀ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ, ਜਿਸ ਕਾਰਨ ਇਥੇ ਖਡ਼੍ਹਦੇ ਗੰਦੇ ਪਾਣੀ ’ਚ ਪੈਦਾ ਹੋ ਰਹੇ ਮੱਛਰਾਂ ਕਾਰਨ ਉਨ੍ਹਾਂ ਲਈ ਇਥੇ ਰਹਿਣਾ ਤਕ ਦੁੱਭਰ ਹੋ ਰਿਹਾ ਹੈ ਤੇ ਬੀਮਾਰੀਆਂ ਫੈਲਣ ਦਾ ਖਤਰਾ ਬਣਿਆ ਰਹਿੰਦਾ ਹੈ। ਉਨ੍ਹਾਂ ਮੰਗ ਕੀਤੀ ਕਿ ਬੱਸ ਸਟੈਂਡ ਦੇ ਪਿੱਛੇ ਵਾਲੇ ਇਲਾਕੇ ਵਿਚ ਗੰਦੇ ਪਾਣੀ ਦੀ ਨਿਕਾਸੀ ਦੇ ਢੁਕਵੇਂ ਪ੍ਰਬੰਧ ਕੀਤੇ ਜਾਣ ਤੇ ਸੀਵਰੇਜ ਦੀ ਸਫਾਈ ਕਰਵਾਈ ਜਾਵੇ।
ਇਸ ਸਬੰਧੀ ਕਾਰਜ ਸਾਧਕ ਅਫਸਰ ਰਾਜੇਸ਼ ਸ਼ਰਮਾ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਉਨ੍ਹਾਂ ਫੋਨ ਨਹੀਂ ਚੁੱਕਿਆ।
ਨਸ਼ਿਆਂ ਨੂੰ ਛੱਡਣਾ ਮੁਸ਼ਕਲ ਜ਼ਰੂਰ ਪਰ ਅਸੰਭਵ ਨਹੀਂ
NEXT STORY